ਯੈੱਸ ਪੰਜਾਬ
ਮੋਗਾ, 13 ਅਕਤੂਬਰ, 2019:
ਮੋਗਾ ਸ਼ਹਿਰ ਦੇ ਇਕ ਉੱਘੇ ਕਾਰੋਬਾਰੀ ਵੱਲੋਂ ਐਤਵਾਰ ਸਵੇਰੇ ਖੁਦਕੁਸ਼ੀ ਕਰ ਲਈ ਗਈ।
ਚੜਿੱਕ ਰੋਡ ਨਿਵਾਸੀ ਸ੍ਰੀ ਪਰਮਿੰਦਰਪਾਲ ਪੁਰੀ ਉਰਫ਼ ਟੀਟੂ ਪੁਰੀ ਪੁੱਤਰ ਸ੍ਰੀ ਰਾਕੇਸ਼ ਪੁਰੀ ਨੇ ਅੱਜ ਸਵੇਰੇ ਲਗਪਗ 8 ਵਜੇ ਆਪਣੇ ਘਰ ਵਿਖ਼ੇ ਹੀ ਆਪਣੇ ਆਪ ਨੂੰ ਗੋਲੀ ਮਾਰ ਲਈ। ਸੂਤਰਾਂ ਅਨੁਸਾਰ 54 ਸਾਲਾਂ ਦੇ ਸ੍ਰੀ ਟੀਟੂ ਪੁਰੀ ਨੇ ਆਪਣੇ ਕਮਰੇ ਵਿਚ ਹੀ ਆਪਣੇ ਆਪ ਨੂੰ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਲਈ।
ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਸ੍ਰੀ ਟੀਟੂ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਨਾਅ ਹੇਠ ਸਨ ਅਤੇ ਇਸ ਲਈ ਦਵਾਈ ਵੀ ਲੈ ਰਹੇ ਸਨ। ਉਹਨਾਂ ਕਿਹਾ ਕਿ ਹੁਣ ਉਹ ਠੀਕ ਸਨ ਪਰ ਅੱਜ ਅਚਾਨਕ ਉਹਨਾਂ ਨੇ ਇਹ ਕਦਮ ਉਠਾ ਲਿਆ।
ਜ਼ਿਕਰਯੋਗ ਹੈ ਕਿ ਅੱਜ ਸ੍ਰੀ ਟੀਟੂ ਪੁਰੀ ਦੀ ਧਰਮਪਤਨੀ ਦਾ ਜਨਮ ਦਿਨ ਸੀ। ਪਰਿਵਾਰਕ ਮੈਂਬਰਾਂ ਨੇ ਦੱÎਸਿਆ ਕਿ ਇਸੇ ਕਰਕੇ ਘਰ ਵਿਚ ਖੁਸ਼ੀ ਦਾ ਮਾਹੌਲ ਸੀ ਅਤੇ ਕੁਝ ਐਸਾ ਨਹੀਂ ਸੀ ਲੱਗ ਰਿਹਾ।
ਖੁਦਕੁਸ਼ੀ ਦੇ ਕਾਰਨਾਂ ਬਾਰੇ ਅਜੇ ਤਾਈਂ ਕੋਈ ਖ਼ੁਲਾਸਾ ਨਹੀਂ ਹੋਇਆ ਹੈ।
ਸ੍ਰੀ ਟੀਟੂ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਬੇਟਾ ਅਤੇ ਦੋ ਬੇਟੀਆਂ ਛੱਡ ਗਏ ਹਨ। ਉਹਨਾਂ ਦਾ ਬੇਟਾ ਐਡਵੋਕੇਟ ਚੇਤਨ ਪੁਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵਕੀਲ ਹੈ। ਉਹਨਾਂ ਦੀ ਇਕ ਲੜਕੀ ਚੰਡੀਗੜ੍ਹ ਵਿਖ਼ੇ ਡਾਕਟਰ ਹੈ ਜਦਕਿ ਇਕ ਲੜਕੀ ਮੋਗਾ ਵਿਖ਼ੇ ਵਿਆਹੀ ਹੋਈ ਹੈ।
ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।