26.7 C
Delhi
Friday, April 19, 2024
spot_img
spot_img

ਇਹ ਤਾਂ ‘ਕਲੀਨ ਚਿੱਟ’ ਸਰਕਾਰ ਹੋ ਗਈ – ਰੰਧਾਵਾ-ਜੱਗੂ ਸੰਬੰਧਾਂ ਬਾਰੇ ਪੁਲਿਸ ਦੀ ਕਲੀਨ ਚਿੱਟ ਤੋਂ ਲੋਕ ਹੈਰਾਨ ਨਹੀਂ: ਅਕਾਲੀ ਦਲ

ਚੰਡੀਗੜ੍ਹ, 26 ਦਸੰਬਰ, 2019:

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਆਪਣੀ ਸਰਕਾਰ ਦਾ ਨਾਂ ਬਦਲ ਕੇ ‘ਕਲੀਨ ਚਿੱਟ ਸਰਕਾਰ’ ਰੱਖ ਲੈਣ ਅਤੇ ਪਾਰਟੀ ਨੇ ਕਿਹਾ ਕਿ ਪੁਲਿਸ ਵੱਲੋਂ ਸੁੱਖੀ-ਜੱਗੂ ਦੀ ਜੋੜੀ ਨੂੰ ਦਿੱਤੀ ਕਲੀਨ ਚਿੱਟ ਦੇਣ ਤੋਂ ਸੂਬੇ ਦੇ ਲੋਕ ਹੈਰਾਨ ਨਹੀਂ ਹਨ ਕਿਉਂਕਿ ਅਜਿਹਾ ਹੀ ਹੋਣ ਦੀ ਪਹਿਲਾਂ ਤੋਂ ਆਸ ਸੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਸ੍ਰੀ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰ ਵਾਰ ਵਾਰ ਕਲੀਨ ਚਿੱਟ ਦੇ ਕੇ ਆਪਣੇ ਮੰਤਰੀਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਲੋਕਾਂ ਨੇ ਵੇਖਿਆ ਹੈ ਕਿ ਸਰਕਾਰ ਨੇ ਕਿਵੇਂ ਜੋੜਾ ਫਾਟਕ ਹਾਦਸੇ, ਬਟਾਲਾ ਬਲਾਸਟ ਮਾਮਲੇ ਤੇ ਹੋਰ ਸਾਰੇ ਮਾਮਲਿਆਂ ਜਿਹਨਾਂ ਵਿਚ ਮੰਤਰੀ ਸਿੱਧੇ ਤੌਰ ‘ਤੇ ਫਸੇ ਸਨ, ਵਿਚ ਕਲੀਨ ਚਿੱਟ ਦਿੱਤੀ।

ਉਹਨਾਂ ਕਿਹਾ ਕਿ ਮੌਜੂਦਾ ਮਾਮਲੇ ਵਿਚ ਸਿਰਫ ਮੰਤਰੀ ਸੁਖਜਿੰਦਰ ਰੰਧਾਵਾ ਹੀ ਨਹੀਂ ਬਲਕਿ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੀ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਪੁਲਿਸ ਅਧਿਕਾਰੀਆਂ ਨੂੰ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਜਿਸ ਕਿਸੇ ਨੇ ਵੀ ਜੱਗੂ ਭਗਵਾਨਪੁਰੀਆ ਦਾ ਵਿਰੋਧ ਕੀਤਾ, ਉਸਦਾ ਹਸ਼ਰ ਵੀ ਡੀ ਐਸ ਪੀ ਸੇਖੋਂ ਵਰਗਾ ਹੋਵੇਗਾ ਜਿਸਨੇ ਮੰਤਰੀ ਆਸ਼ੂ ਦੇ ਪੋਲ੍ਹ ਖੋਲ੍ਹੇ ਸਨ।

ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਨੇ ਖੁਦ ਜਾਂਚ ਦੇ ਹੁਕਮ ਦੇਣ ਦੇ ਨਾਲ ਹੀ ਮੰਤਰੀ ਸੁੱਖੀ ਰੰਧਾਵਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਤਾਂ ਕੋਈ ਕਿਸੇ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਕੋਲੋਂ ਇਸ ਹਿੰਮਤ ਦੀ ਆਸ ਕਿਵੇਂ ਰੱਖ ਸਕਦਾ ਹੈ ਕਿ ਉਹ ਮੁੱਖ ਮੰਤਰੀ ਵੱਲੋਂ ਦਿੱਤੀ ਕਲੀਨ ਚਿੱਟ ਵਿਰੁੱਧ ਮੰਤਰੀ ਨੂੰ ਦੋਸ਼ੀ ਠਹਿਰਾਏ ?

ਸ੍ਰੀ ਗਰੇਵਾਲ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਜੱਗੂ ਭਗਵਾਨਪੁਰੀਆ ਦਾ ਪਿੰਡ ਮੰਤਰੀ ਰੰਧਾਵਾ ਦੇ ਪਿੰਡ ਤੋਂ ਕੁਝ ਹੀ ਦੂਰੀ ‘ਤੇ ਹੈ ਅਤੇ ਉਸਦੀ ਮਾਂ ਸੁੱਖੀ ਰੰਧਾਵਾ ਦੀ ਸਰਗਰਮ ਵਰਕਰ ਹੈ ਤੇ ਮੰਤਰੀ ਰੰਧਾਵਾ ਨੇ ਹੀ ਪੰਚਾਇਤ ਚੋਣਾਂ ਦੌਰਾਨ ਪਿੰਡ ਵਿਚ ਉਸਦਾ ਬਿਨਾਂ ਵੋਟਾਂ ਤੋਂ ਚੁਣਿਆ ਜਾਣਾ ਯਕੀਨੀ ਬਣਾਇਆ ਸੀ।

ਉਹਨਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਜੱਗੂ ਭਗਵਾਨਪੁਰੀਆ ਦਾ ਭਰਾ ਮਨੂੰ ਅਤੇ ਬਲਾਕ ਸੰਮਤੀ ਮੈਂਬਰ ਬੱਬੂ ਜੋ ਕਿ ਸੁੱਖਾ ਰਾਜੂ ਸਿੰਘ ਦਾ ਰਹਿਣ ਵਾਲਾ ਹੈ ਅਤੇ ਉਸਦੇ ਭਤੀਜੇ ਕੰਵਲ ਅਤੇ ਮਨਜੀਤ ਵਿਸ਼ਵ ਭਰ ਵਿਚ ਕਬੱਡੀ ਦੇ ਨਾਂ ‘ਤੇ 1500 ਕਰੋੜੀ ਗੈਰ ਕਾਨੂੰਨੀ ਘੁਟਾਲੇ ਵਿਚ ਸ਼ਾਮਲ ਸਨ ਅਤੇ ਇਹ ਸਾਰੇ ਹੀ ਸੁੱਖੀ ਰੰਧਾਵਾ ਦੇ ਨਜ਼ਦੀਕੀ ਹਨ ਪਰ ਇਸ ਮਾਮਲੇ ਵਿਚ ਵੀ ਇਹਨਾਂ ਨੂੰ ‘ਕਲੀਨ ਚਿੱਟ’ ਦੇ ਦਿੱਤੀ ਗਈ।

ਉਹਨਾਂ ਕਿਹਾ ਕਿ ਇਸ ਗੱਲ ਦੀ ਪੁਖ਼ਤਾ ਸਬੂਤ ਹਨ ਕਿ ਜੱਗੂ ਨੇ ਜੇਲ੍ਹ ਵਿਚ ਆਪਣਾ ਜਨਮ ਦਿਨ ਮਨਾਇਆ, ਜੇਲ੍ਹ ਅੰਦਰੋਂ ਹੀ ਵੀਡੀਓ ਕਾਲਾਂ ਕੀਤੀਆਂ ਤੇ ਉਸਨੂੰ ਜੇਲ੍ਹ ਵਿਚ ਪੰਜ ਤਾਰਾ ਸਹੂਨਤਾਂ ਮਿਲ ਰਹੀਆਂ ਹਨ ਪਰ ਇਸ ਮਾਮਲੇ ਵਿਚ ਵੀ ਸਰਕਾਰ ਨੇ ਸਬੂਤਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਤੇ ਜੇਲ੍ਹ ਮੰਤਰੀ ਤੇ ਜੇਲ੍ਹ ਸਟਾਫ ਨੂੰ ਕਲੀਨ ਚਿੱਟ ਦੇ ਦਿੱਤੀ।

ਅਕਾਲੀ ਆਗੂ ਨੇ ਹੋਰ ਕਿਹਾ ਕਿ ਜੱਗੂ ਭਗਵਾਨਪੁਰੀਆ ਦੀ ਪਤਨੀ ਦੀ ਮੌਤ ਹੋਣ ਸਮੇਂ ਉਸਦੀ ਮਾਤਾ ਅਤੇ ਉਸ ‘ਤੇ ਉਂਗਲਾਂ ਉਠੀਆਂ ਸਨ ਅਤੇ ਪੁਲਿਸ ਅਫਸਰਾਂ ਨੂੰ ਮਾਮਲੇ ਦਾ ਪੂਰਾ ਪਤਾ ਸੀ, ਪਰ ਇਸ ਮਾਮਲੇ ਵਿਚ ਵੀ ਕਲੀਨ ਚਿੱਟ ਦੇ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਇਕ ਹੋਰ ਖੁੰਖਾਰ ਅਤਿਵਾਦੀ ਮਨਿੰਦਰ ਖਹਿਰਾ ਜੋ ਕਿ ਪਿੰਡ ਖਹਿਰਾ ਸੁਲਤਾਨ ਸਿੰਘ ਦਾ ਰਹਿਣ ਵਾਲਾ ਹੈ, ਜਿਸਦੀਆਂ ਸੁੱਖੀ ਰੰਧਾਵੇ ਨਾਲ ਅਣਗਿਣਤ ਤਸਵੀਰਾਂ ਹਨ ਅਤੇ ਉਹ ਜੱਗੂ ਭਗਵਾਨਪੁਰੀਆ ਗੈਂਗ ਦਾ ਕੋਰ ਟੀਮ ਮੈਂਬਰ ਹੈ, ਸ਼ਰ੍ਹੇਆਮ ਜੱਗੂ ਲਈ ਕੰਮ ਕਰ ਰਿਹਾ ਹੈ ਪਰ ਸਰਕਾਰ ਨੇ ਇਸ ਮਾਮਲੇ ਵਿਚ ਵੀ ਕਲੀਨ ਚਿੱਟ ਦੇ ਦਿੱਤੀ ਹੈ।

ਸ੍ਰੀ ਗਰੇਵਾਲ ਨੇ ਕਿਹਾ ਕਿ ਲੋਕ ਇਹ ਵੇਖ ਕੇ ਹੈਰਾਨ ਹਨ ਕਿ ਸਬੰਧਤ ਜ਼ਿਲਿ੍ਹਆਂ ਦੇ ਐਸ ਐਸ ਪੀ ਵਾਰ ਵਾਰ ਇਹ ਚੇਤਾਵਨੀਆਂ ਦੇ ਰਹੇ ਹਨ ਕਿ ਜੱਗੂ ਭਗਵਾਨਪੁਰੀਆ ਦੀ ਪੁਸ਼ਤਪਨਾਹੀ ਵਿਚ ਗੈਰ ਕਾਨੂੰਨੀ ਨਸ਼ਿਆਂ ਦਾ ਵਪਾਰ, ਕਾਂਟਰੈਕਟ ਹੱਤਿਆਵਾਂ ਤੇ ਕਬੱਡੀ ਦੀ ਗੈਰ ਕਾਨੂੰਨੀ ਖੇਡ ਦਿਨ ਬ ਦਿਨ ਵੱਧ ਫੁੱਲ ਰਹੀ ਹੈ ਤੇ ਜੱਗੂ ਸੂਬੇ ਵਿਚ ਵੱਧ ਤੋਂ ਵੱਧ ਗੈਂਗਸਟਰ ਪੈਦਾ ਕਰਨ ਦੇ ਯਤਨ ਕਰ ਰਿਹਾ ਹੈ ਪਰ ਇਹ ਸਾਰੇ ਸਬੂਤ ਕੂੜੇਦਾਨ ਵਿਚ ਸੁੱਟ ਕੇ ਮਾਮਲੇ ਵਿਚ ਸੁੱਖੀ ਰੰਧਾਵੇ ਨੂੰ ਫਿਰ ਤੋਂ ਕਲੀਨ ਚਿੱਟ ਦੇ ਦਿੱਤੀ ਗਈ।

ਉਹਨਾਂ ਕਿਹਾ ਕਿ ਇਹ ਸਾਰੇ ਮਾਮਲੇ ਅਤੇ ਇਹਨਾਂ ਵਿਚ ਕਲੀਨ ਚਿੱਟ ਦੇਣਾ ਇਸ ਗੱਲ ਦਾ ਸੰਕੇਤ ਹੈ ਕਿ ਸਰਕਾਰ ਜੇਲ੍ਹ ਮੰਤਰੀ ਨੂੰ ਬਚਾਉਣ ਲਈ ਪੱਬਾਂ ਭਾਰ ਹੋਈ ਪਈ ਹੈ ਜਦਕਿ ਸੁੱਖੀ ਰੰਧਾਵਾ ਨੇ ਜੇਲ੍ਹਾਂ ਨੂੰ ਗੈਂਗਸਟਰਾਂ ਵਾਸਤੇ ਸਵਰਗ ਵਿਚ ਤਬਦੀਲ ਕਰ ਦਿੱਤਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਨੇ ਆਪਣੇ ਮੰਤਰੀਆਂ ਦੇ ਗਲਤ ਕੰਮਾਂ ‘ਤੇ ਪਰਦਾ ਪਾ ਕੇ ਉਹਨਾਂ ਨੂੰ ਬੇਕਸੂਰ ਕਰਾਰ ਦਿੰਦਿਆਂ ਕਲੀਨ ਚਿੱਟਾਂ ਦੇ ਕੇ ਜਾਂਚ ਪ੍ਰਕਿਰਿਆ ਦਾ ਮਖੌਲ ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਭਾਵੇਂ ਸਰਕਾਰ ਵਾਰ ਵਾਰ ਕਲੀਨ ਚਿੱਟ ਦੇ ਰਹੀ ਹੈ ਪਰ ਇਸਨੂੰ ਭੁੱਲਣਾ ਨਹੀਂ ਚਾਹੀਦਾ ਕਿ ਸੂਬੇ ਵਿਚ ਹੋਣ ਵਾਲੀਆਂ ਆਮ ਚੋਣਾਂ ਵੇਲੇ ਲੋਕ ਕਾਂਗਰਸ ਸਰਕਾਰ ਨੂੰ ਕਲੀਨ ਚਿੱਟ ਨਹੀਂ ਦੇਣਗੇ ਬਲਕਿ ਇਸਨੂੰ ਇਹਨਾਂ ਸਾਰੇ ਕੀਤੇ ਗਲਤ ਕੰਮਾਂ ਦੀ ਲੋਕਤੰਤਰੀ ਢੰਗ ਨਾਲ ਸਜ਼ਾ ਮਿਲੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION