28.1 C
Delhi
Thursday, April 25, 2024
spot_img
spot_img

‘ਕਿਸਾਨ ਅੰਦੋਲਨ ’ਚ ਮੀਡੀਆ ਦੀ ਭੂਮਿਕਾ’ ਵਿਸ਼ੇ ’ਤੇ ਪੰਜਾਬੀ ਲੇਖਕ ਸਭਾ ਨੇ ਕਰਵਾਇਆ ਵਿਚਾਰ-ਚਰਚਾ ਸਮਾਗਮ

ਯੈੱਸ ਪੰਜਾਬ
ਚੰਡੀਗੜ੍ਹ, ਮਾਰਚ 21, 2021:
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ‘ਕਿਸਾਨ ਅੰਦੋਲਨ ’ਚ ਮੀਡੀਆ ਦੀ ਭੂਮਿਕਾ’ ਵਿਸ਼ੇ ’ਤੇ ਵਿਚਾਰ-ਚਰਚਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਕੀਤੀ ਤੇ ਮੁੱਖ ਬੁਲਾਰੇ ਵਜੋਂ ਪੱਤਰਕਾਰ ਮਨਦੀਪ ਪੂਨੀਆ ਅਤੇ ਪੱਤਰਕਾਰ ਤੇ ਕਵੀ ਦੀਪਕ ਸ਼ਰਮਾ ਚਨਾਰਥਲ ਨੇ ਸ਼ਮੂਲੀਅਤ ਕੀਤੀ।

ਸਭ ਤੋਂ ਪਹਿਲਾਂ ਆਏ ਮਹਿਮਾਨਾਂ ਦਾ ਸਵਾਗਤ ਗੁਲਦਸਤਿਆਂ ਦੀ ਬਜਾਏ ‘ਫਸਲ ਦਸਤਿਆਂ’ ਨਾਲ ਕੀਤਾ ਗਿਆ। ਬਲਜੀਤ ਬੱਲੀ, ਮਨਦੀਪ ਪੂਨੀਆ ਤੇ ਦੀਪਕ ਸ਼ਰਮਾ ਚਨਾਰਥਲ ਨੂੰ ਪੰਜਾਬੀ ਲੇਖਕ ਸਭਾ ਨੇ ਹਰੇ ਛੋਲੀਏ ਦੇ ‘ਫਸਲ ਦਸਤੇ’ ਭੇਂਟ ਕਰਕੇ ਜੀ ਆਇਆਂ ਆਖਿਆ। ਇਸ ਨਿਵੇਕਲੀ ਪਿਰਤ ਨੂੰ ਸਭਨਾਂ ਨੇ ਸਰਹਾਇਆ।

ਇਸ ਉਪਰੰਤ ਸਵਾਗਤੀ ਸ਼ਬਦ ਜਿੱਥੇ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਰੱਖਦਿਆਂ ਕਿਸਾਨ ਅੰਦੋਲਨ ਵਿਚ ਮੀਡੀਆ ਦੀ ਭੂਮਿਕਾ, ਖਾਸ ਕਰ ਖੇਤਰੀ ਮੀਡੀਆ ਦੇ ਅਹਿਮ ਰੋਲ ਨੂੰ ਸਰਹਾਇਆ, ਉਥੇ ਹੀ ਵਿਚਾਰ-ਚਰਚਾ ਦੀ ਸ਼ੁਰੂਆਤ ਤੋਂ ਪਹਿਲਾਂ ਸੁਰਜੀਤ ਸਿੰਘ ਧੀਰ ਹੁਰਾਂ ਨੇ ਸ਼ਬਦ ਉਚਾਰਨ ਕਰਕੇ ਸਮਾਗਮ ’ਚ ਵੱਖਰੀ ਰੂਹਾਨੀਅਤ ਭਰ ਦਿੱਤੀ।

ਇਸ ਮੌਕੇ ਪ੍ਰਧਾਨਗੀ ਭਾਸ਼ਣ ਵਜੋਂ ਕਿਸਾਨ ਅੰਦੋਲਨ , ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਦੀ ਭੂਮਿਕਾ ਦੇ ਹਵਾਲੇ ਨਾਲ ਗੱਲ ਕਰਦਿਆਂ ਬਲਜੀਤ ਸਿੰਘ ਬੱਲੀ ਹੁਰਾਂ ਨੇ ਆਖਿਆ ਕਿ ਅੱਜ ਜਿੱਥੇ ਲੋਕ ਪੱਖੀ ਪੱਤਰਕਾਰੀ ਕਰਨਾ ਸਮੇਂ ਦੀ ਲੋੜ ਹੈ, ਉਥੇ ਹੀ ਸੱਤਾ ਨੂੰ ਤੇ ਲੋਕ ਵਿਰੋਧੀ ਤਾਕਤਾਂ ਨੂੰ ਸਵਾਲ ਕਰਨ ਲੱਗਿਆਂ ਵੀ ਪੱਤਰਕਾਰਾਂ ਨੂੰ ਤਰਕ, ਭਾਸ਼ਾ, ਸਲੀਕੇ ਅਤੇ ਸੰਜਮ ’ਚ ਰਹਿਣ ਦੀ ਕਲਾ ਸਿੱਖਣੀ ਹੋਵੇਗੀ।

ਬਲਜੀਤ ਬੱਲੀ ਨੇ ਆਖਿਆ ਚਾਹੇ ਐਮਰਜੈਂਸੀ ਹੋਵੇ, ਚਾਹੇ ’84 ਹੋਵੇ ਤੇ ਚਾਹੇ ਅੱਜ ਦਾ ਦੌਰ, ਮੀਡੀਆ ਹਮੇਸ਼ਾ ਸੱਤਾ ਤੇ ਸਰਕਾਰਾਂ ਨੇ ਦਬਾਇਆ ਹੀ ਹੈ। ਪਰ ਇਸ ਕਿਸਾਨ ਅੰਦੋਲਨ ਵਿਚ ਡਿਜ਼ੀਟਲ ਮੀਡੀਆ ਲੋਕ ਹਥਿਆਰ ਬਣ ਚੁੱਕਾ ਹੈ। ਬਲਜੀਤ ਬੱਲੀ ਨੇ ਕਿਹਾ ਕਿ ਜਦ-ਜਦ-ਜਨ ਅੰਦੋਲਨ ਹੋਣਗੇ, ਜਦ-ਜਦ ਲੋਕ ਲਹਿਰ ਉਠੇਗੀ, ਤਦ-ਤਦ ਮਨਦੀਪ ਪੂਨੀਆ ਤੇ ਦੀਪਕ ਸ਼ਰਮਾ ਚਨਾਰਥਲ ਵਰਗੇ ਪੱਤਰਕਾਰ ਪੈਦਾ ਹੁੰਦੇ ਰਹਿਣਗੇ।

ਬਲਜੀਤ ਬੱਲੀ ਹੁਰਾਂ ਨੇ ਆਖਿਆ ਕਿਸਾਨ ਅੰਦੋਲਨ ਦੇ ਇਤਿਹਾਸ ਨੂੰ ਸੰਭਾਲਣ ਵਿਚ ਸਾਡੇ ਮੀਡੀਆ ਨੇ ਅਹਿਮ ਭੂਮਿਕਾ ਨਿਭਾਈ ਹੈ। ਮੀਡੀਆ ਦਾ ਢੰਗ ਬੇਸ਼ੱਕ ਬਦਲ ਜਾਵੇ ਪਰ ਉਦੇਸ਼ ਨਹੀਂ ਬਦਲਣਾ ਚਾਹੀਦਾ। ਉਨ੍ਹਾਂ ਆਪਣੀ ਜ਼ਿੰਦਗੀ ਦੇ ਪੱਤਰਕਾਰਤਾ ਦੇ ਦੌਰ ਦੇ ਕੌੜੇ-ਮਿੱਠੇ ਤਜ਼ਰਬੇ ਤੇ ਕਿਸਾਨ ਅੰਦੋਲਨ ਵਿਚ ਪੱਤਰਕਾਰਾਂ ਦੀ ਭੂਮਿਕਾ, ਸਰਕਾਰਾਂ ਦੇ ਰਵੱਈਏ ਤੇ ਨੈਸ਼ਨਲ ਮੀਡੀਆ ਤੇ ਖੇਤਰੀ ਮੀਡੀਆ ਵਿਚ ਖੜ੍ਹੀ ਪਾੜੇ ਦੀ ਦੀਵਾਰ ਅਤੇ ਭੂਮਿਕਾ ’ਤੇ ਵਿਸਥਾਰਤ ਰਾਏ ਰੱਖੀ, ਜਿਸ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।

ਦਿੱਲੀ ਪੁਲਿਸ ਅਤੇ ਸੱਤਾ ਦਾ ਜਬਰ ਝੱਲ ਕੇ ਤਿਹਾੜ ਜੇਲ੍ਹ ’ਚੋਂ ਵੀ ਪੱਤਰਕਾਰੀ ਕਰਨ ਵਾਲੇ ਮਨਦੀਪ ਪੂਨੀਆ ਨੇ ਜਿੱਥੇ ਆਪਣੇ ਉਤੇ ਅਤੇ ਕਿਸਾਨਾਂ ’ਤੇ ਢਾਹੇ ਗਏ ਤਸ਼ੱਦਦ ਦਾ ਜ਼ਿਕਰ ਕੀਤਾ, ਉਥੇ ਹੀ ਉਸ ਨੇ ਤਿਹਾੜ ਜੇਲ੍ਹ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਮੈਂ ਤਿਹਾੜ ਜੇਲ੍ਹ ਵਿਚ ‘ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰਿਆਂ ਦੀ ਗੂੰਜ ਸੁਣਦਾ ਸੀ ਅਤੇ ਕਿਸਾਨਾਂ ਨੂੰ ਚੜ੍ਹਦੀਕਲਾ ਵਿਚ ਵੇਖਦਾ ਸੀ ਤਦ ਮੈਨੂੰ ਹੌਸਲਾ ਮਿਲਿਆ ਅਤੇ ਇਸ ਕਿਸਾਨ ਅੰਦੋਲਨ ਨੇ ਪੱਤਰਕਾਰਤਾ ਦੀ ਪਰਿਭਾਸ਼ਾ ਨੂੰ ਵੀ ਨਵਾਂ ਜਨਮ ਦਿੱਤਾ ਹੈ।

ਮਨਦੀਪ ਪੂਨੀਆ ਨੇ ਆਖਿਆ ਕਿ ਅੱਜ ਪੇਂਡੂ, ਕਿਸਾਨੀ ਤੇ ਮਜ਼ਦੂਰ ਪੱਖੀ ਧਰਾਤਲ ਵਾਲੀ ਪੱਤਰਕਾਰੀ ਵੱਲ ਪਰਤਣ ਦੀ ਲੋੜ ਹੈ। ਮੀਡੀਆ ਦੇ ਅਦਾਰਿਆਂ ਨੂੰ ਵੀ ਇਸ ਬੀਟ ’ਤੇ ਕੰਮ ਕਰਨਾ ਚਾਹੀਦਾ ਹੈ। ਮਨਦੀਪ ਪੂਨੀਆ ਨੇ ਕਿਹਾ ਕਿ ਬੇਸ਼ੱਕ ਅੱਜ ਕਹਿੰਦੇ-ਕਹਾਉਂਦੇ ਵੱਡੇ ਚੈਨਲਾਂ ’ਤੇ ਚੀਕ-ਚਿਹਾੜੇ ਵਾਲੀ ਪੱਤਰਕਾਰੀ ਕਾਬਜ਼ ਹੁੰਦੀ ਜਾ ਰਹੀ ਹੈ ਤੇ ਡਿਬੇਟ ਚਿੜੀਆਘਰ ਬਣਦੀ ਜਾ ਰਹੀ ਹੈ, ਪਰ ਉਥੇ ਹੀ ਇਸ ਕਿਸਾਨ ਅੰਦੋਲਨ ਵਿਚ ਪੱਤਰਕਾਰ ਨੂੰ ਸਮਾਜ ਦੇ ਦਰਦ ਦਾ ਵੀ ਅਹਿਸਾਸ ਹੋਇਆ ਹੈ। ਪੂਨੀਆ ਨੇ ਆਖਿਆ ਕਿ ਅੱਜ ਹਰ ਪੱਤਰਕਾਰ ਨੂੰ ਸਮਾਜ ਦਾ ਦਰਦ ਵੀ ਮਹਿਸੂਸ ਕਰਨਾ ਪਵੇਗਾ।

ਇਸੇ ਤਰ੍ਹਾਂ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਵਿਚਰ ਕੇ ਮਿੱਟੀ ਦੀ ਮਹਿਕ ’ਚੋਂ ਪੱਤਰਕਾਰੀ ਕਰਦੇ ਹੋਏ ਦੀਪਕ ਸ਼ਰਮਾ ਚਨਾਰਥਲ ਨੇ ਵੀ ਜਿੱਥੇ ਮੀਡੀਆ ਦੀ ਭੂਮਿਕਾ ਦੇ ਹਵਾਲੇ ਨਾਲ ਗੱਲ ਕੀਤੀ, ਉਥੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਉਨ੍ਹਾਂ ਅੰਦੋਲਨ ਦੌਰਾਨ ਹਰਿਆਣਾ ਨਾਲ ਪਈ ਗੂੜ੍ਹੀ ਸਾਂਝ ਦਾ ਜ਼ਿਕਰ ਕੀਤਾ। ਦਿੱਲੀ ਦੇ ਅਵਾਮ ਦਾ ਕਿੰਝ ਅੰਦੋਲਨ ਨੂੰ ਸਮਰਥਨ ਮਿਲਿਆ, ਉਹ ਪਹਿਲੂ ਸਾਂਝਾ ਕੀਤਾ।

ਗੁਜਰਾਤ ਦੀ ਆਪਣੀ ਯਾਤਰਾ ਦਾ ਜ਼ਿਕਰ ਕਰਦਿਆਂ ਦੀਪਕ ਸ਼ਰਮਾ ਚਨਾਰਥਲ ਨੇ ਉਥੋਂ ਦੇ ਕਿਸਾਨਾਂ ਦੀ ਸਥਿਤੀ ਤੇ ਹਾਲਤ ਤੋਂ ਵੀ ਜਾਣੂ ਕਰਵਾਉਂਦਿਆਂ ਕਿਹਾ ਕਿ ਜਿਹੜੇ ਲੋਕ ਜਾਂ ਜਿਹੜਾ ਮੀਡੀਆ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅੰਦੋਲਨ ਬਿਖਰ ਗਿਆ, ਅੰਦੋਲਨ ਖਿੱਲਰ ਗਿਆ ਉਹ ਸਮਝ ਲੈਣ ਕਿ ਸਮੁੰਦਰ ਤੇ ਅੰਦੋਲਨ ਕਦੇ ਕਮਜ਼ੋਰ ਨਹੀਂ ਹੁੰਦੇ।

ਲਹਿਰ ਛੋਟੀ-ਵੱਡੀ ਆ ਸਕਦੀ ਹੈ ਪਰ ਇਸ ਨਾਲ ਨਾ ਸਮੁੰਦਰ ਕਮਜ਼ੋਰ ਨਹੀਂ ਹੁੰਦਾ ਅਤੇ ਨਾ ਲੋਕ ਅੰਦੋਲਨ ਕਦੇ ਕਮਜ਼ੋਰ ਪੈਂਦੇ ਹਨ। ਪੱਤਰਕਾਰ ਨੂੰ ਨਿਰਪੱਖ ਹੋਣਾ ਚਾਹੀਦਾ ਹੈ। ਇਹ ਸਵਾਲ ਅਕਸਰ ਸਾਡੇ ਮੂਹਰੇ ਆਉਂਦਾ ਹੈ, ਜਿਸ ਦਾ ਜਵਾਬ ਦਿੰਦਿਆਂ ਦੀਪਕ ਸ਼ਰਮਾ ਚਨਾਰਥਲ ਨੇ ਆਖਿਆ ਕਿ ਹਰ ਵਿਅਕਤੀ ਦਾ ਕੋਈ ਪੱਖ ਹੋਣਾ ਚਾਹੀਦਾ ਹੈ, ਜਿਸ ਨੇ ਜੋ ਕਹਿਣਾ ਹੈ ਉਹ ਕਹਿ ਲਵੇ ਪਰ ਮੈਂ ਨਿਰਪੱਖ ਨਹੀਂ, ਲੋਕ ਪੱਖੀ ਤੇ ਸੱਚ ਪੱਖੀ ਪੱਤਰਕਾਰੀ ਕਰਦਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION