ਯੈੱਸ ਪੰਜਾਬ
ਚੰਡੀਗੜ੍ਹ, ਦਸੰਬਰ 9, 2021 (ਦੀਪਕ ਗਰਗ)
ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ਦਰਮਿਆਨ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਪਹਿਲਾਂ ਜ਼ਮੀਨੀ ਹਕੀਕਤ ਨੂੰ ਜਾਣਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਰਾਹੁਲ ਗਾਂਧੀ ਕਲਰ ਕੋਡਿੰਗ ਸਰਵੇ ਕਰਵਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਬਣਾਉਣ ਅਤੇ ਕੇਂਦਰ ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਪੈਦਾ ਹੋਈਆਂ ਚੁਣੌਤੀਆਂ ਦੇ ਮੱਦੇਨਜ਼ਰ ਕਾਂਗਰਸ ਨੇ ਸਰਵੇਖਣ ਦਾ ਪੈਟਰਨ ਬਦਲਿਆ ਹੈ। ਪਾਰਟੀ ਹੁਣ ਬੈਂਗਲੁਰੂ ਅਤੇ ਹੈਦਰਾਬਾਦ ਦੀਆਂ ਏਜੰਸੀਆਂ ਰਾਹੀਂ ਸੂਬੇ ‘ਚ ਹੇਠਲੇ ਪੱਧਰ ‘ਤੇ ਸਰਵੇਖਣ ਕਰੇਗੀ। ਇਸ ਦੇ ਲਈ ਆਟੋ ਚਾਲਕਾਂ, ਚਾਹ ਦੀਆਂ ਦੁਕਾਨਾਂ, ਢਾਬਿਆਂ, ਬੱਸ ਸਟੈਂਡਾਂ ਆਦਿ ਦੀ ਨਿਸ਼ਾਨਦੇਹੀ ਕੀਤੀ ਗਈ ਹੈ।
ਕਾਂਗਰਸ ਵੱਲੋਂ 2022 ਨੂੰ ਲੈ ਕੇ ਹੁਣ ਤੱਕ ਜੋ ਵੀ ਸਰਵੇਖਣ ਕੀਤੇ ਗਏ ਹਨ, ਉਹ ਇੰਟਰਨੈੱਟ, ਮੀਡੀਆ ਜਾਂ ਆਈਟੀ ਕੰਪਨੀਆਂ ਰਾਹੀਂ ਹੀ ਕੀਤੇ ਗਏ ਹਨ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਇਹ ਮੰਨ ਰਹੇ ਹਨ ਕਿ ਵੋਟਿੰਗ ‘ਚ ਵੱਧ ਤੋਂ ਵੱਧ ਹਿੱਸਾ ਲੈਣ ਵਾਲੇ ਵੋਟਰ ਇੰਟਰਨੈੱਟ ਮੀਡੀਆ ‘ਤੇ ਜ਼ਿਆਦਾ ਸਰਗਰਮ ਨਹੀਂ ਹਨ। ਅਜਿਹੇ ‘ਚ ਜ਼ਰੂਰੀ ਹੈ ਕਿ ਉਮੀਦਵਾਰਾਂ ਦੀ ਚੋਣ ਲਈ ਉਨ੍ਹਾਂ ਦੇ ਮਨ ਦੀ ਗੱਲ ਸੁਣੀ ਜਾਵੇ। ਇਹੀ ਕਾਰਨ ਹੈ ਕਿ ਸਰਵੇਖਣ ਵਿੱਚ ਕਲਰ ਕੋਡਿੰਗ ਦੀ ਵਰਤੋਂ ਕੀਤੀ ਗਈ ਹੈ।
ਪਾਰਟੀ ਸੂਤਰਾਂ ਅਨੁਸਾਰ ਕਾਂਗਰਸ ਇਸ ਸਮੇਂ ਵੱਖ-ਵੱਖ ਸਰਵੇਖਣ ਕਰ ਰਹੀ ਹੈ। ਸੂਬਾ ਇੰਚਾਰਜ ਹਰੀਸ਼ ਚੌਧਰੀ ਵੀ ਇੰਟਰਨੈੱਟ ਮੀਡੀਆ ਰਾਹੀਂ ਸਰਵੇਖਣ ਕਰ ਰਹੇ ਹਨ, ਜਦਕਿ ਸਕਰੀਨਿੰਗ ਕਮੇਟੀ ਦੇ ਮੈਂਬਰ ਅਤੇ ਰਾਹੁਲ ਗਾਂਧੀ ਦੇ ਕਰੀਬੀ ਕ੍ਰਿਸ਼ਨਾ ਅਲਾਵਰੂ ਵੀ ਵੱਖਰੇ ਸਰਵੇਖਣ ਤੋਂ ਰਾਏ ਲੈ ਰਹੇ ਹਨ।
ਇਹ ਸਰਵੇਖਣ ਗ੍ਰੀਨ, ਆਰੇਂਜ ਅਤੇ ਰੈੱਡ ਜ਼ੋਨ ਵਿੱਚ ਵੰਡ ਕੇ ਕੀਤਾ ਜਾ ਰਿਹਾ ਹੈ। ਗ੍ਰੀਨ ਜ਼ੋਨ ਦਾ ਮਤਲਬ ਹੋਵੇਗਾ ਕਿ ਪਾਰਟੀ ਨੂੰ ਇੱਥੇ ਉਮੀਦਵਾਰ ਬਦਲਣ ਦੀ ਲੋੜ ਨਹੀਂ ਹੈ ਅਤੇ ਪਾਰਟੀ ਉਸ ਜ਼ੋਨ ਵਿੱਚ ਮਜ਼ਬੂਤ ਹੈ। ਔਰੇਂਜ ਜ਼ੋਨ ਦਾ ਮਤਲਬ ਹੋਵੇਗਾ ਕਿ ਕਾਂਗਰਸ ਉਮੀਦਵਾਰ ਦੀ ਫੇਰਬਦਲ ਕਰਕੇ, ਨਵਾਂ ਉਮੀਦਵਾਰ ਦੇ ਕੇ ਜਾਂ ਕੋਈ ਸਖ਼ਤ ਮਿਹਨਤ ਕਰਕੇ ਸੀਟ ਪ੍ਰਾਪਤ ਕਰ ਸਕਦੀ ਹੈ, ਜਦਕਿ ਰੈੱਡ ਜ਼ੋਨ ਦਾ ਮਤਲਬ ਇਹ ਹੋਵੇਗਾ ਕਿ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਈਆਂ ਜਾਣ, ਕਾਂਗਰਸ ਲਈ ਜਿੱਤਣਾ ਸੰਭਵ ਨਹੀਂ ਹੈ |
ਇਸ ਸਰਵੇਖਣ ਵਿੱਚ ਹੇਠਲੇ ਤੋਂ ਹੇਠਲੇ ਵਰਗ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਬਾਅਦ ਪਾਰਟੀ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਕਿਸੇ ਸਪੱਸ਼ਟ ਨਤੀਜੇ ‘ਤੇ ਪਹੁੰਚ ਸਕੇਗੀ।
ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਹਮਲੇ ਕਰ ਰਹੇ ਹਨ, ਜਿਸ ਕਾਰਨ ਇੰਟਰਨੈੱਟ ਮੀਡੀਆ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅਕਸ ਮਜ਼ਬੂਤ ਹੋ ਰਿਹਾ ਹੈ। ਕਾਂਗਰਸ ਦੇ ਇੱਕ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਦੇ ਅਕਸ ਅਤੇ ਸਿੱਧੂ ਦੇ ਦਖਲ ਕਾਰਨ ਵੋਟਰਾਂ ਵਿੱਚ ਜੋ ਸੰਦੇਸ਼ ਜਾ ਰਿਹਾ ਹੈ, ਉਹ ਕਾਂਗਰਸ ਨੂੰ ਖੁਸ਼ ਕਰ ਰਿਹਾ ਹੈ।
ਸੂਬਾ ਇੰਚਾਰਜ ਹਰੀਸ਼ ਚੌਧਰੀ ਨੇ ਸਾਰੇ ਜ਼ਿਲ੍ਹਿਆਂ ਵਿੱਚ ਕੋਆਰਡੀਨੇਟਰ ਨਿਯੁਕਤ ਕਰ ਦਿੱਤੇ ਹਨ। ਉਨ੍ਹਾਂ ਦੀ ਭੂਮਿਕਾ ਉਦੋਂ ਤੱਕ ਰਹੇਗੀ ਜਦੋਂ ਤੱਕ ਉਹ ਉਮੀਦਵਾਰ ਬਾਰੇ ਆਪਣੀ ਰਿਪੋਰਟ ਨਹੀਂ ਦਿੰਦੇ। ਟਿਕਟਾਂ ਦੀ ਵੰਡ ਸਮੇਂ ਪਾਰਟੀ ਕਲਰ ਕੋਡਿੰਗ ਸਰਵੇਖਣ ਅਤੇ ਕੋਆਰਡੀਨੇਟਰਾਂ ਦੀ ਰਿਪੋਰਟ ਦਾ ਤੁਲਨਾਤਮਕ ਅਧਿਐਨ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਵੇਗੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ