ਯੈੱਸ ਪੰਜਾਬ
ਅੰਮ੍ਰਿਤਸਰ, 13 ਅਗਸਤ, 2019 –
ਐਸ.ਟੀ.ਐਫ. ਵੱਲੋਂ ਬੀਤੇ ਕਲ੍ਹ ਕਥਿਤ ਤੌਰ ’ਤੇ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਫ਼ੜੇ ਗਏ ਦੋ ਛੋਟੇ ਥਾਣੇਦਾਰਾਂ ਵਿਚੋਂ ਇਕ ਨੇ ਅੱਜ ਆਪਣੇ ਆਪ ਨੂੰ ਪੁਲਿਸ ਹਿਰਾਸਤ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।
ਮ੍ਰਿਤਕ ਦੀ ਪਛਾਣ ਏ.ਐਸ.ਆਈ.ਅਵਤਾਰ ਸਿੰਘ ਵਜੋਂ ਹੋਈ ਹੈ।
ਯਾਦ ਰਹੇ ਕਿ ਬੀਤੇ ਕਲ੍ਹ ਐਸ.ਟੀ.ਐਫ.ਨੇ ਘਰਿੰਡਾ ਥਾਣੇ ਵਿਚ ਤਾਇਨਾਤ ਦੋ ਛੋਟੇ ਥਾਣੇਦਾਰਾਂ ਅਵਤਾਰ ਸਿੰਘ ਅਤੇ ਜ਼ੋਰਾਵਰ ਸਿੰਘ ਨੂੰ ਹੈਰੋਇਨ ਸਣੇ ਕਾਬੂ ਕੀਤਾ ਸੀ ਹਾਲਾਂਕਿ ਇਹ ਖੁਲਾਸਾ ਨਹੀਂ ਕੀਤਾ ਗਿਆ ਸੀ ਕਿ ਇਨ੍ਹਾਂ ਤੋਂ ਕਿੰਨੀ ਹੈਰੋਇਨ ਬਰਾਮਦ ਕੀਤੀ ਗਈ ਹੈ।
ਦੋਹਾਂ ਦੇ ਖਿਲਾਫ਼ ਐਨ.ਡੀ.ਪੀ.ਐਸ.ਦੀਆਂ ਧਾਰਾਵਾਂ 21,27, 29,61 ਅਤੇ 85 ਤਹਿਤ ਮਾਮਲਾ ਘਰਿੰਡਾ ਥਾਣੇ ਵਿਚ ਹੀ ਦਰਜ ਕੀਤਾ ਗਿਆ ਸੀ ਅਤੇ ਦੋਹਾਂ ਖਿਲਾਫ਼ ਵਿਭਾਗੀ ਪੜਤਾਲ ਸ਼ੁਰੂ ਕਰਨ ਦੇ ਆਦੇਸ਼ ਵੀ ਕੀਤੇ ਗਏ ਸਨ।
ਇਸ ਮਾਮਲੇ ਵਿਚ ਇਹ ਗੱਲ ਅਜੇ ਤਾਈਂ ਸਾਹਮਣੇ ਨਹੀਂ ਆਈ ਕਿ ਇੰਨੇ ਗੰਭੀਰ ਮਾਮਲੇ ਵਿਚ ਐਸ.ਟੀ.ਐਫ. ਵੱਲੋਂ ਹਿਰਾਸਤ ਵਿਚ ਲਏ ਪੁਲਿਸ ਦੇ ਏ.ਐਸ.ਆਈ. ਕੋਲ ਪੁਲਿਸ ਹਿਰਾਸਤ ਦੇ ਅੰਦਰ ਪਿਸਤੌਲ ਕਿੱਥੋਂ ਆਈ ਜਿਸ ਨਾਲ ਉਸਨੇ ਖੁਦਕੁਸ਼ੀ ਕਰ ਲਈ।