36.1 C
Delhi
Friday, March 29, 2024
spot_img
spot_img

ਕਰਤਾਰਪੁਰ ਸਾਹਿਬ – ਡਾ: ਉਬਰਾਏ ਇਸ ਸਾਲ 1100 ਦੀ ਥਾਂ 2500 ਸ਼ਰਧਾਲੂਆਂ ਨੂੰ ਕਰਵਾਉਣਗੇ ਦਰਸ਼ਨ

ਚੰਡੀਗੜ੍ਹ/ਮੋਹਾਲੀ, 8 ਮਾਰਚ, 2020:

ਮਨੁੱਖਤਾ ਦੇ ਸਰਬ-ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚੋਂ ਉਜਾਗਰ ਹੁੰਦੀ ਸੱਚੀ-ਸੁੱਚੀ ਕਿਰਤ ਕਰਨ,ਵੰਡ ਛੱਕਣ ਤੇ ’ਸਰਬੱਤ ਦੇ ਭਲੇ’ ਦੀ ਭਾਵਨਾ ਤੇ ਤਨੋ-ਮਨੋ ਪਹਿਰਾ ਦੇਣ ਵਾਲੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਅੈੱਸ.ਪੀ.ਸਿੰਘ ਓਬਰਾਏ ਵੱਲੋਂ ਗੁਰੂ ਸਾਹਿਬ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਿਸਾਲੀ ਪਹਿਲਕਦਮੀ ਕਰਦਿਆਂ ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚ ‘ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਦੀਦਾਰੇ ਕਰਵਾਉਣ ਦੇ ਚੁੱਕੇ ਬੀੜੇ ਤਹਿਤ ਅੱਜ ਡਾ.ਓਬਰਾਏ ਦੇ ਧਰਮ ਪਤਨੀ ਮਨਿੰਦਰ ਕੌਰ ਓਬਰਾਏ ਨੇ 107 ਸ਼ਰਧਾਲੂਆਂ ਦੇ ਇੱਕ ਜਥਾ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਝੰਡੀ ਵਿਖਾ ਕੇ ਰਵਾਨਾ ਕੀਤਾ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਮਨਿੰਦਰ ਕੌਰ ਓਬਰਾਏ ਨੇ ਦੱਸਿਆ ਕਿ ਲਾਂਘਾ ਖੁੱਲਣ ਕਾਰਨ ਬਾਬੇ ਨਾਨਕ ਦੇ ਦਰ ਦੇ ਦਰਸ਼ਨ ਕਰਨ ਲਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਮਨਾਂ ਅੰਦਰ ਭਾਰੀ ਚਾਅ ਤੇ ਉਤਸ਼ਾਹ ਹੈ ਪਰ ਡਾ: ਐਸ.ਪੀ.ਸਿੰਘ ਓਬਰਾਏ ਦੇ ਧਿਆਨ ‘ਚ ਆਇਆ ਸੀ ਕਿ ਲੰਮੀ-ਚੌੜੀ ਕਾਗ਼ਜ਼ੀ ਕਾਰਵਾਈ ਅਤੇ ਇਸ ਯਾਤਰਾ ਦੌਰਾਨ ਆਉਣ ਵਾਲਾ ਖਰਚ ਹਰੇਕ ਸ਼ਰਧਾਲੂ ਦੀ ਜੇਬ ਨਹੀਂ ਚੁੱਕ ਰਹੀ।

ਜਦ ਕਿ ਉਨ੍ਹਾਂ ਦੀ ਇੱਛਾ ਹੈ ਕਿ ਵੱਧ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਸਕਣ। ਜਿਸ ਕਰਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਫੈਸਲੇ ਅਨੁਸਾਰ ਪਹਿਲੇ ਪੜਾਅ ਤਹਿਤ 30 ਨਵੰਬਰ 2020 ਤੱਕ 1100 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚੇ ‘ਤੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਦਾ ਫ਼ੈਸਲਾ ਕੀਤਾ ਸੀ ਪਰ ਹੁਣ ਸੰਗਤਾਂ ਦੇ ਉਤਸ਼ਾਹ ਨੂੰ ਵੇਖਦਿਆਂ ਹੋਇਆਂ ਹੁਣ ਟਰੱਸਟ ਨੇ 1100 ਦੀ ਥਾਂ 2500 ਸ਼ਰਧਾਲੂਆਂ ਨੂੰ ਦਰਸ਼ਨ ਕਰਾਉਣ ਦਾ ਫੈਸਲਾ ਲਿਆ ਹੈ ।

ਉਨ੍ਹਾਂ ਦੱਸਿਆ ਕਿ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਅੱਜ ਜਾਣ ਵਾਲੇ ਜੱਥੇ ਵਿੱਚ 107 ਸ਼ਰਧਾਲੂ ਸ਼ਾਮਿਲ ਹਨ,ਜਿਨ੍ਹਾਂ ਵਿੱਚ 44 ਮਰਦ ਤੇ 8 ਅੌਰਤਾਂ ਭਾਵ 52 ਸ਼ਰਧਾਲੂ ਅਜਿਹੇ ਵੀ ਸ਼ਾਮਿਲ ਹਨ ਜੋ ਨਾ ਤਾਂ ਬੋਲ ਸਕਦੇ ਹਨ ਤੇ ਨਾ ਹੀ ਸੁਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੁੱਚੇ ਜਥੇ ਲਈ ਰਸਤੇ ‘ਚ ਖਾਣ ਪੀਣ ਦਾ ਪ੍ਰਬੰਧ ਵੀ ਟਰੱਸਟ ਵੱਲੋਂ ਕੀਤਾ ਗਿਆ ਹੈ ।

ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਆਪਣੇ ਖਰਚੇ ਤੇ ਆਉਂਦੇ ਕੁਝ ਦਿਨਾਂ ‘ਚ ਹੋਰ ਜਥੇ ਵੀ ਦਰਸ਼ਨਾਂ ਲਈ ਭੇਜੇ ਜਾ ਰਹੇ ਹਨ।

ਜਿਨ੍ਹਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ 51 ਵਿਦਿਆਰਥੀ ਯੂਨੀਵਰਸਿਟੀ ਦੇ ਵੀ.ਸੀ.ਦੀ ਅਗਵਾਈ ਹੇਠ ਜਾਣਗੇ ਜਦ ਕਿ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ 51 ਵਿਦਿਆਰਥੀ ਵਿਭਾਗ ਦੇ ਮੁਖੀ ਦੀ ਅਗਵਾਈ ਹੇਠ ਯੂਨੀਵਰਸਿਟੀ ਤੋਂ ਰਵਾਨਾ ਹੋਣਗੇ ਅਤੇ ਸਿੱਖ ਮਾਰਸ਼ਲ ਆਰਟ ਗਤਕਾ ਨਾਲ ਸਬੰਧਤ 51 ਲੜਕੇ-ਲੜਕੀਆਂ ਗੱਤਕਾ ਕੋਚ ਗੁਰਵਿੰਦਰ ਕੌਰ ਖਾਲਸਾ ਦੀ ਅਗਵਾਈ ਹੇਠ ਸੀਚੇਵਾਲ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਣਗੇ।

ਉਨ੍ਹਾਂ ਦੱਸਿਆ ਕਿ ਗੱਤਕੇ ਨਾਲ ਸਬੰਧਤ ਲੜਕੇ ਲੜਕੀਆਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਪਹੁੰਚ ਕੇ ਸੰਗਤਾਂ ਨੂੰ ਗੱਤਕੇ ਦੇ ਜੌਹਰ ਵੀ ਵਿਖਾਉਣਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਹੁਣ ਅਜਿਹੇ ਸ਼ਰਧਾਲੂਆਂ ਦੇ ਪਾਸਪੋਰਟ ਵੀ ਅਾਪਣੇ ਖਰਚ ‘ਤੇ ਬਣਵਾ ਕੇ ਦੇ ਰਹੀ ਹੈ,ਜੋ ਅਾਪ ਪਾਸਪੋਰਟ ਨਹੀਂ ਬਣਵਾ ਸਕਦੇ।

ਦੱਸਣਯੋਗ ਹੈ ਕਿ ਟਰੱਸਟ ਰਾਹੀਂ ਦਰਸ਼ਨ ਕਰਨ ਜਾਣ ਲਈ ਚੁਣੇ ਗਏ ਸ਼ਰਧਾਲੂ ਦਾ ਟਰੱਸਟ ਵੱਲੋਂ ਹੀ ਅਾਨਲਾਈਨ ਅਪਲਾਈ ਕੀਤਾ ਜਾਂਦਾ ਹੈ ਅਤੇ ਸਰਕਾਰ ਵੱਲੋਂ ਮਨਜ਼ੂਰੀ ਮਿਲ ਜਾਣ ਉਪਰੰਤ ਟਰੱਸਟ ਫਿਰ ਉਸ ਸ਼ਰਧਾਲੂ ਦਾ ਘਰ ਤੋਂ ਲੈ ਕੇ ਦਰਸ਼ਨ ਕਰਨ ਉਪਰੰਤ ਫਿਰ ਘਰ ਤੱਕ ਪਹੁੰਚਣ ਦਾ ਸਾਰਾ ਖ਼ਰਚ ਅਾਪ ਕਰਦਾ ਹੈ।

ਉਨ੍ਹਾਂ ਕਿਹਾ ਕਿ ਜੋ ਅਾਮ ਸ਼ਰਧਾਲੂ ਖਰਚ ਤਾਂ ਅਾਪ ਕਰ ਸਕਦੇ ਹਨ ਪਰ ਉਨਾਂ ਨੂੰ ਫ਼ਾਰਮ ਅਾਦਿ ਭਰਨ ‘ਚ ਦਿੱਕਤ ਅਾ ਰਹੀ ਹੈ ਉਹ ਵੀ ਸੰਪਰਕ ਕਰ ਸਕਦੇ ਹਨ। ਟਰੱਸਟ ਦੀ ਸੇਵਾ ਦਾ ਲਾਭ ਲੈਣ ਦੇ ਚਾਹਵਾਨ ਸ਼ਰਧਾਲੂ ਟਰੱਸਟ ਦੇ ਜਲੰਧਰ ਵਿਚਲੇ ਦਫ਼ਤਰ ਦੇ ਹੈਲਪ ਲਾਈਨ ਨੰਬਰ 01815096900 ਤੇ ਸਵੇਰੇ 9 ਤੋਂ ਸ਼ਾਮ 5.30 ਵਜੇ ਤੱਕ ਸੰਪਰਕ ਕਰ ਸਕਦੇ ਹਨ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION