35.8 C
Delhi
Friday, March 29, 2024
spot_img
spot_img

ਕਰਤਾਰਪੁਰ ਲਾਂਘਾ – ਆਨਲਾਈਨ ਅਰਜ਼ੀਆਂ ਵਾਸਤੇ ਸਮਾਂ 30 ਦਿਨ ਤੋਂ ਘਟਾਇਆ ਜਾਵੇ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ, 1 ਅਕਤੂਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੌਰਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਵਾਸਤੇ ਆਨਲਾਈਨ ਅਪਲਾਈ ਕਰਨ ਲਈ ਮਿੱਥੇ ਗਏ 30 ਦਿਨ ਦੇ ਸਮੇਂ ਨੂੰ ਘਟਾਉਣ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਨੇ ਅੱਜ ਇੱਥੇ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਟੀਮ ਨੂੰ ਸ਼ਰਧਾਲੂਆਂ ਲਈ ਈ-ਪਰਮਿਟ ਜਾਰੀ ਕਰਨ ਦੀ ਸੰਭਾਵਨਾ ਤਲਾਸ਼ਣ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿਖੇ ਪਾਸਪੋਰਟ ਸੇਵਾ ਕੇਂਦਰ ਸਥਾਪਤ ਕਰਨ ਲਈ ਵੀ ਆਖਿਆ ਤਾਂ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਅਪਲਾਈ ਕਰਨ ਵਾਲੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੂੰ ਸਹੂਲਤ ਹਾਸਲ ਹੋ ਸਕੇ।

ਉਨਾਂ ਕਿਹਾ ਕਿ ਅਜਿਹਾ ਸੇਵਾ ਕੇਂਦਰ ਦੂਰ-ਦਰਾਡੇ ਅਤੇ ਪੇਂਡੂ ਇਲਾਕਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਸਹਾਈ ਸਿੱਧ ਹੋਵੇਗਾ। ਇਸ ਦੇ ਨਾਲ ਹੀ ਉਨਾਂ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ ’ਤੇ ਦਬਾਅ ਬਣਾ ਕੇ ਸ਼ਰਧਾਲੂਆਂ ਲਈ ਮਿੱਥੀ 20 ਡਾਲਰ ਫੀਸ ਨੂੰ ਹਟਾਉਣ ਦੀ ਮੁੜ ਅਪੀਲ ਕੀਤੀ।

ਇਸੇ ਦੌਰਾਨ ਮੁੱਖ ਮੰਤਰੀ ਨੇ ਚੰਡੀਗੜ ਦੇ ਰੀਜਨਲ ਪਾਸਪੋਰਟ ਅਫ਼ਸਰ ਨੂੰ ਆਖਿਆ ਕਿ ਸ਼ਰਧਾਲੂਆਂ ਨੂੰ ਪਹਿਲ ਦੇ ਆਧਾਰ ’ਤੇ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਉਣ ਲਈ ਫਾਸਟ ਟਰੈਕ ਅਤੇ ਪਹੁੰਚਯੋਗ ਢੰਗ-ਤਰੀਕਾ ਯਕੀਨੀ ਬਣਾਉਣ ਲਈ ਆਖਿਆ। ਉਨਾਂ ਨੇ ਵਿਭਾਗ ਨੂੰ ਇਹ ਵੀ ਆਖਿਆ ਕਿ ਆਨਲਾਈਨ ਅਪਲਾਈ ਕਰਨ ਲਈ ਸ਼ਰਧਾਲੂਆਂ ਦੀ ਮਦਦ ਵਾਸਤੇ ਸੂਬਾ ਭਰ ਵਿੱਚ ਪਾਸਪੋਰਟ ਕੈਂਪ ਲਾਉਣੇ ਤੁਰੰਤ ਸ਼ੁਰੂ ਕੀਤੇ ਜਾਣ।

ਸ਼ਰਧਾਲੂਆਂ ਦੀ ਸਹੂਲਤ ਲਈ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪ੍ਰਤੀ ਵਿਅਕਤੀ 10 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਏ ਕਿ ਲਾਂਘੇ ਵਾਲੀ ਥਾਂ ’ਤੇ ਪਾਕਿਸਤਾਨ ਵੱਲੋਂ ਕਰੰਸੀ ਵਟਾਉਣ ਲਈ ਲੋੜੀਂਦੇ ਬੂਥ ਸਥਾਪਤ ਕੀਤੇ ਜਾਣ।

ਭਾਰਤ ਵਾਲੇ ਪਾਸੇ ਉਸਾਰੇ ਜਾ ਰਹੇ ਪੁਲ ਅਤੇ ਚਾਰ-ਮਾਰਗੀ ਹਾਈਵੇਅ ਦੇ ਨਾਲ-ਨਾਲ ਦਰਸ਼ਨ ਸਥਲ ਦੇ ਡਿਜ਼ਾਈਨ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕੇਂਦਰੀ ਟੀਮ ਨੂੰ ਇਨਾਂ ਦਾ ਕੰਮ ਛੇਤੀ ਤੋਂ ਛੇਤੀ ਨਿਬੇੜਣ ਲਈ ਆਖਿਆ।

177.50 ਕਰੋੜ ਦੀ ਲਾਗਤ ਨਾਲ ਉਸਾਰੀ ਜਾ ਰਹੇ ਆਲਾ ਦਰਜੇ ਦੀ ਪੈਸੰਜਰ ਟਰਮੀਨਲ ਦੀ ਇਮਾਰਤ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਕੇਂਦਰੀ ਟੀਮ ਵੱਲੋਂ ਇਸ ਦੀ ਪ੍ਰਗਤੀ ਦੀ ਨੇੜਿਓਂ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਇਹ ਪ੍ਰੋਜੈਕਟ 31 ਅਕਤੂਬਰ, 2019 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।

ਮੁੱਖ ਮੰਤਰੀ ਨੇ ਮੌਜੂਦਾ ਸਾਲ ਦੌਰਾਨ ਅੰਤਰਰਾਸ਼ਟਰੀ ਸਰਹੱਦ ਨਾਲ ਜੁੜਨ ਲਈ ਆਰਜ਼ੀ ਤੌਰ ’ਤੇ ਉਸਾਰੀ ਜਾ ਰਹੀ ਸਰਵਿਸ ਰੋਡ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਹ ਪ੍ਰੋਜੈਕਟ 15 ਅਕਤੂਬਰ, 2019 ਤੱਕ ਮੁਕੰਮਲ ਹੋ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਟੀਮ ਨੂੰ ਆਖਿਆ ਕਿ ਸ਼ਹਿਰੀ ਹਵਾਬਾਜ਼ੀ ਵਿਭਾਗ ਅਤੇ ਰੇਲਵੇ ਵੱਲੋਂ ਕ੍ਰਮਵਾਰ ਅੰਮਿ੍ਰਤਸਰ ਹਵਾਈ ਅੱਡੇ ਅਤੇ ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਦਿੱਖ ਸੰਵਾਰਨ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਜ਼ਾਨਾ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਬਾਰੇ ਪੁੱਛੇ ਜਾਣ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐਸ.ਸੀ.ਐਲ. ਦਾਸ ਨੇ ਦੱਸਿਆ ਕਿ ਕੇਂਦਰੀ ਟੀਮ ਨੇ ਆਪਣੇ ਪਾਕਿਸਤਾਨੀ ਹਮਰੁਤਬਿਆਂ ਕੋਲ ਇਸ ਮਸਲੇ ਨੂੰ ਉਠਾਇਆ ਹੋਇਆ ਹੈ। ਪਾਕਿਸਤਾਨ ਹੁਣ ਤੱਕ ਰੋਜ਼ਾਨਾ ਵੱਧ ਤੋਂ ਵੱਧ 5000 ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਦੇਣ ਲਈ ਸਹਿਮਤ ਹੋਇਆ ਹੈ ਅਤੇ ਵਿਸ਼ੇਸ਼ ਦਿਨਾਂ ਦੌਰਾਨ ਇਸ ਦੀ ਹੱਦ ਵਧਾਉਂਦਿਆਂ 10,000 ਜਾਂ ਇਸ ਤੋਂ ਵੱਧ ਹੋਵੇਗੀ।

ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਜਾਂਚ ਬਿਊਰੋ ਦੇ ਕਮਿਸ਼ਨਰ ਰਾਜੀਵ ਰੰਜਨ ਵਰਮਾ ਨੇ ਆਪਣੀ ਪੇਸ਼ਕਾਰੀ ਦਿੰਦਿਆਂ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਅਪਲਾਈ ਕਰਨ ਲਈ ਆਨਲਾਈਨ ਪੋਰਟਲ ਦੀ ਸ਼ੁਰੂਆਤ ਛੇਤੀ ਹੀ ਕੀਤੀ ਜਾਵੇਗੀ ਅਤੇ ਇਹ ਪੋਰਟਲ ਗੁਰਮੁਖੀ ਅਤੇ ਅੰਗਰੇਜ਼ੀ, ਦੋਵੇਂ ਭਾਸ਼ਾਵਾਂ ਵਿੱਚ ਹੋਵੇਗਾ।

ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਭਾਰਤ ਸਰਕਾਰ ਨੇ ਡੇਰਾ ਬਾਬਾ ਨਾਨਕ ਵਿਖੇ ਪੁਲਿਸ ਅਤੇ ਸੁਰੱਖਿਆ ਦੇ ਮਜ਼ਬੂਤ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ 15,78,09,000 ਦੀ ਰਕਮ ਪ੍ਰਵਾਨ ਕੀਤੀ ਹੈ। ਇਸ ਬੁਨਿਆਦੀ ਢਾਂਚੇ ਵਿੱਚ ‘ਐਚ’ ਟਾਈਪ ਬਿਲਡਿੰਗ ਵਾਲਾ ਪੁਲੀਸ ਥਾਣਾ, ਪੁਲੀਸ ਲਈ ਦਫ਼ਤਰ ਦੀ ਜਗਾ ਤੋਂ ਇਲਾਵਾ 50 ਰਿਹਾਇਸ਼ੀ ਫਲੈਟ ਅਤੇ 150 ਪੁਲੀਸ ਮੁਲਾਜ਼ਮਾਂ ਲਈ ਹੋਸਟਲ ਦੀ ਰਿਹਾਇਸ਼ ਸ਼ਾਮਲ ਹੈ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਵਿਜੇ ਇੰਦਰ ਸਿੰਗਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸੰਤ ਸਮਾਜ ਦੀ ਉੱਘੀ ਸਖਸ਼ੀਅਤ ਬਾਬਾ ਸਰਬਜੋਤ ਸਿੰਘ ਬੇਦੀ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰਾ, ਵਧੀਕ ਮੁੱਖ ਸਕੱਤਰ ਸਹਿਕਾਰਤਾ ਕਲਪਨਾ ਮਿੱਤਲ ਬਰੂਆ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਜਲ ਸਰੋਤ ਸਰਬਜੀਤ ਸਿੰਘ, ਡੀ.ਜੀ.ਪੀ ਦਿਨਕਰ ਗੁਪਤਾ, ਡੀ.ਜੀ.ਪੀ. ਇੰਟੈਲੀਜੈਂਸ ਵੀ.ਕੇ. ਭਾਵਰਾ ਸ਼ਾਮਲ ਸਨ।

ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐਸ.ਸੀ.ਐਲ. ਦਾਸ ਤੋਂ ਇਲਾਵਾ ਜਾਂਚ ਬਿੳੂਰੋ ਦੇ ਕਮਿਸ਼ਨਰ ਰਾਜੀਵ ਰੰਜਨ ਵਰਮਾ, ਖੇਤਰੀ ਪਾਸਪੋਰਟ ਅਧਿਕਾਰੀ ਚੰਡੀਗੜ ਸ਼ੀਬਾਸ਼ ਕਬੀਰਾਜ, ਆਰ.ਪੀ.ਓ ਜਲੰਧਰ ਹਰਮਨਬੀਰ ਸਿੰਘ ਗਿੱਲ ਅਤੇ ਆਰ.ਪੀ.ਓ ਅੰਮਿ੍ਰਤਸਰ ਮੁਨੀਸ਼ ਕੁਮਾਰ ਸ਼ਾਮਲ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION