25.1 C
Delhi
Tuesday, April 23, 2024
spot_img
spot_img

ਅਫ਼ਸਰਸ਼ਾਹੀ ਲੋਕਾਂ ਪ੍ਰਤੀ ਜਵਾਬਦੇਹ, ਆਪਹੁਦਰਾਪਨ ਬਰਦਾਸ਼ਤ ਨਹੀਂ, ਕੈਪਟਨ ਦੇ ਧਿਆਨ ’ਚ ਲਿਆਵਾਂਗੇ ਪਟਿਆਲਾ ਮਾਮਲਾ: ਜਾਖ਼ੜ

ਅਬੋਹਰ, 20 ਨਵੰਬਰ, 2019:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਪਟਿਆਲਾ ਜ਼ਿਲ੍ਹੇ ਵਿਚ ਸ਼ਿਕਾਇਤ ਨਿਵਾਰਨ ਕਮੇਟੀ ਦੀ ਬੈਠਕ ਵਿਚ ਅਧਿਕਾਰੀਆਂ ਵੱਲੋਂ ਲੋਕ ਮਸਲਿਆਂ ਦੇ ਹੱਲ ਵਿਚ ਉਣਤਾਈ ਦੇ ਉੱਠੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਪਸ਼ੱਟ ਤੌਰ ਤੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਵਿਚ ਲੋਕਾਂ ਅਤੇ ਲੋਕਾਂ ਵੱਲੋਂ ਚੁਣੇ ਪ੍ਰਤੀਨਿਧਾ ਪ੍ਰਤੀ ਪ੍ਰਸ਼ਾਸਨ ਦੀ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ ਅਤੇ ਅਫ਼ਸਰਸ਼ਾਹੀ ਦਾ ਆਪਹੁਦਰਾਪਨ ਅਤੇ ਭਿ੍ਰਸ਼ਟਾਚਾਰ ਕਿਸੇ ਵੀ ਪੱਧਰ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਹਰ ਪੱਧਰ ਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਦ੍ਰਿੜ ਹੈ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿਚ ਅਜਿਹਾ ਵਾਪਰਨਾ ਹੋਰ ਵੀ ਗੰਭੀਰ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਦੀਆਂ ਘਟਨਾਵਾਂ ਨੂੰ ਸਹਿਨ ਨਹੀਂ ਕੀਤਾ ਜਾ ਸਕਦਾ।

ਆਪਣੇ ਜੱਦੀ ਪਿੰਡ ਪੰਜਕੋਸੀ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਅਧਿਕਾਰੀਆਂ ਨੂੰ ਆਮ ਲੋਕਾਂ ਤੇ ਲੋਕ ਪ੍ਰਤਿਨਿਧੀਆਂ ਨਾਲ ਸਹੀ ਤਰੀਕੇ ਨਾਲ ਗਲਬਾਤ ਕਰਨੀ ਚਾਹੀਦੀ ਹੈ ਅਤੇ ਜਨਤਾ ਦੀਆਂ ਮੁਸਕਿਲਾਂ ਦਾ ਹੱਲ ਹੀ ਉਨ੍ਹਾਂ ਦਾ ਮੁੱਖ ਟੀਚਾ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਲਈ ਸੂਬੇ ਦੇ ਲੋਕ ਹੀ ਸਭ ਕੁਝ ਹਨ। ਉਨ੍ਹਾਂ ਕਿਹਾ ਕਿ ਪਾਰਟੀ ਸਮਝਦੀ ਹੈ ਕਿ ਸਬੰਧਤ ਅਧਿਕਾਰੀ ਦੀ ਬਦਲੀ ਹੀ ਕਾਫੀ ਨਹੀਂ ਹੈ ਸਗੋਂ ਉਚ ਪੱਧਰੀ ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਜਾਵੇ ਉਸਨੂੰ ਮਿਸਾਲੀ ਸਜਾ ਦਿੱਤੀ ਜਾਵੇ ਤਾਂ ਜੋ ਕੋਈ ਹੋਰ ਲੋਕਾਂ ਨਾਲ ਅਜਿਹਾ ਵਿਹਾਰ ਨਾ ਕਰੇ।

ਸ੍ਰੀ ਜਾਖੜ ਨੇ ਕਿਹਾ ਕਿ ਲੋਕਤੰਤਰ ਵਿਚ ਲੋਕ ਹੀ ਮਹੱਤਵਪੂਰਨ ਹੁੰਦੇ ਹਨ ਅਤੇ ਜੇਕਰ ਕੋਈ ਅਧਿਕਾਰੀ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਤੈਅ ਸਮੇਂ ਅਤੇ ਪਾਰਦਰਸ਼ੀ ਢੰਗ ਨਾਲ ਨਹੀਂ ਦਿੰਦਾ ਤਾਂ ਉਸਦੇ ਖਿਲਾਫ ਕਾਂਗਰਸ ਪਾਰਟੀ ਦੀ ਸਰਕਾਰ ਸਖ਼ਤ ਕਾਰਵਾਈ ਕਰੇਗੀ।

ਸ੍ਰੀ ਜਾਖੜ ਨੇ ਕਿਹਾ ਕਿ ਇਹ ਮੁੱਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਵੀ ਲਿਆਂਦਾ ਜਾਵੇਗਾ ਅਤੇ ਯਕੀਨੀ ਬਣਾਇਆ ਜਾਵੇਗਾ ਕਿ ਇਸ ਦਾ ਮੁੜ ਦੁਹਰਾਓ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਇਸ ਮੁੱਦੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਉਹ ਵਿਧਾਇਕਾਂ ਨਾਲ ਰਾਬਤਾ ਕਰਕੇ ਪਤਾ ਲਗਾਉਣਗੇ ਕਿ ਕਿਸੇ ਹੋਰ ਹਲਕੇ ਵਿਚ ਤਾਂ ਅਜਿਹਾ ਨਹੀਂ ਹੋ ਰਿਹਾ ਹੈੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਭਿ੍ਰਸ਼ਟਾਚਾਰ ਮੁਕਤ ਸ਼ਾਸਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਅਤੇ ਇਸ ਮਾਮਲੇ ਵਿਚ ਕਿਸੇ ਦਾ ਵੀ ਲਿਹਾਜ ਨਹੀਂ ਕੀਤਾ ਜਾ ਸਕਦਾ।

ਇਸੇ ਤਰਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਲਾਇਵ ਟੈਲੀਕਾਸਟ ਤੇ ਕਿਸੇ ਇਕ ਚੈਨਲ ਵਿਸੇਸ਼ ਦਾ ਏਕਾਧਿਕਾਰ ਖਤਮ ਕਰਨ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਇਸ ਏਕਾਧਿਕਾਰ ਕਾਰਨ ਗੁਰਬਾਣੀ ਸਰਵਣ ਕਰਨ ਲਈ ਵੀ ਕਰੋੜਾਂ ਸ਼ਰਧਾਲੂਆਂ ਨੂੰ ਹਰ ਮਹੀਨੇ ਫੀਸ ਅਦਾ ਕਰਨੀ ਪੈਂਦੀ ਹੈ ਜਿਸ ਨਾਲ ਕਿਸੇ ਵਿਸੇਸ਼ ਵਪਾਰਕ ਧਿਰ ਨੂੰ ਆਮਦਨ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਸਾਰਣ ਦੀ ਸਾਰੇ ਚੈਨਲਾਂ ਨੂੰ ਛੋਟ ਮਿਲਣੀ ਚਾਹੀਦੀ ਹੈ ਅਤੇ ਇਸ ਨਾਲ ਸ਼੍ਰੋਮਣੀ ਕਮੇਟੀ ਨੂੰ ਜੋ ਆਮਦਨ ਹੋਵੇ ਉਹ ਲੋੜਵੰਦ ਸ਼ਰਧਾਲੂਆਂ ਨੂੰ ਕਰਤਾਰਪੁਰ ਲਾਂਘੇ ਦੀ ਵਰਤੋਂ ਕਰਨ ਦੀ 20 ਡਾਲਰ ਦੀ ਫੀਸ ਅਦਾ ਕਰਨ ਤੇ ਖਰਚ ਕੀਤੀ ਜਾਵੇ।

ਇਸ ਮੌਕੇ ਉਨ੍ਹਾਂ ਨੇ ਦੁਹਰਾਇਆ ਕਿ ਕਰਤਾਰਪੁਰ ਸਾਹਿਬ ਦੀ ਯਾਤਰਾ ਤੇ ਜਾਣ ਦੀ ਪ੍ਰਣਾਲੀ ਨੂੰ ਸਰਲ ਬਣਾਇਆ ਜਾਵੇ ਅਤੇ ਗੁਰਦੁਆਰਾ ਕਮੇਟੀ ਪਿੰਡਾਂ ਵਿਚ ਕੈਂਪ ਲਗਾ ਕੇ ਸ਼ਰਧਾਲੂਆਂ ਦੀ ਫਾਰਮ ਭਰਵਾਉਣ ਵਿਚ ਮਦਦ ਕਰੇ।

ਸੰਗਰੂਰ ਜ਼ਿਲ੍ਹੇ ਵਿਚ ਇਕ ਦਲਿੱਤ ਨੌਜਵਾਨ ਨੂੰ ਤਸੀਹੇ ਦਿੱਤੇ ਜਾਣ ਕਾਰਨ ਹੋਈ ਮੌਤ ਨੂੰ ਮੰਦਭਾਗਾ ਦੱਸਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਅੱਤ ਚੁੱਕਣ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ ਹੈ। ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪੂਰੀ ਵਾਹ ਲਗਾਈ ਜਾਵੇਗੀ।

ਇਸ ਮਾਮਲੇ ਨੂੰ ਸਿਆਸੀ ਰੰਗਤ ਦੇ ਰਹੇ ਅਕਾਲੀ ਤੇ ਭਾਜਪਾ ਆਗੂਆਂ ਤੋਂ ਉਨ੍ਹਾਂ ਸਵਾਲ ਕੀਤਾ ਕਿ ਅਬੋਹਰ ਵਿਖੇ ਦਸੰਬਰ 2015 ਵਿਚ ਜਦ ਦਲਿਤ ਨੌਜਵਾਨ ਭੀਮ ਟਾਂਕ ਨੂੰ ਬਰਬਰਤਾ ਨਾਲ ਕਤਲ ਕਰ ਦਿੱਤਾ ਗਿਆ ਸੀ ਤਾਂ ਉਸ ਸਮੇਂ ਅਕਾਲੀ ਭਾਜਪਾ ਸਰਕਾਰ ਤੋਂ ਸਿਰਫ 5 ਲੱਖ ਰੁਪਏ ਮੁਆਵਜਾ ਹਾਸਲ ਕਰਨ ਲਈ ਉਨ੍ਹਾਂ ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਪਹੁੰਚ ਕਰਨੀ ਪਈ ਸੀ ਅਤੇ ਅਕਾਲੀ ਦਲ ਤੇ ਭਾਜਪਾ ਦਾ ਕੋਈ ਵੀ ਸੀਨਿਅਰ ਆਗੂ ਪੀੜਤ ਪਰਿਵਾਰ ਨੂੰ ਵਧੇਰੇ ਮੁਆਵਜਾ ਤੇ ਇਨਸਾਫ ਦਿਵਾਉਣ ਲਈ ਅੱਗੇ ਨਹੀਂ ਆਇਆ।

ਇੱਥੋਂ ਤੱਕ ਕਿ ਅਜਿਹੇ ਆਗੂਆਂ ਨੂੰ ਦਲਿਤ ਪਰਿਵਾਰ ਦੇ ਘਰ ਆ ਕੇ ਅਫਸੋਸ ਕਰਨ ਦਾ ਵੀ ਸਮਾਂ ਨਹੀਂ ਮਿਲਿਆ। ਉਨ੍ਹਾਂ ਸੁਝਾਇਆ ਕਿ ਅਜਿਹੀਆਂ ਘਟਨਾਵਾਂ ਬਾਰੇ ਸਰਕਾਰ ਨੂੰ ਇਕਸਾਰ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਪੀੜਤ ਪਰਿਵਾਰਾਂ ਨੂੰ ਉਚਿਤ ਮੁਆਵਜਾ ਤੇ ਸਮਾਂਬੱਧ ਨਿਆਂ ਮਿਲ ਸਕੇ।੍ਰ ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਸੰਦੀਪ ਜਾਖੜ ਵੀ ਮੌਜੂਦ ਸਨ।

ਇਸ ਨੂੰ ਵੀ ਪੜ੍ਹੋ: ਅਗਲੀ ਸੁਣਦੇ ਨੇ ਵਾਰੀ ਅਕਾਲੀਆਂ ਦੀ, ਅੱਕ ਹੈ ਜਾਂਵਦੀ ਜੜ੍ਹਾਂ ਵਿੱਚ ਚੋਈ ਬੇਲੀ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION