ਅੱਜ-ਨਾਮਾ
ਆ ਗਿਆ ਆਖਰੀ ਗੇੜ ਜਦ ਚੋਣ ਵਾਲਾ,
ਫੜੀ ਹੈ ਸਾਰਿਆਂ ਨੇ ਦੁੜਕੀ ਚਾਲ ਬੇਲੀ।
ਮਿਲਦੀ ਜਿਨ੍ਹਾਂ ਦੀ ਨਹੀਂ ਸੀ ਨਜ਼ਰ ਹਾਲੇ,
ਉੱਠ ਕੇ ਚੱਲ ਪਏ ਆਖਰ ਨੂੰ ਨਾਲ ਬੇਲੀ।
ਆਪਣੇ ਪੱਖ ਦੀ ਕਦੇ ਨਹੀਂ ਕਸਰ ਮੰਨੀ,
ਹਰ ਕੋਈ ਜਿੱਤ ਦੀ ਠੋਕਦਾ ਤਾਲ ਬੇਲੀ।
ਰਹਿ ਗਏ ਚਾਰ ਕੁ ਦਿਨ ਬਈ ਕੁੱਲ ਬਾਕੀ,
ਅਗਲਿਆਂ ਛੋਹ ਲਿਆ ਵੰਡਣਾ ਮਾਲ ਬੇਲੀ।
ਰਹਿ ਗਈ ਭਾਸ਼ਣਾਂ ਵੱਲੋਂ ਹੈ ਕਸਰ ਜਿਹੜੀ,
ਉਹ ਫਿਰ ਗਾਂਧੀ ਦੀ ਫੋਟੋ ਨਾਲ ਕੱਢਣੀ ਆ।
ਜ਼ਾਬਤਾ ਟੁੱਟਣ ਦੀ ਰਹੀ ਆ ਕਸਰ ਜਿਹੜੀ,
ਉਹ ਫਿਰ ਜੜ੍ਹ ਜਿਹੀ ਟੁੱਕਣੀ-ਵੱਢਣੀ ਆ।
-ਤੀਸ ਮਾਰ ਖਾਂ
ਮਈ 15, 2019