ਯੈੱਸ ਪੰਜਾਬ
ਹੁਸ਼ਿਆਰਪੁਰ, 23 ਮਾਰਚ, 2022 –
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਲਾਜਵੰਤੀ ਸਟੇਡੀਅਮ ਵਿਚ ਆਯੋਜਿਤ ਕਰਾਫ਼ਟਸ ਬਾਜ਼ਾਰ ਵਿਚ 24 ਮਾਰਚ ਨੂੰ ਸ਼ਾਮ 7 ਵਜੇ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਲਾਈਵ ਪ੍ਰਦਰਸ਼ਨ ਹੋਵੇਗਾ, ਜਿਸ ਸਬੰਧੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਕਰਾਫ਼ਟਸ ਬਾਜ਼ਾਰ ਵਿਚ ਐਂਬੂਲੈਂਸ, ਫਾਇਰ ਬ੍ਰਿਗੇਡ, ਸੀ.ਸੀ.ਟੀ.ਵੀ. ਕੈਮਰਿਆਂ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ।
ਇਸ ਤੋਂ ਇਲਾਵਾ ਆਉਣ ਵਾਲੇ ਦਰਸ਼ਕਾਂ ਲਈ ਪੀਣ ਲਈ ਪਾਣੀ, ਡਸਟਬਿਨ, ਟੈਂਪਰੇਰੀ ਪਖਾਨੇ, ਪਾਰਕਿੰਗ, ਟਿਕਟ ਕਾਊਂਟਰ ਦਾ ਵੀ ਉਚਿਤ ਪ੍ਰਬੰਧ ਹੈ ਤਾਂ ਜੋ ਆਉਣ ਵਾਲੇ ਦਰਸ਼ਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 27 ਮਾਰਚ ਨੂੰ ਸ਼ਾਮ 7 ਵਜੇ ਕਰਾਫ਼ਟਸ ਬਾਜ਼ਾਰ ਵਿਚ ਸਟੈਂਡਅਪ ਕਾਮੇਡੀਅਨ ਮਨਪ੍ਰੀਤ ਸਿੰਘ ਵੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਲੋਕਾਂ ਨੂੰ ਕਰਾਫ਼ਟਸ ਬਾਜ਼ਾਰ ਵਿਚ ਪਰਿਵਾਰ ਸਮੇਤ ਆਉਣ ਦੀ ਅਪੀਲ ਕੀਤੀ ਹੈ।
ਸਟਾਰ ਨਾਈਟ ਵਿਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਅੱਜ ਐਸ.ਐਸ.ਪੀ. ਸ੍ਰੀ ਧਰੁਮਨ ਐਚ.ਨਿੰਬਾਲੇ ਨੇ ਵੀ ਲਾਜਵੰਤੀ ਸਟੇਡੀਅਮ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਦੀਪ ਸਿੰਘ, ਐਸ.ਡੀ.ਐਮ. ਸ੍ਰੀ ਸ਼ਿਵ ਰਾਜ ਸਿੰਘ ਬੱਲ ਤੋਂ ਇਲਾਵਾ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਐਸ.ਐਸ.ਪੀ. ਨੇ ਦੱਸਿਆ ਕਿ ਸਟਾਰ ਨਾਈਟ ਸਬੰਧੀ ਸੁਰੱਖਿਆ ਤੇ ਟਰੈਫਿਕ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਤੇ ਟਰੈਫਿਕ ਵਿਵਸਥਾ ਸਬੰਧੀ ਇਕ ਐਸ.ਪੀ.,5 ਡੀ.ਐਸ.ਪੀ., 7 ਇੰਸਪੈਕਟਰ ਤੇ ਸਬ-ਇੰਸਪੈਕਟਰ ਸਮੇਤ 252 ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਲਾਜਵੰਤੀ ਸਟੇਡੀਅਮ ਵਿਚ ਵਿਸ਼ੇਸ਼ ਪੁਲਿਸ ਦਸਤਾ ਤਾਇਨਾਤ ਕਰਨ ਤੋਂ ਇਲਾਵਾ ਪੁਲਿਸ ਲਾਈਨ ਵਿਚ ਰਿਜ਼ਰਵ ਪੁਲਿਸ ਫੋਰਸ ਵੀ ਤਿਆਰ ਰੱਖੀ ਗਈ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ