26.1 C
Delhi
Saturday, April 20, 2024
spot_img
spot_img

ਐਸ.ਆਈ.ਟੀ. ਨੇ 1984 ਦੇ ਸਿੱਖ ਕਤਲੇਆਮ ਦੇ ਕਮਲਨਾਥ ਵਾਲੇ ਕੇਸ ਦਾ ਰਿਕਾਰਡ ਕਬਜ਼ੇ ਵਿੱਚ ਲਿਆ

ਨਵੀਂ ਦਿੱਲੀ, 13 ਮਾਰਚ, 2020 –

1984 ਦੇ ਸਿੱਖ ਕਤਲੇਆਮ ਦੇ ਕੇਸਾਂ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਐਫ ਆਈ ਆਰ ਨੰਬਰ 601/84 ਦਾ ਰਿਕਾਰਡ ਜ਼ਬਤ ਕਰ ਲਿਆ ਹੈ । ਇਸ ਕੇਸ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਮੁਲਜ਼ਮ ਹਨ ਤੇ ਸਬੂਤਾਂ ਤੋਂ ਕਤਲੇਆਮ ਦੌਰਾਨ ਤਿੰਨ ਸਿੱਖਾਂ ਦਾ ਕਤਲ ਕੀਤੇ ਜਾਣ ਵਿਚ ਉਹਨਾਂ ਦੀ ਸਿੱਧੀ ਸ਼ਮੂਲੀਅਤ ਸਾਬਤ ਕਰਦੇ ਕਈ ਖੁਲਾਸੇ ਹੋਏ ਹਨ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।

ਇਹ ਸਬੂਤ ਮੀਡੀਆ ਨਾਲ ਸਾਂਝੇ ਕਰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਐਸ ਆਈ ਟੀ ਜੋ ਕਿ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਕੇਸਾਂ ਦੀ ਜਾਂਚ, ਮੁੜ ਜਾਂਚ ਤੇ ਅਗਲੇਰੀ ਜਾਂਚ ਕਰ ਰਹੀ ਹੈ, ਨੇ ਐਫ ਆਈ ਆਰ ਨੰਬਰ 601/84 ਥਾਣਾ ਪਾਰਲੀਮੈਂਟ ਸਟ੍ਰੀਟ (ਗੋਸਵਾਰਾ ਨੰਬਰ 114/ਐਸ) ਨਾਮ ਸਟੇਟ ਬਨਾਕ ਕਿਸ਼ੋਰ ਬਨਾਕ ਹੋਰ ਦਾ ਰਿਕਾਰਡ ਜ਼ਬਤ ਕਰ ਲਿਆ ਹੈ।

ਸ੍ਰੀ ਸਿਰਸਾ ਨੇ ਦੱਸਿਆ ਕਿ ਇਸ ਰਿਕਾਰਡ ਤੋਂ ਮਿਲੇ ਸਬੂਤਾਂ ਨੇ ਇਹ ਖੁਲਾਸੇ ਕੀਤੇ ਹਨ ਕਿ ਕਮਲਨਾਥ ਇਸ ਕੇਸ ਵਿਚ ਤਿੰਨ ਸਿੱਖਾਂ ਦੇ ਕਤਲੇਆਮ ਵਿਚ ਸਿੱਧੇ ਤੌਰ ‘ਤੇ ਸ਼ਾਮਲ ਸੀ।

ਉਹਨਾਂ ਦੱਸਿਆ ਕਿ ਉਸਦੇ ਸਾਥੀ ਬਿਸਰੂ, ਛੋਟੇ ਲਾਲ ਤੇ ਵਿਸ਼ਨੂੰ ਇਸ ਵਿਚ ਉਸ ਨਾਲ ਸ਼ਾਮਲ ਸਨ ਤੇ ਇਹਨਾਂ ਸਾਰਿਆਂ ਦੀ ਰਿਹਾਇਸ਼ ਦਾ ਜੋ ਪਤਾ ਦਸਤਾਵੇਜ਼ਾਂ ਵਿਚ ਮਿਲਿਆ ਹੈ, ਉਹ ਉਸ ਵੇਲੇ ਕਮਲਨਾਥ ਦੀ ਸਰਕਾਰੀ ਰਿਹਾਇਸ਼ ਨਾਰਥ ਅਵੈਨਿਊ ਦਾ ਪਤਾ ਹੈ। ਉਹਨਾਂ ਕਿਹਾ ਕਿ ਇਸ ਵਿਚੋਂ ਕੁਝ ਸਾਥੀ ਹਾਲੇ ਵੀ ਕਮਲਨਾਥ ਨਾਲ ਮੱਧ ਪ੍ਰਦੇਸ਼ ਵਿਚ ਕੰਮ ਕਰ ਰਹੇ ਹਨ।

ਸ੍ਰੀ ਸਿਰਸਾ ਨੇ ਕਿਹਾ ਕਿ ਕੇਸ ਰਿਕਾਰਡ ਜ਼ਬਤ ਕਰਨ ਤੋਂ ਬਾਅਦ ਐਸ ਆਈ ਟੀ ਹੁਣ ਕਮਲਨਾਥ ਨੂੰ ਸੰਮੰਨ ਭੇਜੇਗੀ ਤੇ ਆਖਿਰਕਾਰ ਉਹ ਇਸ ਕੇਸ ਵਿਚ ਜੇਲ ਜਾਣਗੇ।

ਉਹਨਾਂ ਕਿਹਾ ਕਿ 35 ਸਾਲਾਂ ਤੱਕ ਗਾਂਧੀ ਪਰਿਵਾਰ ਤੋਂ ਮਿਲੀ ਸੁਰੱਖਿਆ ਦੀ ਬਦੌਲਤ ਉਹ ਕਾਨੂੰਨ ਦੇ ਪੰਜੇ ਤੋਂ ਬਚਦੇ ਰਹੇ ਹਨ ਪਰ ਆਖਿਰਕਾਰ ਹੁਣ ਉਹ ਕਾਨੂੰਨ ਦੇ ਸ਼ਿਕੰਜੇ ਵਿਚ ਆ ਜਾਣਗੇ ਤੇ ਉਹਨਾਂ ਨੂੰ 1 ਨਵੰਬਰ 1984 ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਤਿੰਨ ਸਿੱਖਾਂ ਨੂੰ ਕਤਲ ਕਰਨ ਦੇ ਦੋਸ਼ ਵਿਚ ਸਜ਼ਾ ਮਿਲੇਗੀ। ਉਹਨਾਂ ਕਿਹਾ ਕਿ ਜਦੋਂ ਕਮਲਨਾਥ ਜੇਲ ਜਾਣਗੇ ਤਾਂ ਹੀ ਪੀੜਤਾਂ ਨੂੰ ਨਿਆਂ ਮਿਲੇਗਾ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਮੁੜ ਦੁਹਰਾਇਆ ਕਿ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਪੀੜਤਾਂ ਦੀ ਮਦਦ ਕਰਦੇ ਰਹਿਣਗੇ ਤੇ 1984 ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਤੇ ਜੇਲ ਭੇਜਣ ਲਈ ਕੰਮ ਕਰਦੇ ਰਹਿਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION