34 C
Delhi
Friday, April 19, 2024
spot_img
spot_img

ਕਿਸਾਨ ਮੋਰਚਿਆਂ ‘ਚ ਗ਼ਦਰੀ ਕਰਤਾਰ ਸਿੰਘ ਸਰਾਭਾ ਅਤੇ ਛੇ ਸਾਥੀਆਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ

ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 16 ਨਵੰਬਰ, 2021 :
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਲਾਏ ਪੱਕੇ-ਧਰਨੇ ਅੱਜ 412ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ।

ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਅੱਜ ਦੇ ਸੰਨ 1915 ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਛੇ ਸਾਥੀਆਂ ਨੂੰ ਪਹਿਲੇ ਲਾਹੌਰ ਸਾਜਿਸ਼ ਕੇਸ ਵਿੱਚ ਬਰਤਾਨਵੀ ਸਰਕਾਰ ਨੇ ਫਾਂਸੀ ਦੇ ਤਖਤੇ ‘ਤੇ ਲਟਕਾ ਦਿੱਤਾ ਸੀ। ਗਦਰ ਪਾਰਟੀ ਦੇ ਬਾਨੀ ਸੋਹਨ ਸਿੰਘ ਭਕਨਾ ਤੋਂ ‘ਬਾਲਾ ਜਰਨੈਲ’ ਦਾ ਖਿਤਾਬ ਹਾਸਲ ਕਰਨ ਵਾਲੇ ਕਰਤਾਰ ਸਿੰਘ ਸਰਾਭਾ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਅਜ਼ੀਮ ਇਨਕਲਾਬੀ ਕਾਰਨਾਮੇ ਅੰਜਾਮ ਦਿੱਤੇ। ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਨੇ ਭਾਰਤ ਵਾਸੀਆਂ ਨੂੰ ਆਜਾਦੀ ਦੀ ਜਿਹੜੀ ਚਿਣਗ ਲਾਈ, ਆਖਰ ਉਸੇ ਚਿਣਗ ਨੇ ਭਾਬੜ ਦਾ ਰੂਪ ਧਾਰ ਕੇ ਅੰਗਰੇਜਾਂ ਨੂੰ ਮੁਲਕ ਛੱਡਣ ਲਈ ਮਜਬੂਰ ਕਰ ਦਿੱਤਾ।

ਅੱਜ ਬੁਲਾਰਿਆਂ ਨੇ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣੇ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।

ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਭਲਕੇ 17 ਨਵੰਬਰ ਨੂੰ ਵੀ ਸਰਾਭਾ (ਲੁਧਿਆਣਾ) ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਕਿਸਾਨ ਪਹੁੰਚਣਗੇ ਅਤੇ ਸ਼ਰਧਾਂਜਲੀਆਂ ਭੇਂਟ ਕਰਨਗੇ।

ਧਰਨਿਆਂ ‘ਚ ਅੱਜ ਬੁਲਾਰਿਆਂ ਨੇ ਚਿਤਾਰਿਆ ਕਿ ਸੁਪਰੀਮ ਕੋਰਟ ਨੇ ਪਰਾਲੀ ਕਾਰਨ ਹੋਣ ਵਾਲੇ ਪ੍ਰਦੂਸ਼ਨ ਬਾਰੇ ਇੱਕੋ ਹਫਤੇ ਦੌਰਾਨ ਦੋ ਵਾਰ ਸਾਰਥਿਕ ਟਿੱਪਣੀਆਂ ਕੀਤੀਆਂ ਹਨ। ਬੀਤੇ ਕੱਲ੍ਹ ਸੁਪਰੀਮ ਕੋਰਟ ਨੇ ਕਿਹਾ ਕਿ ਪਰਾਲੀ ਕਾਰਨ ਹੋਣ ਵਾਲਾ ਪ੍ਰਦੂਸ਼ਨ ਮਹਿਜ਼ 10 ਫੀ ਸਦੀ ਹੀ ਹੈ। ਬਾਕੀ ਸਾਰਾ ਪ੍ਰਦੂਸ਼ਨ ਸਨਅਤਾਂ, ਵਾਹਨਾਂ ਤੇ ਮਿੱਟੀ ਆਦਿ ਕਾਰਨ ਹੁੰਦਾ ਹੈ। ਸਰਕਾਰ ਨੂੰ ਉਨ੍ਹਾਂ ਦੂਸਰੇ ਕਾਰਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਆਗੂਆਂ ਨੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦਾ ਸਵਾਗਤ ਕਰਦੇ ਹੋਏ ਸਰਕਾਰ ਵੱਲੋਂ ਪਰਾਲੀ ਸੰਭਾਲ ਪ੍ਰਤੀ ਵਿਵਹਾਰਕ ਪਹੁੰਚ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।

ਅੱਜ ਬੁਲਾਰਿਆਂ ਨੇ ਜ਼ਮੀਨੀ ਰਿਕਾਰਡ ਦੀ ਸ਼ੱਕੀ ਮੈਪਿੰਗ ਦਾ ਬਹਾਨਾ ਬਣਾ ਕੇ 70 ਹਜ਼ਾਰ ਕਿਸਾਨਾਂ ਦੀ ਝੋਨੇ ਦੀ ਅਦਾਇਗੀ ਰੋਕਣ ਦੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਆਨੀਂ-ਬਹਾਨੀਂ ਸਰਕਾਰੀ ਖਰੀਦ ਬੰਦ ਕਰਨ ਦੇ ਬਹਾਨੇ ਭਾਲਦੀ ਰਹਿੰਦੀ ਹੈ। ਰੈਡ ਐਂਟਰੀ ਵਾਲਾ ਇਹ ਨਵਾਂ ਬਹਾਨਾ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਘੜ੍ਹਿਆ ਗਿਆ ਹੈ। ਸਰਕਾਰ ਇਨ੍ਹਾਂ ਕਿਸਾਨਾਂ ਦੀ ਪੇਮੈਂਟ ਦੋ ਦਿਨ ਦੇ ਅੰਦਰ ਰਲੀਜ਼ ਕਰੇ ਵਰਨਾ ਦੋ ਦਿਨ ਬਾਅਦ ਸਬੰਧਤ ਅਧਿਕਾਰੀਆਂ ਦੇ ਦਫਤਰਾਂ ਦਾ ਘਿਰਾਉ ਕੀਤਾ ਜਾਵੇਗਾ।

ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦਾ ਇੱਕ ਵਫ਼ਦ 17 ਨਵੰਬਰ ਨੂੰ ਚੰਡੀਗੜ੍ਹ ਵਿਖੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੀਬ 11 ਵਜੇ ਮਿਲੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਉਪਰੰਤ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ-ਭਵਨ ‘ਚ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਦਰਜ਼ਨਾਂ ਕਿਸਾਨੀ ਮਸਲੇ ਉਭਾਰੇ ਜਾਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION