35.1 C
Delhi
Saturday, April 20, 2024
spot_img
spot_img

ਅੰਬਿਕਾ ਸੋਨੀ ਨੇ ਕਿਉਂ ਕੀਤਾ ਮੁੱਖ ਮੰਤਰੀ ਦੇ ਅਹੁਦੇ ਲਈ ਇਨਕਾਰ? ਹਾਈਕਮਾਨ ਕਿਹੜੇ ਕਿਹੜੇ ਫ਼ਾਰਮੂਲਿਆਂ ’ਤੇ ਕਰ ਰਹੀ ਵਿਚਾਰ?

ਯੈੱਸ ਪੰਜਾਬ
ਨਵੀਂ ਦਿੱਲੀ, 19 ਸਤੰਬਰ, 2021:
ਸੀਨੀਅਰ ਕਾਂਗਰਸ ਆਗੂ ਸ੍ਰੀਮਤੀ ਅੰਬਿਕਾ ਸੋਨੀ ਨੇ ਆਪਣੇ ਆਪ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਏ ਜਾਣ ਦੀ ਪੇਸ਼ਕਸ਼ ਨੂੰ ਸਵੀਕਾਰ ਨਾ ਕਰਦਿਆਂ ਇਹ ਆਖ਼ਿਆ ਕਿ ਹੈ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਕਿਸੇ ਸਿੱਖ ਆਗੂ ਨੂੰ ਹੀ ਮੁੱਖ ਮੰਤਰੀ ਬਣਾਵੇ।

ਪਤਾ ਲੱਗਾ ਹੈ ਕਿ ਪਾਰਟੀ ਨੇ ਸ੍ਰੀਮਤੀ ਅੰਬਿਕਾ ਸੋਨੀ ਨੂੰ ਇਹ ਪੇਸ਼ਕਸ਼ ਇਸ ਲਈ ਕੀਤੀ ਸੀ ਕਿਉਂਕਿ ਉਹ ਪੰਜਾਬ ਤੋਂ ਹਨ ਅਤੇ ਇਕ ਔਰਤ ਸੀ.ਐਮ. ਪੇਸ਼ ਕਰਕੇ ਰਾਜ ਅੰਦਰ ਚੋਣਾਂ ਦੌਰਾਨ ਕੁਝ ਵਾਧਾ ਮਿਲਣ ਦੀ ਸੰਭਾਵਨਾ ਹੋ ਸਕਦੀ ਸੀ।

ਕੁਝ ਖ਼ਬਰਾਂ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ੍ਰੀਮਤੀ ਅੰਬਿਕਾ ਸੋਨੀ ਨੇ ਸਿਹਤ ਦਾ ਹਵਾਲਾ ਦੇ ਕੇ ਆਪਣੇ ਆਪ ਨੂੰ ਇਸ ਪੇਸ਼ਕਸ਼ ਤੋਂ ਲਾਂਭੇ ਕੀਤਾ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਦਰਅਸਲ ਸ੍ਰੀਮਤੀ ਅੰਬਿਕਾ ਸੋਨੀ ਨੇ ਸਿੱਖ ਆਗੂ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਸੁਝਾਅ ਹੀ ਦਿੱਤਾ ਹੈ। ਇਕ ਖ਼ਬਰ ਇਹ ਵੀ ਹੈ ਕਿ ਸ੍ਰੀਮਤੀ ਅੰਬਿਕਾ ਸੋਨੀ ਨੂੰ ਕਿਉਂਕਿ ਚੋਣਾਂ ਤਕ ਹੀ ਮੁੱਖ ਮੰਤਰੀ ਬਣਾਏ ਜਾਣ ਦੀ ਪੇਸ਼ਕਸ਼ ਕੀਤੀ ਗਈ ਸੀ, ਇਸ ਲਈ ਉਹ ‘ਸਟਾਪ ਗੈਪ ਅਰੇਂਜਮੈਂਟ’ ਦੇ ਤੌਰ ’ਤੇ ਮੁੱਖ ਮੰਤਰੀ ਬਣਨ ਲਈ ਰਾਜ਼ੀ ਨਹੀਂ ਹੋਏ।

ਸ੍ਰੀਮਤੀ ਅੰਬਿਕਾ ਸੋਨੀ, ਜਿਨ੍ਹਾਂ ਨੂੰ ਸ੍ਰੀ ਰਾਹੁਲ ਗਾਂਧੀ ਵੱਲੋਂ ਰਾਤ ਨੂੰ ਇਕ ਮੀਟਿੰਗ ਲਈ ਬੁਲਾਇਆ ਗਿਆ ਸੀ ਨੇ ਇਹ ਸੁਝਾਅ ਇਸ ਮੀਟਿੰਗ ਦੌਰਾਨ ਦਿੱਤਾ ਜਿਸ ਵਿੱਚ ਕਾਂਗਰਸ ਦੇ ਜਥੇਬੰਦਕ ਜਨਰਲ ਸਕੱਤਰ ਸ੍ਰੀ ਕੇ.ਸੀ. ਵੇਨੂੰਗੋਪਾਲ ਵੀ ਹਾਜ਼ਰ ਸਨ। ਇਹ ਮੀਟਿੰਗ ਅੱਧੀ ਰਾਤ ਤੋਂ ਬਾਅਦ ਤਕ ਚੱਲੀ।

ਪਤਾ ਲੱਗਾ ਹੈ ਕਿ ਉਕਤ ਮੀਟਿੰਗ ਵਿੱਚ ਇਸ ਗੱਲ ’ਤੇ ਵੀ ਚਰਚਾ ਕੀਤੀ ਗਈ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਕਿਵੇਂ ਸ਼ਾਂਤ ਕਰਕੇ ਕਾਂਗਰਸ ਵਿੱਚ ਹੀ ਰੱਖਣ ਦੀ ਚਾਰਾਜੋਈ ਕੀਤੀ ਜਾਵੇ।

ਮੁੱਖ ਮੰਤਰੀ ਬਣਨ ਤੋਂ ਸ੍ਰੀਮਤੀ ਅੰਬਿਕਾ ਸੋਨੀ ਦੇ ਇਨਕਾਰ ਤੋਂ ਬਾਅਦ ਹੁਣ ਹੋਰ ਨਾਂਅ ਵਿਚਾਰੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਸ੍ਰੀ ਸੁਨੀਲ ਜਾਖ਼ੜ ਨੂੰ ਅਗਲਾ ਮੁੱਖ ਮੰਤਰੀ ਬਣਾਏ ਜਾਣ ਦਾ ਫ਼ੈਸਲਾ ਲਗਪਗ ਹੋ ਗਿਆ ਸੀ ਪਰ ਦੋ ਮੰਤਰੀਆਂ ਸਣੇ ਕੁਝ ਵਿਧਾਇਕਾਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ’ਤੇ ਨਵੇਂ ਸਿਰਿਉਂ ਵਿਚਾਰ ਚਰਚਾ ਸ਼ੁਰੂ ਹੋਈ ਹੈ।

ਭਾਵੇਂ ਪਹਿਲਾਂ ਸ: ਸਿੱਧੂ ਦਾ ਨਾਂਅ ਸਾਹਮਣੇ ਨਾ ਆ ਕੇ ਸ੍ਰੀ ਜਾਖ਼ੜ, ਸ:ਸੁਖਜਿੰਦਰ ਸਿੰਘ ਰੰਧਾਵਾ, ਸ: ਪ੍ਰਤਾਪ ਸਿੰਘ ਬਾਜਵਾ, ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਦਿ ਦੇ ਨਾਂਅ ਸਾਹਮਣੇ ਆ ਰਹੇ ਸਨ ਪਰ ਅੱਜ ਸਵੇਰ ਦੀ ਸੂਤਰਾਂ ਤੋਂ ਇਹ ਖ਼ਬਰ ਮਿਲ ਰਹੀ ਹੈ ਕਿ ਸ: ਸਿੱਧੂ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਆਪਣਾ ਨਾਂਅ ਪੇਸ਼ ਕੀਤਾ ਹੈ।

ਤਾਜ਼ਾ ਖ਼ਬਰ ਅਨੁਸਾਰ ਸ੍ਰੀ ਜਾਖ਼ੜ, ਸ:ਸਿੱਧੂ, ਸ: ਰੰਧਾਵਾ, ਸ: ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਸ: ਰਵਨੀਤ ਸਿੰਘ ਬਿੱਟੂ ਦਾ ਨਾਂਅ ਵੀ ਸਾਹਮਣੇ ਆਇਆ ਹੈ।

ਭਾਵੇਂ ਸ: ਨਵਜੋਤ ਸਿੰਘ ਸਿੱਧੂ ਨੇ ਖ਼ੁਦ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਪੇਸ਼ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਹਾਈਕਮਾਨ ਵਿੱਚ ਪ੍ਰਭਾਵ ਨੂੰ ਵੇਖ਼ਦਿਆਂ ਇਸ ਸੰਬੰਧੀ ਫ਼ੈਸਲੇ ਦੀ ਕਾਫ਼ੀ ਸੰਭਾਵਨਾ ਹੈ ਪਰ ਹਾਈਕਮਾਨ ‘ਆਮ ਆਦਮੀ ਪਾਰਟੀ’ ਦੀ ਪੰਜਾਬ ਵਿੱਚ ਚੜ੍ਹਤ ਨੂੰ ਵੇਖ਼ਦਿਆਂ ਕਿਸੇ ਹਿੰਦੂ ਚਿਹਰੇ ਨੂੰ ਮੁੱਖ ਮੰਤਰੀ ਵਜੋਂ ਅੱਗੇ ਲਿਆਉਣ ਦੇ ਲਿਹਾਜ਼ ਨਾਲ ਵੀ ਸੋਚ ਰਿਹਾ ਹੈ। ਹਾਈਕਮਾਨ ਦਾ ਮੰਨਣਾ ਹੈ ਕਿ ਸ: ਸਿੱਧੂ ਨੂੰ ਪ੍ਰਧਾਨ ਅਤੇ ਕਿਸੇ ਹਿੰਦੂ ਆਗੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਕੇ ਪੰਜਾਬ ਅੰਦਰ ‘ਬੈਲੇਂਸ’ ਬਣਾਇਆ ਜਾਵੇ ਤਾਂ ਇਸ ਦੇ ਚੋਣਾਂ ਵਿੱਚ ਚੰਗੇ ਨਤੀਜੇ ਮਿਲ ਸਕਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION