34 C
Delhi
Thursday, April 18, 2024
spot_img
spot_img

ਕਿਸਾਨ ਆਗੂਆਂ ਖਿਲਾਫ ਲੁੱਕ ਆਊਟ ਨੋਟਿਸ ਪੂਰੀ ਤਰ੍ਹਾਂ ਗਲਤ, ਤਰਕਹੀਣ, ਨਿੰਦਣਯੋਗ: ਕੈਪਟਨ ਅਮਰਿੰਦਰ ਸਿੰਘ

ਯੈੱਸ ਪੰਜਾਬ
ਚੰਡੀਗੜ੍ਹ, 28 ਜਨਵਰੀ, 2021:
ਕਿਸਾਨ ਆਗੂਆਂ ਨੂੰ ਲੁੱਕਆਊਟ ਨੋਟਿਸ ਜਾਰੀ ਕੀਤੇ ਜਾਣ ਨੂੰ ਪੂਰਨ ਤੌਰ ‘ਤੇ ਗਲਤ ਗਰਦਾਨਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਕਿਸਾਨਾਂ ਪ੍ਰਤੀ ਮੁਲਕ ਛੱਡ ਜਾਣ ਦੇ ਤੌਖਲੇ ਪ੍ਰਗਟ ਕਰਨੇ ਨਾ ਸਿਰਫ ਤਰਕਹੀਣ ਹੈ ਸਗੋਂ ਨਿੰਦਣਯੋਗ ਵੀ ਹੈ।

ਮੁੱਖ ਮੰਤਰੀ ਨੇ ਕਿਹਾ, ”ਇਹ ਕਿਸਾਨ ਆਗੂ ਕਿੱਥੇ ਭੱਜ ਜਾਣਗੇ?” ਉਨ੍ਹਾਂ ਕਿਹਾ ਕਿ ਬਹੁਤੇ ਕਿਸਾਨ ਘੱਟ ਜ਼ਮੀਨ ਵਾਲੇ ਛੋਟੀ ਕਿਸਾਨੀ ਨਾਲ ਜੁੜੇ ਹਨ ਨਾ ਕਿ ਵਿਜੇ ਮਾਲਿਆ, ਨੀਰਵ ਮੋਦੀ, ਲਲਿਤ ਮੋਦੀ ਜਾਂ ਮੇਹੁੱਲ ਚੌਕਸੀ ਵਰਗੇ ਵੱਡੇ ਕਾਰਪੋਰੇਟ ਭਗੌੜੇ ਹਨ ਜੋ ਮੁਲਕ ਦਾ ਅਰਬਾਂ ਦਾ ਸਰਮਾਇਆ ਲੁੱਟਣ ਤੋਂ ਬਾਅਦ ਪਿਛਲੇ ਕੁੱਝ ਸਾਲਾਂ ਤੋਂ ਦੇਸ਼ ਵਿੱਚੋਂ ਭੱਜ ਗਏ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਤੁਸੀਂ ਇਨ੍ਹਾਂ ਵੱਡੀਆਂ ਮੱਛੀਆਂ ਨੂੰ ਹੱਥ ਪਾਉਣ ਵਿੱਚ ਤਾਂ ਨਾਕਾਮ ਰਹੇ ਪਰ ਹੁਣ ਆਪਣੀ ਹੋਂਦ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੇ ਹੋ।” ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੁੱਕਆਊਟ ਨੋਟਿਸ ਵਾਪਸ ਲੈਣ ਲਈ ਤੁਰੰਤ ਦਿੱਲੀ ਪੁਲਿਸ ਨੂੰ ਆਦੇਸ਼ ਜਾਰੀ ਕੀਤੇ ਜਾਣ।

ਮੁੱਖ ਮੰਤਰੀ ਨੇ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਵਿੱਚ ਕਿਸਾਨਾਂ ਖਿਲਾਫ ਬਿਨਾਂ ਕੋਈ ਸਬੂਤ ਦੇ ਐਫ.ਆਈ.ਆਰਜ਼ ਵਿੱਚ ਕਿਸਾਨ ਆਗੂਆਂ ਦਾ ਨਾਮ ਸ਼ਾਮਲ ਕਰਨ ਲਈ ਦਿੱਲੀ ਪੁਲਿਸ ਦੇ ਫੈਸਲੇ ਉਤੇ ਸਵਾਲ ਚੁੱਕਿਆ। ਉਨ੍ਹਾਂ ਕਿਹਾ, ”ਇਕ ਵੱਖ ਹੋਏ ਧੜੇ ਜਾਂ ਕੁੱਝ ਸਮਾਜ ਵਿਰੋਧੀ ਅਨਸਰਾਂ ਜਿਨ੍ਹਾਂ ਨੇ ਲਾਲ ਕਿਲੇ ਅਤੇ ਕੌਮੀ ਰਾਜਧਾਨੀ ਦੇ ਹੋਰ ਹਿੱਸਿਆਂ ਵਿੱਚ ਹਿੰਸਾ ਨੂੰ ਉਕਸਾਇਆ, ਵੱਲੋਂ ਕੀਤੀ ਗਈ ਹੁੱਲੜਬਾਜ਼ੀ ਲਈ ਤੁਸੀਂ ਸਾਰੇ ਕਿਸਾਨ ਆਗੂਆਂ ਨੂੰ ਕਸੂਰਵਾਰ ਕਿਵੇਂ ਠਹਿਰਾ ਸਕਦੇ ਹੋ?”

ਮੁੱਖ ਮੰਤਰੀ ਨੇ ਆਪਣੀ ਮੰਗ ਨੂੰ ਮੁੜ ਦੁਹਰਾਉਂਦਿਆ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਹਿੰਸਾ ਦੀ ਆੜ ਵਿੱਚ ਕਿਸਾਨ ਨੇਤਾਵਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਐਫ.ਆਈ.ਆਰਜ਼ ਵਿੱਚ ਜਿਨ੍ਹਾਂ ਪ੍ਰਮੁੱਖ ਕਿਸਾਨ ਆਗੂਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ, ਉਹ ਸਾਰੇ ਲੀਡਰ ਤਾਂ ਪਹਿਲਾਂ ਹੀ 26 ਜਨਵਰੀ ਨੂੰ ਬਦਅਮਨੀ ਦੀ ਵਾਪਰੀ ਘਟਨਾ ਲਈ ਆਪਣੇ ਆਪ ਨੂੰ ਵੱਖ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਵਿੱਚੋਂ ਇਕ ਵੀ ਨੇਤਾ ਅਜੇ ਤੱਕ ਕੋਈ ਵੀ ਭੜਕਾਊ ਭਾਸ਼ਣ ਦਿੰਦਾ ਹੋਇਆ ਜਾਂ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੁੰਦਾ ਸੁਣਿਆ ਜਾਂ ਦੇਖਿਆ ਨਹੀਂ ਗਿਆ।

ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਕੋਲ ਇਨ੍ਹਾਂ ਆਗੂਆਂ ਵਿੱਚੋਂ ਕਿਸੇ ਇਕ ਦੀ ਵੀ ਸ਼ਮੂਲੀਅਤ ਹੋਣ ਦਾ ਕੋਈ ਸਬੂਤ ਹੈ ਤਾਂ ਉਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ 26 ਜਨਵਰੀ ਦੀਆਂ ਘਟਨਾਵਾਂ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਅਸਲ ਗੁਨਾਹਗਾਰਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਨਾ ਤਾਂ ਨਿਆਂ ਪੂਰਨ ਹੈ ਅਤੇ ਨਾ ਹੀ ਸ਼ੋਭਾ ਦਿੰਦਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION