ਜਲੰਧਰ, 11 ਅਗਸਤ, 2019:
ਮੁੱਖ ਮੰਤਰੀ ਦੀ ਸੁਰੱਖਿਆ ਵਿਚ ਤਾਇਨਾਤ ਆਈ.ਜੀ ਸ੍ਰੀ ਰਾਕੇਸ਼ ਅਗਰਵਾਲ ਨੇ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨਾਲ ਬੈਠਕ ਕਰਕੇ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੰਡਾ ਲਿਹਰਾਏ ਜਾਣ ਦੇ ਸਮਾਗਮ ਦੌਰਾਨ ਕੀਤੇ ਜਾਣ ਵਾਲੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਮੌਜੂਦਗੀ ਵਿਚ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਬੈਠਕ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ 15 ਅਗਸਤ ਨੂੰ ਜਲੰਧਰ ਵਿਖੇ ਹੋਣ ਵਾਲੇ ਸੂਬਾ ਪੱਧਰੀ ਆਜ਼ਾਦੀ ਦਿਹਾੜੇ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਝੰਡਾ ਲਿਹਰਾਉਣ ਦੀ ਰਸਮ ਨਿਭਾਉਣਗੇ।
ਉਨਾਂ ਸਮਾਗਮ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਸੁਰੱਖਿਆ ਮੁਲਾਜ਼ਮਾਂ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਤਾਂ ਜੋ ਆਜ਼ਾਦੀ ਦਿਹਾੜਾ ਸਮਾਗਮ ਸੁੱਚੱਜੇ ਢੰਗ ਨਾਲ ਨੇਪਰੇ ਚਾੜਿਆ ਜਾਵੇ। ਉਨਾਂ ਜੋਰ ਦੇ ਕੇ ਆਖਿਆ ਕਿ ਸਮਾਗਮ ਵਿਚ ਬੈਠਣ,ਵਾਹਨਾਂ ਦੀ ਪਾਰਕਿੰਗ, ਸੁਰੱਖਿਆ ਅਤੇ ਹੋਰ ਲੋੜੀਂਦੇ ਇੰਤੇਜ਼ਾਮ ਬੇਹਤਰੀਨ ਢੰਗ ਨਾਲ ਕੀਤੇ ਜਾਣੇ ਚਾਹੀਦੇ ਹਨ। ਨਾਲ ਹੀ ਉਨਾਂ ਕਿਹਾ ਕਿ ਸਮਾਗਮ ਦੌਰਾਨ ਮੈਡੀਕਲ ਅਤੇ ਅੱਗ ਭੁਜਾਊ ਟੀਮਾਂ ਦੀ ਤਾਇਨਾਤੀ ਵੀ ਕੀਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਤੇ ਆਈ.ਜੀ ਨੂੰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਟ੍ਰੈਫਿਕ ,ਪਾਰਕਿੰਗ,ਸੁਰੱਖਿਆ ਅਤੇ ਹੋਰ ਇੰਤਜ਼ਾਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜੇਗਾ। ਜਿਸਦੇ ਲਈ ਅਧਿਕਾਰੀਆਂ/ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਉਨਾਂ ਕਿਹਾ ਕਿ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀ ਡਿਊਟੀ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਕਿਉਂਕਿ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਸਮਾਗਮ ਲਈ ਫੁੱਲ ਡ੍ਰੈਸ ਰਿਹਸਲ 13 ਅਗਸਤ ਨੂੰ ਸਟੇਡੀਅਮ ਵਿਚ ਹੀ ਕੀਤੀ ਜਾਵੇਗੀ। ਉਨਾਂ ਯਕੀਨ ਦਵਾਇਆ ਕਿ ਇਸ ਕੌਮੀ ਤਿਉਹਾਰ ਨੂੰ ਦੇਸ਼ ਭਗਤੀ ਦੇ ਰੰਗ ਅਤੇ ਜੋਸ਼ ਨਾਲ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਡੀ.ਸੀ.ਪੀ ਗੁਰਮੀਤ ਸਿੰਘ,ਏਡੀਸੀ ਸਚੀਨ ਗੁਪਤਾ ਤੇ ਪੀ.ਐਸ ਭੰਡਾਲ, ਸੈਕਟਰੀ ਆਰਟੀਏ ਡਾ. ਨੈਅਨ ਜੱਸਲ, ਸਹਾਇਕ ਕਮਿਸ਼ਨਰ ਸ਼ੈਰੀ ਮਲਹੋਤਰਾ ਤੇ ਹੋਰ ਵੀ ਹਾਜ਼ਰ ਸਨ।