33.1 C
Delhi
Wednesday, April 24, 2024
spot_img
spot_img

ਕਾਂਗਰਸੀ ਆਗੂਆਂ ਦਾ ਮਜੀਠੀਆ ਨੂੰ ਮੋੜਵਾਂ ਜਵਾਬ, ਕਿਹਾ ਰੰਧਾਵਾ ਦੇ ਪਰਿਵਾਰ ਨੂੰ ਪ੍ਰਮਾਣ ਪੱਤਰ ਦੀ ਲੋੜ ਨਹੀਂ

ਚੰਡੀਗੜ੍ਹ, 22 ਨਵੰਬਰ, 2019:
”ਕਾਂਗਰਸ ਪਾਰਟੀ ਅਤੇ ਇਸਦੇ ਆਗੂਆਂ ਦਾ ਇਤਿਹਾਸ ਦੇਸ਼ ਅਤੇ ਸਮਾਜ ਲਈ ਕੁਰਬਾਨੀਆਂ ਕਰਨ ਵਾਲਾ ਅਤੇ ਸਮਾਜ ਦੀ ਭਲਾਈ ਲਈ ਅਣਥੱਕ ਘਾਲਣਾ ਘਾਲਣ ਵਾਲਾ ਰਿਹਾ ਹੈ। ਪਾਰਟੀ ਦੇ ਆਗੂਆਂ ਨੇ ਹਮੇਸ਼ਾ ਹੀ ਮੂਹਰਲੀਆਂ ਸਫ਼ਾਂ ਵਿੱਚ ਰਹਿ ਕੇ ਲੋਕ ਹਿੱਤਾਂ ਦੀ ਆਵਾਜ਼ ਬੁਲੰਦ ਕੀਤੀ ਹੈ, ਜਿਸ ਕਾਰਨ ਪਾਰਟੀ ਲੋਕਾਂ ਦੀ ਆਵਾਜ਼ ਬਣਨ ਵਿੱਚ ਕਾਮਯਾਬ ਹੋਈ ਹੈ। ਇਸਦੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਪਾਸੋਂ ਕਿਸੇ ਤਰ੍ਹਾਂ ਦੇ ਪ੍ਰਮਾਣ ਪੱਤਰ ਦੀ ਬਿਲਕੁਲ ਵੀ ਲੋੜ ਨਹੀਂ ਹੈ।”

ਇਹ ਵਿਚਾਰ ਅੱਜ ਇੱਥੋਂ ਜਾਰੀ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਪ੍ਰਗਟ ਕਰਦੇ ਹੋਏ ਗੁਰਦਾਸਪੁਰ ਜ਼ਿਲੇ ਦੇ ਕਾਂਗਰਸੀ ਆਗੂਆਂ ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਫਤਹਿਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਅਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੜਬੋਲੇ ਤੇ ਬਦਨਾਮ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਜਿਸ ਤਰ੍ਹਾਂ ਦੀ ਬੇਲੋੜੀ ਅਤੇ ਬੇਬੁਨਿਆਦ ਕਿਸਮ ਦੇ ਇਲਜ਼ਾਮ ਲਾਉਣ ਵਾਲੀ ਬਿਆਨਬਾਜੀ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਖਿਲਾਫ਼ ਕੀਤੀ ਜਾ ਰਹੀ ਹੈ, ਉਹ ਜ਼ਾਹਿਰ ਕਰਦੀ ਹੈ ਕਿ ਅਕਾਲੀ ਆਗੂ ਲੋਕਾਂ ਵਿੱਚ ਆਪਣਾ ਆਧਾਰ ਗੁਆ ਲੈਣ ਤੋਂ ਬਾਅਦ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਆ ਗਏ ਹਨ ਅਤੇ ਇਸ ਤਰ੍ਹਾਂ ਦੀ ਹੋਛੀ ਸਿਆਸਤ ਨਾਲ ਮੁੜ ਤੋਂ ਚਰਚਾ ਵਿੱਚ ਆਉਣਾ ਚਾਹੁੰਦੇ ਹਨ।

ਕਾਂਗਰਸੀ ਆਗੂਆਂ ਨੇ ਅੱਗੇ ਕਿਹਾ ਕਿ ਸਮੁੱਚਾ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਪਿਤਾ ਮਰਹੂਮ ਸ. ਸੰਤੋਖ ਸਿੰਘ ਰੰਧਾਵਾ ਦੀ ਪੰਜਾਬ ਦੇ ਹਿੱਤਾਂ ਲਈ ਕੀਤੀ ਕੁਰਬਾਨੀ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ। ਜਿਸ ਤਰ੍ਹਾਂ ਰੰਧਾਵਾ ਪਰਿਵਾਰ ਨੇ ਪੰਜਾਬ ਦੇ ਕਾਲੇ ਦੌਰ ਦੌਰਾਨ ਡਟ ਕੇ ਲੜਾਈ ਲੜੀ, ਉਹ ਕਿਸੇ ਤੋਂ ਲੁਕਿਆ ਨਹੀਂ।

ਇਸਦੇ ਉਲਟ ਜਿਸ ਤਰ੍ਹਾਂ ਅਕਾਲੀ ਆਗੂ ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ਦੇ ਪੰਜਾਬ ਨੂੰ ਨਸ਼ੇ ਵਿੱਚ ਗਲਤਾਨ ਕਰਨ ਵਾਲੇ ਅਨਸਰਾਂ ਨਾਲ ਸਬੰਧਾਂ ਦੇ ਖੁਲਾਸੇ ਹੁੰਦੇ ਰਹੇ, ਉਹ ਇਹ ਸਾਫ਼ ਜ਼ਾਹਿਰ ਕਰਦਾ ਹੈ ਕਿ ਅਕਾਲੀ ਆਗੂਆਂ ਤੋਂ ਵੱਡਾ ਪੰਥ ਅਤੇ ਪੰਜਾਬ ਦਾ ਦੋਖੀ ਹੋਰ ਕੋਈ ਨਹੀਂ ਹੋ ਸਕਦਾ।

ਕਾਂਗਰਸੀ ਆਗੂਆਂ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਅਕਾਲੀਆਂ ਦੇ 10 ਵਰ੍ਹਿਆਂ ਦੇ ਕੁਸ਼ਾਸਨ ਦੌਰਾਨ ਰੇਤ ਮਾਫ਼ੀਆ, ਭੂ-ਮਾਫ਼ੀਆ ਅਤੇ ਕੇਬਲ ਮਾਫ਼ੀਆ ਵਧਿਆ-ਫੁੱਲਿਆ ਅਤੇ ਪੰਜਾਬ ਦਾ ਅਰਥਚਾਰਾ ਨਿਵਾਣ ਵੱਲ ਗਿਆ, ਉਸਨੂੰ ਵੇਖਦੇ ਹੋਏ ਅਕਾਲੀ ਆਗੂਆਂ ਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿ ਉਹ ਸ. ਸੁਖਜਿੰਦਰ ਸਿੰਘ ਰੰਧਾਵਾ ਵਰਗੇ ਦੇਸ਼ ਭਗਤ ਆਗੂ ‘ਤੇ ਉਂਗਲ ਚੁੱਕਣ, ਕਿਉਂਕਿ ਜਿਨ੍ਹਾਂ ਲੋਕਾਂ ਦੇ ਖੁਦ ਦੇ ਘਰ ਸ਼ੀਸ਼ੇ ਦੇ ਹੁੰਦੇ ਹਨ, ਉਹ ਦੂਜਿਆਂ ‘ਤੇ ਪੱਥਰ ਨਹੀਂ ਸੁੱਟਦੇ। ਉਨ੍ਹਾਂ ਕਿਹਾ ਕਿ ਬੇਅਦਬੀ ਜਿਹੇ ਘਿਨਾਉਣੇ ਪਾਪ ਲਈ ਵੀ ਅਕਾਲੀ ਦਲ ਜ਼ਿੰਮੇਵਾਰ ਹੈ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਅਕਾਲੀ ਆਗੂਆਂ ਵੱਲੋਂ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਨ ਸਦਕਾ ਹੀ ਸਾਡੀ ਸਰਕਾਰ ਵਿਰਾਸਤ ਵਿੱਚ ਇਹ ਸਭ ਕੁੱਝ ਮਿਲਿਆ ਪਰ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਹੇਠ ਸੂਬਾ ਸਰਕਾਰ ਨੇ ਆਪਣੇ ਢਾਈ ਸਾਲ ਦੇ ਕਾਰਜਕਾਲ ਵਿੱਚ ਨਸ਼ਿਆਂ ਉਤੇ ਲਗਾਮ ਕਸੀ ਅਤੇ ਗੈਂਗਸਟਾਰਾਂ ਨੂੰ ਵੀ ਨੱਥ ਪਾਈ।

ਉਨ੍ਹਾਂ ਕਿਹਾ ਕਿ ਇਹ ਗੱਲ ਜੱਗ ਜ਼ਾਹਰ ਹੈ ਕਿ ਸੂਬੇ ਵਿੱਚ ਗੈਂਗਸਟਰ ਕਲਚਰ ਦੀ ਸ਼ੁਰੂਆਤ ਅਤੇ ਚਿੱਟੇ ਦਾ ਕਾਰੋਬਾਰ ਅਕਾਲੀ ਦਲ ਦੇ 10 ਸਾਲ ਦੇ ਕਾਰਜਕਾਲ ਦੌਰਾਨ ਹੀ ਸ਼ੁਰੂ ਹੋਇਆ ਅਤੇ ਅੱਜ ਅਕਾਲੀ ਆਗੂ ਕਿਹੜੇ ਮੂੰਹ ਨਾਲ ਦੁਹਾਈ ਪਾ ਰਹੇ ਹਨ।

ਉਨ੍ਹਾਂ ਸ. ਰੰਧਾਵਾ ਉਤੇ ਚਿੱਕੜ ਸੁੱਟਣ ਵਾਲੇ ਮਜੀਠੀਆ ਨੂੰ ਚੇਤੇ ਕਰਵਾਉਂਦੇ ਕਿਹਾ ਕਿ ਉਹ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਆਪਣੀ ਜੱਗ ਜ਼ਾਹਰ ਹੋਈਆਂ ਤਸਵੀਰਾਂ ਬਾਰੇ ਵੀ ਸਪੱਸ਼ਟੀਕਰਨ ਦੇਵੇ। ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਅਕਾਲੀ ਸਾਰੀ ਉਮਰ ਆਪਣੇ ਉਪਰੋਂ ਧਾਰਮਿਕ ਬੇਅਦਬੀਆਂ ਦਾ ਕਲੰਕ ਨਹੀਂ ਲਾ ਸਕਦੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION