26.7 C
Delhi
Thursday, April 25, 2024
spot_img
spot_img

ਏ.ਡੀ.ਜੀ.ਪੀ. ਅਸਥਾਨਾ ਦੀ ਲੀਕ ਹੋਈ ਚਿੱਠੀ ’ਤੇ ਖੁਲ੍ਹ ਕੋ ਬੋਲੇ ਮੁੱਖ ਮੰਤਰੀ ਚੰਨੀ – ਕਿਹਾ ਝੁਕਾਂਗੇ ਨਹੀਂ, ਲਿਫ਼ਾਂਗੇ ਨਹੀਂ

ਯੈੱਸ ਪੰਜਾਬ
ਚੰਡੀਗੜ੍ਹ, 14 ਦਸੰਬਰ, 2021:
ਏ.ਡੀ.ਜੀ.ਪੀ. ਐੱਸ.ਕੇ.ਅਸਥਾਨਾ ਦੀ ਲੀਕ ਹੋਈ ਚਿੱਠੀ ਕਾਰਨ ਪੈਦਾ ਹੋਏ ਵਿਵਾਦ ਦੇ ਮਾਮਲੇ ਵਿੱਚ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਬਹੁਤ ਸਹਿਜ ਵਿੱਚ ਨਜ਼ਰ ਆਏ ਅਤੇ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਸ ਤਰ੍ਹਾਂ ਸਰਕਾਰੀ ਚਿੱਠੀ ਲੀਕ ਕਰਨ ਦੇ ਮਾਮਲੇ ਵਿੱਚ ਐਫ.ਆਈ.ਆਰ.ਕੀਤੀ ਜਾ ਰਹੀ ਹੈ।

ਮੰਗਲਵਾਰ ਸ਼ਾਮ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰ ਸੰਮੇਲਨ ਦੌਰਾਨ ਇਸ ਮਾਮਲੇ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਚਿੱਠੀ ਲੀਕ ਹੋਣ ਦੀ ਜਾਂਚ ਕੀਤੀ ਜਾਵੇਗੀ ਹਾਲਾਂਕਿ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਚਿੱਠੀ ਦਾ ਇਕ ਹਿੱਸਾ ਹੀ ਲੀਕ ਹੋਇਆ ਹੈ, ਜਿਸ ਦਾ ਕੋਈ ਬਹੁਤਾ ਮਹੱਤਵ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਦਰਅਸਲ ਇਸ ਚਿੱਠੀ ਦੀ ਇਕ ਹੱਥਲਿਖ਼ਤ ਅਤੇ ਮੁਕੰਮਲ ਚਿੱਠੀ ਵੀ ਮੌਜੂਦ ਹੈ ਜਿਸ ਵਿੱਚ ਹੋਰ ਬਹੁਤ ਮਹੱਤਵਪੂਰਨ ਗੱਲਾਂ ਹਨ।

ਉਨ੍ਹਾਂ ਕਿਹਾ ਕਿ ਇਹ ਚਿੱਠੀ ਲੀਕ ਕਰਾਉਣ ਮਗਰ ਵੀ ਉਹੀ ਲੋਕ ਹਨ ਜਿਨ੍ਹਾਂ ਨੂੰ ਇਹ ਮਾਮਲਾ ਖੁਲ੍ਹਣ ਦਾ ਡਰ ਹੈ, ਜਿਹੜੀਆਂ ਵੱਡੀਆਂ ਮੱਛੀਆਂ ਹਨ, ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਜਿਹੜੇ ਸਾਡੇ ਅਫ਼ਸਰਾਂ ਨੂੰ ਧਮਕੀਆਂ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਆਖ਼ਿਆ ਕਿ ਪੰਜਾਬ ਪੁਲਿਸ ਨੇ ਬੜੇ ਵੱਡੇ ਵੱਡੇ ਕੰਮ ਕੀਤੇ ਹੋਏ ਹਨ ਅਤੇ ਇਹ ਡਰਨ ਵਾਲੀ ਨਹੀਂ ਹੈ।

ਉਹਨਾਂ ਕਿਹਾ ਕਿ ਨਾ ਤਾਂ ਉਹ ਕਿਸੇ ਦਾ ਨਾਂਅ ਲੈ ਰਹੇ ਹਨ ਅਤੇ ਨਾ ਹੀ ਕਿਸੇ ਦੀ ਗ੍ਰਿਫ਼ਤਾਰੀ ਦੀ ਗੱਲ ਕਰਨ ਦਾ ਉਨ੍ਹਾਂ ਦਾ ਕੋਈ ਮਤਲਬ ਹੈ, ਕਿਉਂਕਿ ਇਹ ਕੰਮ ਕਾਨੂੰਨ ਦਾ ਹੈ। ਉਨ੍ਹਾਂ ਆਖ਼ਿਆ ਕਿ ਭਾਵੇਂ ਮੈਂ ਕਿਸੇ ਦਾ ਨਾਂਅ ਨਹੀਂ ਲੈ ਰਿਹਾ ਪਰ ਇਹ ਜ਼ਰੂਰ ਕਹਾਂਗਾ ਕਿ ਵੱਡੀਆਂ ਮੱਛੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਮੁੱਖ ਮੰਤਰੀ ਚੰਨੀ ਨੇ ਕਿਹਾ, ਜਿਨ੍ਹਾਂ ਦੀ ਦਾੜ੍ਹੀ ਵਿੱਚ ਤਿਨਕਾ ਹੈ, ਉਹ ਅਦਾਲਤਾਂ ਵਿੱਚ ਵੀ ਜਾਂਦੇ ਹਨ, ਅਤੇ ਅਦਾਲਤ ਨੇ ਉਹਨਾਂ ਨੂੰ ਪੁੱਛਿਆ ਹੈ ਕਿ ‘ਭਾਈ ਤੂੰ ਕੌਣ ਹੈਂ, ਤੈਨੂੰ ਡਰ ਹੈ ਕੋਈ?’ ਉਹਨਾਂ ਕਿਹਾ ਕਿ ਹੁਣ ਨੱਠੇ ਭੱਜੇ ਲੋਕਾਂ ਨੂੰ ਉਦੋਂ ਨਹੀਂ ਸੀ ਪਤਾ ਜਦ ਇਹ ਗ਼ਲਤ ਕੰਮ ਕਰਦੇ ਸੀ, ਜਦ ਬੇਅਦਬੀਆਂ ਕਰਵਾਈਆਂ, ਜਿਨ੍ਹਾਂ ਨੇ ਨਸ਼ੇ ਵੇਚੇ ਅਤੇ ਵਿਕਵਾਏ, ਨਸ਼ੇ ਵਾਲਿਆਂ ਦੀ ਸਰਪਰਸਤੀ ਕੀਤੀ ਅਤੇ ਨੌਜਵਾਨੀ ਨੂੰ ਗਾਲਿਆ। ਉਹਨਾਂ ਨੇ ਆਖ਼ਿਆ ਕਿ ਐਸੇ ਲੋਕ ਸਾਹਮਣੇ ਆਉਣੇ ਚਾਹੀਦੇ ਹਨ ਅਤੇ ਇਹਨਾਂ ਨੂੰ ਸਾਹਮਣੇ ਲਿਆਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿਉਂਕਿ ਲੋਕਾਂ ਨੇ ਸਾਨੂੰ ਇਸੇ ਲਈ ਚੁਣਿਆ ਹੈ।

ਉਹਨਾਂ ਆਖ਼ਿਆ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਕਦੇ ਝੁਕਾਂਗੇ ਨਹੀਂ, ਲਿਫ਼ਾਂਗੇ ਨਹੀਂ ਅਤੇ ਕਿਸੇ ਨੂੰ ਗ਼ਲਤ ਫ਼ਸਾਵਾਂਗੇ ਵੀ ਨਹੀਂ, ਪਰ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ, ਉਹ ਬਖ਼ਸ਼ੇ ਵੀ ਨਹੀਂ ਜਾਣਗੇ। ਉਹਨਾਂ ਕਿਹਾ ਕਿ ਜਿਨ੍ਹਾਂ ਦੇ ਮਨਾਂ ਵਿੱਚ ਡਰ ਹੈ, ਉਹ ਸਾਡੇ ਅਫ਼ਸਰਾਂ ਨੂੰ ਵੀ ਚੱਕ ਚਕਈਆ ਕਰ ਰਹੇ ਹਨ ਅਤੇ ਹਾਈ ਕੋਰਟ ਵੀ ਜਾਂਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION