23.1 C
Delhi
Wednesday, April 24, 2024
spot_img
spot_img

ਇਕ ਬੋਲੀ ਇਕ ਦੇਸ਼ ਦਾ ਨਾਅਰਾ ਦੇ ਕੇ ਫ਼ਿਰਕੂ ਰੰਗਤ ਦੇਣ ਵਾਲੇ ਦੇਸ਼ ਧ੍ਰੋਹੀ ਹਨ: ਚਰਨਜੀਤ ਸਿੰਘ ਚੰਨੀ

ਯੈੱਸ ਪੰਜਾਬ
ਚੰਡੀਗੜ, 21 ਫਰਵਰੀ, 2021 –
ਭਾਰਤ ਕਈ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਸੰਜੋਏ ਇੱਕ ਸੁੰਦਰ ਗੁਲਦਸਤਾ ਹੈ ਅਤੇ ਜਿਹੜੇ ਲੋਕ ਇੱਕ ਭਾਸ਼ਾ ਇੱਕ ਰਾਸ਼ਟਰ ਦਾ ਨਾਅਰਾ ਦੇ ਫਿਰਕੂ ਰੰਗਤ ਦੇਣ ਦਾ ਯਤਨ ਕਰ ਰਹੇ ਹਨ, ਉਹ ਅਸਲ ਵਿਚ ਦੇਸ਼ ਧ੍ਰੋਹੀ ਹਨ।ਇਹ ਪ੍ਰਗਟਾਵਾ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੰਜਾਬ ਕਲਾ ਪ੍ਰੀਸ਼ਦ ਵੱਲੋਂ ‘ਕੌਮਾਂਤਰੀ ਮਾਂ ਬੋਲੀ ਦਿਵਸ’ ਮੌਕੇ ਆਯੋਜਿਤ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਕੀਤਾ।

ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਅੱਗੇ ਕਿਹਾ ਕਿ ਕੁਝ ਲੋਕ ਇਸ ਗੁਲਦਸਤੇ ਵਿਚੋਂ ਕੁੱਝ ਫੁੱਲਾਂ ਨੂੰ ਬਾਹਰ ਕੱਢਣ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ, ਜੋ ਕਿ ਘੱਟ ਗਿਣਤੀਆਂ ਦੀ ਹੋਂਦ ਨੂੰ ਸਿੱਧਾ ਖਤਰਾ ਹੈ। ਉਨਾਂ ਇਹ ਵੀ ਕਿਹਾ ਕਿ ਅਨੇਕਤਾ ਵਿਚ ਏਕਤਾ ਹੀ ਸਾਡੇ ਦੇਸ਼ ਦੀ ਅਸਲ ਤਾਕਤ ਹੈ ਅਤੇ ਲੋਕਾਂ ਨੂੰ ਭਾਸ਼ਾ, ਧਰਮ ਜਾਂ ਜਾਤ ਦੇ ਨਾਂ ’ਤੇ ਨਹੀਂ ਵੰਡਿਆ ਜਾਣਾ ਚਾਹੀਦਾ।

ਸ੍ਰੀ ਚੰਨੀ ਨੇ ਇਹ ਵੀ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਪੰਜਾਬੀ 10ਵੀਂ ਜਮਾਤ ਤੱਕ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਮੰਤਰੀ ਨੇ ਕਿਹਾ ਕਿ ਅਦਾਲਤਾਂ ਦਾ ਕੰਮ ਵੀ ਪੰਜਾਬੀ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਦਿਸ਼ਾ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹੈ ਤਾਂ ਜੋ ਆਮ ਲੋਕ ਵੀ ਸਾਰੇ ਕੇਸ ਅਤੇ ਫੈਸਲੇ ਪੰਜਾਬੀ ਵਿਚ ਆਸਾਨੀ ਨਾਲ ਪੜ ਅਤੇ ਸਮਝ ਸਕਣ।

ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਵਿਚ ਪੇਸ਼ੇਵਰ, ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਪ੍ਰਦਾਨ ਕਰਨ ਲਈ ਬੜੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਵਿਦਿਆਰਥੀਆਂ ਦੇ ਸਿਲੇਬਸ ਦੀਆਂ ਕਿਤਾਬਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਇਸ ਮਾਮਲੇ ਵਿੱਚ ਸਭ ਤੋਂ ਮੋਹਰੀ ਬਣ ਗਿਆ ਹੈ।

ਸ੍ਰੀ ਚੰਨੀ ਨੇ ਐਲਾਨ ਕੀਤਾ ਕਿ ਇਸ ਸਾਲ ਪੰਜਾਬ ਕਲਾ ਪ੍ਰੀਸ਼ਦ ਲਈ ਇਸ ਸਾਲ 2 ਕਰੋੜ ਦਾ ਬਜਟ ਰੱਖਿਆ ਜਾਵੇਗਾ। ਉਨਾਂ ਹਰ ਸਾਲ ‘ਪੰਜਾਬ ਸਭਿਆਚਾਰਕ ਦਿਵਸ’ ਮਨਾਉਣ ਦਾ ਐਲਾਨ ਵੀ ਕੀਤਾ ਜਿਸ ਦੀ ਤਰੀਕ ਜਲਦੀ ਹੀ ਤੈਅ ਕਰ ਦਿੱਤੀ ਜਾਵੇਗੀ।

ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਉੱਘੇ ਪੰਜਾਬੀ ਕਵੀ ਪਦਮਸ਼੍ਰੀ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੰਦੇਸ਼, ਉਪਦੇਸ਼ਾਂ ਅਤੇ ਕੁਰਬਾਨੀ ਦੇ ਮੁਤਾਬਕ ਸਾਨੂੰ ਸਾਰੀਆਂ ਭਾਸ਼ਾਵਾਂ ਅਤੇ ਸਭਿਆਚਾਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਸਾਨੂੰ ਆਪਣੀ ਮਾਂ-ਬੋਲੀ ਪੰਜਾਬੀ ਵਿਚ ਗੱਲਬਾਤ ਕਰਨ ਵਿਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਵਿਸੇਸ ਤੌਰ ‘ਤੇ ਪ੍ਰਾਈਵੇਟ ਸਕੂਲਾਂ ਨੂੰ ਪੰਜਾਬੀ ਬੋਲਣ ਵਾਲੇ ਬੱਚਿਆਂ ਵਿਚ ਹੀਣ ਭਾਵਨਾ ਪੈਦਾ ਨਹੀਂ ਕਰਨੀ ਚਾਹੀਦੀ।

ਇਸ ਮੌਕੇ ਡਾ: ਰਾਜਿੰਦਰ ਪਾਲ ਸਿੰਘ ਬਰਾੜ, ਪੰਜਾਬ ਰਾਜ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਅਤੇ ਡਾ. ਜਲੌਰ ਸਿੰਘ ਖੀਵਾ ਨੇ ਮਾਂ ਬੋਲੀ ਪੰਜਾਬੀ ਦੀ ਅਮੀਰ ਵਿਰਾਸਤ ਅਤੇ ਸਭਿਆਚਾਰਕ ਪੱਖਾਂ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ।

ਇਸ ਮੌਕੇ 120 ਸਾਲ ਪੁਰਾਣੇ ਪੰਜਾਬੀ ਗੀਤਾਂ ਦੀ ਲਾਇਬ੍ਰੇਰੀ ਸੰਭਾਲ ਕੇ ਰੱਖਣ ਵਾਲੇ ਪ੍ਰਸਿੱਧ ਪੰਜਾਬੀ ਪੇ੍ਰਮੀ ਗੁਰਮੁੱਖ ਸਿੰਘ ਲਾਲੀ ਅਤੇ 700 ਤੋਂ ਵੱਧ ਪੰਜਾਬੀ ਕਵੀਆਂ ਅਤੇ ਲੇਖਕਾਂ ਦੀਆਂ ਕਵਿਤਾਵਾਂ ਅਤੇ ਲੇਖਾਂ ਦਾ ਸੰਗ੍ਰਹਿ ਰੱਖਣ ਵਾਲੀ ‘ਪੰਜਾਬੀ ਕਵਿਤਾ ਵੈਬਸਾਈਟ’ ਚਲਾ ਰਹੇ ਕਰਮਜੀਤ ਸਿੰਘ ਗਠਵਾਲਾ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਪ੍ਰਚਾਰ ਬਾਰੇ ਕੁਝ ਕਿਤਾਬਾਂ ਵੀ ਜਾਰੀ ਕੀਤੀਆਂ ਗਈਆਂ। ਉੱਭਰਦੇ ਗਾਇਕਾਂ ਨੇ ਰਵਾਇਤੀ ਪੰਜਾਬੀ ਲੋਕ ਗੀਤ ਅਤੇ ਸੂਫੀ ਗੀਤ ਪੇਸ਼ ਕੀਤੇ। ਮੰਤਰੀ ਨੇ ਸਨਮਾਨਿਤ ਕੀਤੀਆਂ ਗਈਆਂ ਸ਼ਖਸ਼ੀਅਤਾਂ, ਗੀਤ ਦੀਆਂ ਪੇਸ਼ਕਾਰੀਆਂ ਕਰਨ ਵਾਲੇ ਨੌਜਵਾਨਾਂ ਅਤੇ ਉਹਨਾਂ ਲੇਖਕਾਂ ਜਿਨਾਂ ਦੀ ਕਿਤਾਬਾਂ ਜਾਰੀ ਕੀਤੀਆਂ ਗਈਆਂ ਲਈ ਨਕਦ ਇਨਾਮ ਦੇਣ ਦਾ ਐਲਾਨ ਵੀ ਕੀਤਾ।

ਉੱਘੇ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਯੁਵਕ ਭਲਾਈ ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਡਾ: ਨਿਰਮਲ ਜੌੜਾ ਨੇ ਧੰਨਵਾਦ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION