34 C
Delhi
Tuesday, April 23, 2024
spot_img
spot_img

ਅੰਤਰਾਸ਼ਟਰੀ ਕਬੱਡੀ ਟੂਰਨਾਮੈਂਟ 2019 ਲਈ ਸਮੁੱਚੇ ਪ੍ਰਬੰਧ ਮੁਕੰਮਲ: ਰਾਣਾ ਗੁਰਮੀਤ ਸਿੰਘ ਸੋਢੀ

ਚੰਡੀਗੜ੍ਹ, 29 ਨਵੰਬਰ, 2019:

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਰੋਹਾਂ ਦੀ ਲੜੀ ਵਿੱਚ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਪਹਿਲੀ ਦਸੰਬਰ 2019 ਨੂੰ ਕੀਤਾ ਜਾਵੇਗਾ।

ਟੂਰਨਮੈਂਟ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 25 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਜਦਕਿ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 15 ਲੱਖ ਅਤੇ 10 ਲੱਖ ਰੁਪਏ ਦੀ ਨਗਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਸਬੰਧੀ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀ ਸ਼ੁਰੂਆਤ ਪਹਿਲੀ ਦਸੰਬਰ 2019 ਨੂੰ 11.00 ਵਜੇ ਗੁਰੂ ਨਾਨਕ ਸਟੇਡੀਅਮ, ਸੁਲਤਾਨਪੁਰ ਲੋਧੀ ਵਿਖੇ ਹੋਵੇਗੀ, ਜਿਸ ਦਾ ਉਦਘਾਟਨ ਉਹ ਖੁਦ ਕਰਨਗੇ ਅਤੇ ਸਮਾਪਨ ਸਮਾਰੋਹ ਡੇਰਾ ਬਾਬਾ ਨਾਨਕ ਵਿਖੇ ਹੋਵੇਗਾ, ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਜੇਤੂ ਖਿਡਾਰੀਆਂ ਨੂੰ ਬਾਅਦ ਦੁਪਹਿਰ 3.00 ਵਜੇ ਇਨਾਮ ਤਕਸੀਮ ਕਰਨਗੇ।

ਸ੍ਰੀ ਰਾਣਾ ਸੋਢੀ ਨੇ ਇਹ ਵੀ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 9 ਵੱਖ ਵੱਖ ਦੇਸ਼ਾਂ ਦੇ 160 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਮੇਜ਼ਬਾਨ ਭਾਰਤ ਤੋਂ ਇਲਾਵਾ 8 ਦੇਸ਼ਾਂ ਦੀਆਂ ਟੀਮਾਂ ਇਸ ਵੱਕਾਰੀ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ। ਇਨ੍ਹਾਂ ਵਿੱਚ ਯੂ.ਐਸ.ਏ., ਆਸਟਰੇਲੀਆ, ਪਾਕਿਸਤਾਨ, ਇੰਗਲੈਂਡ, ਕੈਨੇਡਾ, ਸ੍ਰੀ ਲੰਕਾ, ਕੀਨੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ। ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਅਸਟਰੇਲੀਆ ਦੀ ਟੀਮ ਪਹੁੰਚ ਚੁੱਕੀ ਹੈ ਜਦਕਿ ਬਾਕੀ ਟੀਮਾਂ ਛੇਤੀ ਹੀ ਪਹੁੰਚ ਜਾਣਗੀਆਂ।

ਉੂਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਪਹਿਲੇ ਦਿਨ ਚਾਰ ਮੁਕਾਬਲੇ ਹੋਣਗੇ ਜਦਕਿ 3 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ, 4 ਦਸੰਬਰ ਨੂੰ ਗੁਰੂ ਰਾਮ ਦਾਸ ਸਟੇਡੀਅਮ ਗੁਰੂ ਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ, 5 ਦਸੰਬਰ ਨੂੰ ਸਪੋਰਟਸ ਸਟੇਡੀਅਮ ਬਠਿੰਡਾ, 6 ਦਸੰਬਰ ਨੂੰ ਪੋਲੋ ਗਰਾਊਂਡ ਪਟਿਆਲਾ, 8 ਦਸੰਬਰ ਨੂੰ ਸੈਮੀ ਫਾਈਨਲ ਮੁਕਾਬਲੇ ਚਰਨ ਗੰਗਾ ਸਟੇਡੀਅਮ, ਸ੍ਰੀ ਅਨੰਦਪੁਰ ਸਾਹਿਬ ਅਤੇ 10 ਦਸੰਬਰ ਨੂੰ ਫਾਈਨਲ ਮੁਕਾਬਲੇ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ। ਪਹਿਲੇ ਦਿਨ ਚਾਰ ਮੁਕਾਬਲੇ ਹੋਣਗੇ ਜਦਕਿ ਬਾਕੀ ਦਿਨ ਦੋ-ਦੋ ਮੁਕਾਬਲੇ ਹੋਣਗੇ।

ਸ੍ਰੀ ਰਾਣਾ ਸੋਢੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਾਸਤੇ ਖੇਡ ਵਿਭਾਗ ਨੇ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਹੈ ਅਤੇ ਸਬੰਧਤ ਡਿਪਟੀ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰ ‘ਤੇ ਟੂਰਨਾਮੈਂਟ ਕਰਵਾਉਣ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਸਾਰੇ ਟੂਰਨਾਮੈਂਟ ਸਥਾਨਾਂ ਦੀ ਤਿਆਰੀ ਮਾਹਿਰਾਂ ਦੀ ਯੋਗ ਅਗਵਾਈ ਹੇਠ ਕੀਤੀ ਗਈ ਹੈ।

ਟੂਰਨਾਮੈਂਟ ਸਥਾਨ, ਖਿਡਾਰੀਆਂ ਦੇ ਠਹਿਰਨ ਵਾਲੀਆਂ ਥਾਵਾਂ (ਹੋਟਲ) ਅਤੇ ਸਫਰ ਦੌਰਾਨ ਟੀਮਾਂ ਦੀ ਸੁਰੱਖਿਆ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਹਰੇਕ ਟੀਮ ਦੇ ਨਾਲ 2 ਲੇਜਨ ਅਫਸਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਟੀਮ ਦਾ ਹਰ ਪੱਖ ਤੋਂ ਧਿਆਨ ਰੱਖਿਆ ਜਾ ਸਕੇ। ਸਾਰੀਆਂ ਟੀਮਾਂ ਅਰਾਮ ਨਾਲ ਜਲੰਧਰ ਵਿਖੇ ਹੋਟਲ ਰਮਾਡਾ, ਐਮ-1 ਅਤੇ ਡੇਅ ਇਨ ਵਿਖੇ ਠਹਿਰਨਗੀਆਂ।

ਸ੍ਰੀ ਰਾਣਾ ਸੋਢੀ ਨੇ ਇਹ ਵੀ ਖੁਲਾਸਾ ਕੀਤਾ ਕਿ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦਾ ਰੋਜ਼ਾਨਾ ਸਿੱਧਾ ਪ੍ਰਸਾਰਣ ਪੀ.ਟੀ.ਸੀ. ਨੈੱਟਵਰਕ ਦੁਆਰਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਖੇਡਾਂ ਦੇ ਉਭਾਰ ਲਈ ਠੋਸ ਯਤਨ ਕਰ ਰਹੀ ਹੈ ਅਤੇ ਨਵੀਂ ਖੇਡ ਨੀਤੀ-2018 ਵੀ ਬਣਾਈ ਗਈ । ਨੀਤੀ ਅਨੁਸਾਰ ਵੱਧ ਤੋਂ ਵੱਧ ਸਹੂਲਤਾਂ, ਨਕਦ ਪੁਰਸਕਾਰ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਸਪੋਰਟਸ ਖਿਡਾਰੀਆਂ ਨੂੰ ਦਿੱਤੇ ਗਏ ਹਨ ਜੋ ਕਿ ਮੌਜੂਦਾ ਸਹੂਲਤਾਂ ਅਤੇ ਨਗਦ ਪੁਰਸਕਾਰ ਦੇ 3 ਗੁਣਾ ਵਾਧੇ ਦੇ ਬਰਾਬਰ ਹਨ।

ਇਸ ਮੌਕੇ ਉਨ੍ਹਾਂ ਨਾਲ ਅਡੀਸ਼ਨਲ ਚੀਫ ਸਕੱਤਰ ਖੇਡਾਂ ਸ੍ਰੀ ਸੰਜੇ ਕੁਮਾਰ, ਡਾਇਰੈਕਟਰ ਖੇਡਾਂ ਸ੍ਰੀ ਸੰਜੇ ਪੋਪਲੀ, ਡਿਪਟੀ ਡਾਇਰੈਕਟਰ ਸਪੋਰਟਸ ਸ੍ਰੀ ਕਰਤਾਰ ਸਿੰਘ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ੍ਰੀ ਤੇਜਿੰਦਰ ਸਿੰਘ ਮਿੱਢੂਖੇੜਾ ਤੋਂ ਇਲਾਵਾ ਕਾਂਗਰਸ ਦੇ ਬੁਲਾਰੇ ਸ੍ਰੀ ਰਿੰਪਲ ਮਿੱਡਾ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION