ਅੱਜ-ਨਾਮਾ
ਕਰ`ਤੀ ਰੈਲੀ ਸੰਗਰੂਰ ਵਿੱਚ ਬਾਦਲਾਂ ਨੇ,
ਸਾਰੇ ਭਾਸ਼ਣ ਸੀ ਗਰਮ ਤੋਂ ਗਰਮ ਬੇਲੀ।
ਮੁੜ-ਮੁੜ ਭੰਡਿਆ ਸਾਰਿਆਂ ਢੀਂਡਸੇ ਨੂੰ,
ਕਹਿੰਦੇ ਲੱਥ ਜਾਊ ਓਸ ਦਾ ਭਰਮ ਬੇਲੀ।
ਟੋਣੇ ਬਹੁਤ ਸੀ ਲਾਏ ਗਏ ਕਾਂਗਰਸ`ਤੇ,
ਕੀਤਾ ਕਿਸੇ ਨੇ ਵਾਰ ਨਹੀਂ ਨਰਮ ਬੇਲੀ।
ਕਹਿੰਦੇ ਸਾਡੇ ਲਈ ਪਿੱਛੋਂ ਹੈ ਰਾਜਨੀਤੀ,
ਗੱਦੀ ਪਿੱਛੋਂ ਤੇ ਪਹਿਲਾਂ ਹੈ ਧਰਮ ਬੇਲੀ।
ਕੀਤੀ ਪਿਛਾਂਹ ਗਈ ਕੌਰ ਜਗੀਰ ਬੀਬੀ,
ਬੋਲਣ ਜੋਗਾ ਵੀ ਦਿੱਤਾ ਨਾ ਵਕਤ ਬੇਲੀ|
ਆਇਆ ਨਜ਼ਰ ਮਜੀਠੀਆ ਨਹੀਂ ਹੈਸੀ,
ਰੜਕੇ ਕਿਤੇ ਨਹੀਂ ਓਸ ਦੇ ਭਗਤ ਬੇਲੀ।
-ਤੀਸ ਮਾਰ ਖਾਂ
3 ਫਰਵਰੀ, 2020