31.7 C
Delhi
Saturday, April 20, 2024
spot_img
spot_img

ਕਾਂਗਰਸ ਨੇ ਡੇਰੇ ਨਾਲ ਰਲ ਕੇ ਅਕਾਲੀ ਦਲ ਖਿਲਾਫ਼ ਰਚੀ ਸਾਜ਼ਿਸ਼: ਅਕਾਲੀ ਆਗੂਆਂ ਨੇ ਕਿਹਾ ਸਰਕਾਰ ਦੇਵੇਗੀ ਡੇਰੇ ਨੂੰ ‘ਕਲੀਨ ਚਿੱਟ’

ਚੰਡੀਗੜ, 14 ਜੁਲਾਈ, 2020 –

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ ਡੇਰਾ ਸੱਚਾ ਸੌਦਾ ਨਾਲ ਮਿਲ ਕੇ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ ਰਚੀ ਹੈ ਜਿਸਦਾ ਇਕਲੌਤਾ ਮਕਸਦ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਡੇਰੇ ਦੀਆਂ ਵੋਟਾਂ ਹਾਸਲ ਕਰਨਾ ਹੈ ਤੇ ਇਸਦੇ ਬਦਲੇ ਡੇਰੇ ਨੂੰ ਕਲੀਨ ਚਿੱਟ ਦਿੱਤੀ ਜਾਵੇਗੀ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਤੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਡੇਰੇ ਨਾਲ ਹੋਏ ਸਮਝੌਤੇ ਤਹਿਤ ਬੇਅਦਬੀ ਮਾਮਲੇ ਵਿਚ ਡੇਰੇ ਖਿਲਾਫ ਕੇਸ ਕਮਜ਼ੋਰ ਕਰੇਗੀ।

ਉਹਨਾਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਡੇਰਾ ਸੱਚਾ ਸੌਦਾ ਨੂੰ ਡਰਾਇਆ ਤੇ ਹੁਣ ਉਸ ਨਾਲ ਰਲ ਕੇ ਉਸਨੂੰ ਅਕਾਲੀ ਦਲ ਦੇ ਖਿਲਾਫ ਸਿਆਸੀ ਮਨਸੂਬਿਆਂ ਵਾਸਤੇ ਵਰਤਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਉਸਦੀ ਡੇਰੇ ਨਾਲ ਦੋਸਤੀ ਬੇਨਕਾਬ ਹੋ ਗਈ ਹੈ।

ਉਹਨਾਂ ਕਿਹਾ ਕਿ ਅਕਾਲੀ ਦਲ ਕਦੇ ਵੀ ਕਾਂਗਰਸ ਪਾਰਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਤੇ ਧੋਖੇ ਵਾਲੀ ਤੇ ਅਨੈਤਿਕ ਸਿਆਸਤ ਨਹੀਂ ਕਰਨ ਦੇਵੇਗਾ। ਉਹਨਾਂ ਕਿਹਾ ਕਿ ਕਾਂਗਰਸ ਤੇ ਡੇਰੇ ਦੀ ਸਾਜ਼ਿਸ਼ ਕਦਮ ਦਰ ਕਦਮ ਬੇਨਕਾਬ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਬੇਅਦਬੀ ਕੇਸ ਵਿਚ ਮੁੱਖ ਮੁਲਜ਼ਮ ਦਾ ਨਿਆਂਇਕ ਹਿਰਾਸਤ ਵਿਚ ਕਤਲ ਹੋ ਗਿਆ ਕਿਉਂਕਿ ਕਾਂਗਰਸ ਸਰਕਾਰ ਨਹੀਂ ਚਾਹੁੰਦੀ ਸੀ ਕਿ ਸੱਚਾਈ ਬਾਹਰ ਆਵੇ।

ਉਹਨਾਂ ਕਿਹਾ ਕਿ ਬਹਿਬਲ ਕਲਾਂ ਪੁਲਿਸ ਫਾਇਰਿੰਗ ਕੇਸ ਵਿਚ ਮੁੱਖ ਗਵਾਹ ਦੇ ਪਰਿਵਾਰ ਨੇ ਕਾਂਗਰਸ ਦੇ ਮੰਤਰੀ ਤੇ ਫਰੀਦਕੋਟ ਦੇ ਕਾਂਗਰਸੀ ਵਿਧਾਇਕ ‘ਤੇ ਉਸਦੀ ਮੌਤ ਲਈ ਜ਼ਿੰਮੇਵਾਰ ਹੋਣ ਦੇ ਦੋਸ਼ ਲਗਾਏ। ਉਹਨਾਂ ਕਿਹਾ ਕਿ ਸਾਰੀਆਂ ਕੜੀਆਂ ਜੁੜ ਕੇ ਹੁਣ ਕਾਂਗਰਸ ਪਾਰਟੀ ਵੱਲ ਇਸ਼ਾਰਾ ਕਰ ਰਹੀਆਂ ਹਨ ਤੇ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਇਸਦੇ ਹੱਥ ਹੀ ਮੈਲੇ ਹਨ। ਉਹਨਾਂ ਕਿਹਾ ਕਿ ਜਲਦੀ ਹੀ ਸਾਰੀ ਸਾਜ਼ਿਸ਼ ਬੇਨਕਾਬ ਹੋ ਜਾਵੇਗੀ ਤੇ ਲੋਕਾਂ ਸਾਹਮਣੇ ਸੱਚ ਆ ਜਾਵੇਗਾ।

ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਅਸਫਲਤਾਵਾਂ ‘ਤੇ ਪਰਦਾ ਪਾ ਰਹੀ ਹੈ ਤੇ ਘਟੀਆ ਰਾਜਨੀਤੀ ਕਰ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਅਰਦਾਸ ਕਰ ਚੁੱਕੇ ਹਨ ਕਿ ਜਿਸਨੇ ਵੀ ਬੇਅਦਬੀ ਕੀਤੀ ਤੇ ਕਰਵਾਈ, ਉਸਦਾ ਕੱਖ ਨਾ ਰਹੇ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰੇ ਦੀ ਮਦਦ ਨਹੀਂ ਮੰਗੀ।

ਉਹਨਾਂ ਕਿਹਾ ਕਿ ਅਕਾਲੀ ਦਲ ਦੇ ਕੁਝ ਉਮੀਦਵਾਰਾਂ ਨੇ ਆਪਣੇ ਨਿੱਜੀ ਹੈਸੀਅਤ ਵਿਚ ਡੇਰੇ ਦੀ ਮਦਦ ਲਈ ਸੀ। ਉਹਨਾਂ ਕਿਹਾ ਕਿ ਇਹ ਆਗੂ ਫਿਰ ਆਪ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਏ ਤੇ ਇਸ ਗਲਤੀ ਲਈ ਆਪਣੀਆਂ ਭੁੱਲਾਂ ਬਖਸ਼ਾਈਆਂ।

ਉਹਨਾਂ ਕਿਹਾ ਕਿ ਇਸਦੇ ਉਲਟ ਕਾਂਗਰਸ ਦੇ ਐਮ ਪੀ ਪ੍ਰਨੀਤ ਕੌਰ, ਰਾਜਿੰਦਰ ਕੌਰ ਭੱਠਲ, ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ, ਕੇਵਲ ਸਿੰਘ ਢਿੱਲੋਂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਨਹੀਂ ਹੋਏ ਤਾਂ ਕਿ ਉਹਨਾਂ ਨੂੰ ਡੇਰਾ ਸੱਚਾ ਸੌਦਾ ਦੇ ਹੈਡਕੁਆਰਟਰ ਜਾਣ ਲਈ ਸਜ਼ਾ ਮਿਲਦੀ। ਉਹਨਾਂ ਇਹ ਵੀ ਕਿਹਾ ਕਿ ਡੇਰੇ ਦੇ ਮੁਖੀ ਦੀ ਪੁੱਤਰੀ ਦਾ ਸਹੁਰਾ ਕਾਂਗਰਸ ਪਾਰਟੀ ਦਾ ਮੀਤ ਪ੍ਰਧਾਨ ਹੈ।

ਸੀਨੀਅਰ ਆਗੂ ਤੇ ਐਮ ਪੀ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਸੇ ਲਈ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਡੇਰੇ ਦੀ ਸਮਰਥਕ ਵੀਰਪਾਲ ਕੌਰ ਵੱਲੋਂ ਰਲ ਕੇ ਪ੍ਰੈਸ ਕਾਨਫਰੰਸਾਂ ਕੀਤੀਆਂ ਗਹੀਆਂ। ਉਹਨਾਂ ਕਿਹਾ ਕਿ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਝੂਠਾ ਤੇ ਕੂੜ ਪ੍ਰਚਾਰ ਸ਼ੁਰੂ ਕਰ ਕੇ ਆਪਣੀ ਸਰਕਾਰ ਦੀਆਂ ਅਸਫਲਤਾਵਾਂ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਦਕਿ ਵੀਰਪਾਲ ਕੌਰ ਨੇ ਅਜਿਹੀ ਗੱਲ ਫੈਲਾਉਣ ਦੀ ਕੋਸ਼ਿਸ਼ ਕੀਤੀ ਜਿਸਨੂੰ ਉਸ ਵੱਲੋਂ ਦੱਸੇ ਪੁਲਿਸ ਅਫਸਰ ਨੇ ਹੀ ਨਕਾਰ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਵੀਰਪਾਲ ਵੀ ਕਾਂਗਰਸ ਦੀ ਗੁਪਤਚਰ ਹੈ ਤੇ ਕਾਂਗਰਸ ਪਾਰਟੀ ਦੇ ਇਸ਼ਾਰਿਆਂ ‘ਤੇ ਚਲ ਰਹੀ ਹੈ। ਉਹਨਾਂ ਕਿਹਾ ਕਿ ਪਾਰਟੀ ਇਸ ਸੰਬੰਧ ਵਿਚ ਕਾਨੂੰਨੀ ਕਾਰਵਾਈ ਕਰੇਗੀ।

ਸ੍ਰੀ ਭੂੰਦੜ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ, ਜਿਸਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੇ ਸ੍ਰੀ ਹਰਿਮੰਦਿਰ ਸਾਹਿਬ ‘ਤੇ ਹਮਲੇ ਦਾ ਸਵਾਗਤ ਕੀਤਾ ਸੀ, ਵੀ ਹੁਣ ਬੇਅਦਬੀ ਬਾਰੇ ਗੱਲਾਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਪਾਰਟੀ ਨੇ ਸ੍ਰੀ ਹਰਿਮੰਦਿਰ ਸਾਹਿਬ ‘ਤੇ ਹਮਲਾ ਕੀਤਾ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਤੇ 1984 ਵਿਚ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦੀ ਯੋਜਨਾਬੱਧ ਨਸਲਕੁਸ਼ੀ ਕੀਤੀ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਗੱਲ ਕਰ ਰਹੀ ਹੈ ?

ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਾਢੇ ਤਿੰਨ ਸਾਲ ਪਹਿਲਾਂ ਕਾਂਗਰਸ ਪਾਰਟੀ ਨੇ ਝੂਠੇ ਦੋਸ਼ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਇਹ ਕੋਈ ਵੀ ਦੋਸ਼ ਸਾਬਤ ਨਹੀਂ ਕਰ ਸਕੀ।

ਉਹਨਾਂ ਕਿਹਾ ਕਿ ਹੁਣ ਕਾਂਗਰਸ ਪਾਰਟੀ ਲੋਕਾਂ ਨੂੰ ਕੀਤੇ ਵਾਅਦੇ ਪੂਰੇ ਕਰਨ ਵਿਚ ਅਸਫਲ ਰਹਿਣ ਤੇ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਸਮੇਤ ਹੋਰ ਘੁਟਾਲਿਆਂ ਤੇ ਮਹਿੰਗੀਆਂ ਬਿਜਲੀ ਦਰਾਂ, ਪ੍ਰਾਈਵੇਟ ਸਕੂਲਾਂ ਵੱਲੋਂ ਮਚਾਈ ਲੁੱਟ ਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ 350 ਕਰੋੜ ਰੁਪਏ ਨਾ ਦਿੱਤੇ ਜਾਣ ਵਰਗੇ ਮਸਲਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਫਿਰ ਤੋਂ ਸੌੜੀ ਰਾਜਨੀਤੀ ‘ਤੇ ਉਤਰ ਆਈ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION