ਯੈੱਸ ਪੰਜਾਬ
ਨਵੀਂ ਦਿੱਲੀ, 5 ਦਸੰਬਰ, 2020:
ਪੰਜਾਬ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਰਾਜ ਦੇ ਕਿਸਾਨਾਂ ਵੱਲੋਂ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵਿੱਢੇ ਅੰਦੋਲਨ ਦੇ ਦਿੱਲੀ ਜਾ ਪੁੱਜਣ ਦੇ 10 ਦਿਨ ਲੰਘ ਜਾਣ ਅਤੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਕੂਚ ਕਰ ਦੇਣ ਨਾਲ ਬਣੀ ਸਥਿਤੀ ਨੇ ਹੁਣ ਅਸਰ ਵਿਖ਼ਾਉਣਾ ਸ਼ੁਰੂ ਕੀਤਾ ਹੈ।
ਕਿਸਾਨਾਂ ਨਾਲ ਅੱਜ ਦੁਪਹਿਰ 2 ਵਜੇ ਕੇਂਦਰ ਸਰਕਾਰ ਦੀ ਪੰਜਵੇਂ ਦੌਰ ਦੀ ਗੱਲਬਾਤ ਦੇ ਮੱਦੇਨਜ਼ਰ ਹੁਣ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਖ਼ੁਦ ਐਕਸ਼ਨ ਵਿੱਚ ਆ ਗਏ ਹਨ।
ਪ੍ਰਧਾਨ ਮੰਤਰੀ ਨੇ ਆਪਣੇ ਨਿਵਾਸ ’ਤੇ ਇਕ ਅਹਿਮ ਮੀਟਿੰਗ ਸੱਦੀ ਹੈ ਜਿਸ ਲਈ ਰੱਖ਼ਿਆ ਮੰਤਰੀ ਸ੍ਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਖ਼ੇਤੀਬਾੜੀ ਮੰਤਰੀ ਸ੍ਰੀ ਨਰਿੰਦਰ ਤੋਮਰ ਪੁੱਜ ਚੁੱਕੇ ਹਨ ਅਤੇ ਮੀਟਿੰਗ ਜਾਰੀ ਹੈ।
ਕੇਂਦਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਦੌਰਾਨ ਪੇਚ ਹੁਣ ਇੱਥੇ ਅੜਦਾ ਨਜ਼ਰ ਆ ਰਿਹਾ ਹੈ ਕਿ ਹੁਣ ਤਕ ਕਾਨੂੰਨਾਂ ਨੂੰ ਕਿਸਾਨ ਹਿਤ ਵਿੱਚ ਦੱਸਦਾ ਆ ਰਿਹਾ ਕੇਂਦਰ ਹੁਣ ਸੋਧਾਂ ਲਈ ਤਿਆਰ ਹੋ ਗਿਆ ਹੈ ਪਰ ਕਿਸਾਨ ਕਾਨੂੂੰਨਾਂ ਨੂੰ ਮੁੱਢੋਂ ਰੱਦ ਕੀਤੇ ਜਾਣ, ਬਿਜਲੀ ਸੋਧ ਬਿੱਲ ਅਤੇ ਪਰਾਲੀ ਸੰਬੰਧੀ ਬਿੱਲ ਵੀ ਵਾਪਸ ਲੈਣ ’ਤੇ ਅੜ ਗਏ ਹਨ।
ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੇਸ਼ ਭਰ ਵਿੱਚ ਫ਼ੈਲ ਰਿਹਾ ਹੈ ਅਤੇ ਦਿੱਲੀ ਦੀਆਂ ਸਰਹੱਦਾਂ ਸੀਲ ਕੀਤੀਆਂ ਜਾ ਰਹੀਆਂ ਹਨ।
ਅੱਜ ਪੰਜ ਨਵੰਬਰ ਨੂੰ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਦੇ ਪੁਤਲੇ ਸਾੜਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੋਇਆ ਹੈ ਜਦਕਿ 8 ਦਸੰਬਰ ਨੂੰ ਦੇਸ਼ ਵਿਆਪੀ ਬੰਦ ਦਾ ਸੱਦਾ ਦਿੱਤਾ ਗਿਆ ਹੈ। ਅੰਦੋਲਨ ਨੂੰ ਦੇਸ਼ ਵਿਦੇਸ਼ ਵਿੱਚੋਂ ਮਿਲ ਰਿਹਾ ਸਮਰਥਨ ਵੀ ਸਰਕਾਰ ਨੂੰ ਪ੍ਰੇਸ਼ਾਨ ਕਰ ਰਿਹਾ ਹੈ।
ਸਰਕਾਰ ਵਾਸਤੇ ਚਿੰਤਾ ਦੀ ਗੱਲ ਇਹ ਵੀ ਹੈ ਕਿ ਨਾ ਕੇਵਲ ਦੇਸ਼ ਦੇ ਅੰਦਰੋਂ ਦਬਾਅ ਵਧਦਾ ਜਾ ਰਿਹਾ ਹੈ ਸਗੋਂ ਕੈਨੇਡਾ ਦੇ ਪ੍ਰਧਾਨ ਮੰਤਰੀ, ਬਰਤਾਨੀਆ ਦੇ 33 ਸੰਸਦ ਮੈਂਬਰਾਂ ਅਤੇ ਯੂ.ਐਨ.ਉ. ਦੇ ਮੁਖ਼ੀ ਦੇ ਬੁਲਾਰੇ ਨੇ ਵੀ ਕਿਹਾ ਹੈ ਕਿ ਉਹ ਭਾਰਤ ਵਿੱਚ ਕਿਸਾਨਾਂ ਦੇ ਅੰਦੋਲਨ ’ਤੇ ਨਜ਼ਰ ਰੱਖ ਰਹੇ ਹਨ। ਇਸ ਨਾਲ ਕੌਮਾਂਤਰੀ ਦਬਾਅ ਵੀ ਵਧ ਗਿਆ ਹੈ।
ਅਜੇ ਤਕ ਦੀ ਖ਼ਬਰ ਇਹ ਹੈ ਕਿ ਕੇਂਦਰ ਵੀ ਕਿਸੇ ਤਰ੍ਹਾਂ ਇਹ ਕਾਨੂੰਨ ਰੱਦ ਕਰਨ ਨੂੰ ਤਿਆਰ ਨਹੀਂ ਹੈ ਜਦਕਿ ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਤੋਂ ਇਕ ਇੰਚ ਵੀ ਪਿੱਛੇ ਹਟਦੇ ਨਜ਼ਰ ਨਹੀਂ ਆ ਰਹੇ।