ਜਲੰਧਰ 19 ਦਸੰਬਰ 2019
ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਸ੍ਰੀ ਜਾਪਇੰਦਰ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਲਗਾਏ ਗਏ ਦੋ ਦਿਨਾਂ ਸਪਾਰਕ ਮੇਲੇ ਦੇ ਅੱਜ ਪਹਿਲੇ ਦਿਨ ਕਾਨੂੰਨ ਦੇ ਖੇਤਰ ਵਿੱਚ ਸੁਰੱਖਿਅਤ ਭਵਿੱਖ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ।
ਇਸ ਮੌਕੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਉਨਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਜੱਜ ਜਾਂ ਵਕੀਲ ਬਣਨਾ ਚਾਹੁੰਦੇ ਹਨ ਉਨ੍ਹਾਂ ਲਈ ਐਲ.ਐਲ.ਬੀ.ਕਰਨਾ ਲਾਜ਼ਮੀ ਹੈ ਅਤੇ ਇਹ ਐਲ.ਐਲ.ਬੀ. +2 ਤੋਂ 5 ਸਾਲਾਂ ਅਤੇ ਕਿਸੇ ਵੀ ਵਿਸ਼ੇ ’ਤੇ ਗ੍ਰੈਜੂਏਸ਼ਨ ਦੀ ਡਿਗਰੀ ਕਰਨ ਤੋਂ ਬਾਅਦ 3 ਸਾਲਾਂ ਵਿੱਚ ਵਕਾਲਤ ਦੀ ਡਿਗਰੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਿਵਲ ਸਰਵਿਸ (ਜੂਡੀਸ਼ੀਅਲ) ਵਿੱਚ ਸੇਵਾਵਾਂ ਲਈ ਕਾਨੂੰਨ ਦੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਦਾਖਲਾ ਇਮਤਿਹਾਨ ਪਾਸ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਵਿਸ਼ਵੀਕਰਨ ਯੁੱਗ ਵਿੱਚ ਕਾਨੂੰਨ ਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਬਹੁਤ ਹੀ ਪੇਸ਼ਵਾਰਾਨਾ ਵਕੀਲਾਂ ਦੀ ਦੁਨੀਆਂ ਵਿੱਚ ਬਹੁਤ ਲੋੜ ਹੈ।
ਉਨ੍ਹਾਂ ਕਿਹਾ ਕਿ ਪੇਸ਼ੇਵਾਰਾਨਾ ਵਕੀਲ ਦਾ ਸਮਾਜ ਵਿੱਚ ਬਹੁਤ ਮਾਣ ਸਨਮਾਨ ਹੈ ਕਿਉਂਕਿ ਲੋਕਾਂ ਨੂੰ ਅਦਾਲਤਾਂ ਵਿਚੋਂ ਸੰਵਿਧਾਨਿਕ ਹੱਕ ਦਿਵਾਉਣ ਵਿੱਚ ਇਨਾਂ ਵਲੋਂ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਕੁਝ ਵੀ ਅਸੰਭਵ ਨਹੀਂ ਹੈ ਪਰ ਲੋੜ ਹੈ ਪੂਰੀ ਲਗਨ, ਮਿਹਨਤ ਅਤੇ ਉਸਾਰੂ ਸੋਚ ਨਾਲ ਅੱਗੇ ਵੱਧਣ ਦੀ।