35.1 C
Delhi
Thursday, March 28, 2024
spot_img
spot_img

ਅਲਵਿਦਾ, ਅਮੀਨ ਮਲਿਕ! ਠੇਠ ਪੰਜਾਬੀ ਦਿਆ ਵਕੀਲਾ: ਪ੍ਰੋ: ਗੁਰਭਜਨ ਗਿੱਲ

ਪਿੱਛੇ ਛੱਡ ਗਿਆ ਜ਼ਿਮੇਵਾਰੀਆਂ ਦੀ ਪੰਡ, ਅਸੀਂ ਚੁੱਕੀਏ ਨਾ ਚੁੱਕੀਏ।

17 ਅਪਰੈਲ 2018 ਦੀ ਸ਼ਾਮ ਮੈਂ ਅਮੀਨ ਮਲਿਕ ਨੂੰ ਦੂਜੀ ਵਾਰ ਮਿਲਿਆ। ਪਹਿਲੀ ਵਾਰ ਸ਼ਾਇਦ ਦਿੱਲੀ ਜਾਂ ਪਟਿਆਲੇ ਮਿਲਿਆ ਸਾਂ। ਉਦੋਂ ਉਸ ਦੀ ਬੀਵੀ ਰਾਣੀ ਮਲਿਕ ਵੀ ਨਾਲ ਸੀ। ਦੋਵੇਂ ਲਿਖਾਰੀ।

ਦੂਜੀ ਵਾਰ ਮਿਲਣ ਮੌਕੇ ਅਸੀਂ ਕੁੱਲ ਪੰਜ ਜੀਅ ਸਾਂ ਰੋਟੀ ਵਾਲੇ ਮੇਜ਼ ਤੇ। ਹਰੀਸ਼ ਢੰਡਾ ਪਰਿਵਾਰ ਮੇਜ਼ਬਾਨ ਸੀ , ਅਮੀਨ ਮਲਿਕ ਨੂੰ ਮਿਲਣ ਗਿਆ ਮੈਂ, ਮੇਰਾ ਪੁੱਤਰ ਪੁਨੀਤਪਾਲ ਤੇ ਸੁਰਜੀਤ ਪਾਤਰ ਜੀ ਦਾ ਵੱਡਾ ਬੇਟਾ ਅੰਕੁਰ ਪਾਤਰ।

Ameen Malikਉਸੇ ਦਿਨ ਡੇਲੀ ਪੋਸਟ ਵਾਸਤੇ ਦਰਸ਼ਨ ਸਿੰਘ ਮੱਕੜ ਜੀ ਦੀ ਪ੍ਰੇਰਨਾ ਸਦਕਾ ਸਿਮਰਨਜੋਤ ਸਿੰਘ ਮੱਕੜ ਨੂੰ ਬੁਲਾ ਕੇ ਫਾਸਟ ਵੇ ਤੇ ਡੇਲੀ ਪੋਸਟ ਲਈ ਯਾਦਗਾਰੀ ਮੁਲਾਕਾਤ ਰੀਕਾਰਡ ਕੀਤੀ। ਯੂ ਟਿਊਬ ਤੇ ਉਸ ਦੀ ਇਹੀ ਪਹਿਲੀ ਲੰਮੀ ਮੁਲਾਕਾਤ ਹੈ ਜੋ ਆਖਰੀ ਵੀ ਕਹਿ ਸਕਦੇ ਹਾਂ। ਉਹ ਕਿਹੜਾ ਮੰਨਦਾ ਸੀ, ਬੜੀ ਮੁਸ਼ਕਿਲ ਮਨਾਇਆ ਤੇ ਜਦ ਮੰਨਿਆ, ਪੂਰਾ ਖੁੱਲ੍ਹ ਕੇ ਵਰ੍ਹਿਆ, ਸਾਉਣ ਮਹੀਨੇ ਦੇ ਬੱਦਲ ਵਾਂਗ।

ਦੂਜੀ ਵਾਰ ਹਰੀਸ਼ ਦੀ ਬੇਟੀ ਦੇ ਵਿਆਹ ਤੇ ਆਇਆ ਤਾਂ ਮੈਂ ਮਿਲ ਨਾ ਸਕਿਆ, ਸ਼ਹਿਰੋਂ ਬਾਹਰ ਸਾਂ। ਮੈਂ ਪਿਛਲੇ ਸਾਲ ਨਵੰਬਰ ਚ ਇੰਗਲੈਂਡ ਗਿਆ ਤਾਂ ਪਤਾ ਲੱਗਾ ਕਿ ਉਹ ਕੈਂਸਰ ਦੇ ਇਲਾਜ ਲਈ ਹਸਪਤਾਲ ਚ ਹੈ। ਮਿਲਣਾ ਮੁਹਾਲ ਹੈ। ਨਾ ਮਿਲ ਸਕਿਆ ਜਿਸਦਾ ਹੁਣ ਤੀਕ ਪਛਤਾਵਾ ਹੈ।

ਪਰ ਉਹ ਕਿਤੇ ਨਹੀਂ ਗਿਆ, ਏਥੇ ਹੀ ਹੈ ਕਿਤੇ ਸਾਡੇ ਸਾਹਾਂ ਸਵਾਸਾਂ ਚ।

17 ਅਪਰੈਲ 2018 ਨੂੰ ਸ਼ਾਮੀਂ ਪਰਤ ਕੇ ਜੋ ਕੁਝ ਮੈਂ ਮਹਿਸੂਸ ਕੀਤਾ ਉਹ ਇੰਜ ਲਿਖਿਆ ਦੋ ਉਸ ਦੀ ਯਾਦ ਨੂੰ ਸਮਰਪਿਤ ਹੈ।

ਅਮੀਨ ਮਲਿਕ ਨੂੰ ਮਿਲਦਿਆਂ ਸੱਜਰੇਪਨ ਦਾ ਅਹਿਸਾਸ ਹੋਇਆ ।

ਇੰਗਲੈਂਡ ਵੱਸਦੇ ਪਾਕਿਸਤਾਨ ਦੇ ਪੰਜਾਬੀ ਲੇਖਕ ਜਨਾਬ ਅਮੀਨ ਮਲਿਕ ਨੂੰ ਪਿਆਰੇ ਵੀਰ ਤੇ ਸਾਬਕਾ ਵਿਧਾਇਕ ਹਰੀਸ਼ ਰਾਏ ਢੰਡਾ ਦੇ ਘਰ ਮਿਲਣਾ ਮੇਰਾ ਸੁਭਾਗ ਸੀ।

ਪਰਸੋਂ ਚੌਥੇ ਕਿਸੇ ਲੇਖਕ ਦੋਸਤ ਨੇ ਫੋਨ ਕਰਕੇ ਕਿਹਾ ਕਿ ਯਾਰ ਅਮੀਨ ਆਇਆ ਹੋਇਐ ਪੰਜਾਬ ਚ। ਪਰ ਪੰਜਾਬੀ ਸਾਹਿੱਤ ਅਕਾਡਮੀ ਚੋਣਾਂ ਕਾਰਨ ਮੈਂ ਏਧਰ ਬਹੁਤਾ ਧਿਆਨ ਨਾ ਗਿਆ।

ਪਤਾ ਨਹੀਂ ਸੀ ਲੱਗ ਰਿਹਾ ਕਿ ਕਿੱਥੇ ਹੈ?

ਅਚਨਚੇਤ ਵੱਡੇ ਵੀਰ ਦਰਸ਼ਨ ਸਿੰਘ ਮੱਕੜ ਨੇ ਫੋਨ ਕਰਕੇ ਦੱਸਿਆ ਕਿ ਅਮੀਨ ਮਲਿਕ ਹਰੀਸ਼ ਰਾਏ ਢੰਡਾ ਦੇ ਬੁਲਾਵੇ ਤੇ ਉਸ ਦੇ ਘਰ ਆ ਰਿਹੈ।

ਹਰੀਸ਼ ਢੰਡਾ ਦਾ ਵੀ ਸੱਦਾ ਪੁੱਜਾ। ਸਰੀਰ ਬਹੁਤਾ ਠੀਕ ਨਾ ਹੋਣ ਦੇ ਬਾਵਜੂਦ ਬੇਟੇ ਪੁਨੀਤ ਤੇ ਅੰਕੁਰ ਪਾਤਰ ਦੀ ਹਿੰਮਤ ਸਦਕਾ ਅਮੀਨ ਮਲਿਕ ਨਾਲ ਮੁਲਾਕਾਤ ਹੋਈ।

ਅਮੀਨ ਪੰਜਾਬੀਅਤ ਦਾ ਭਰ ਵਗਦਾ ਦਰਿਆ ਹੈ। ਨੱਕੋ ਨੱਕ ਪੰਜਾਬੀ ਮੁਹੱਬਤ ਨਾਲ ਲਬਰੇਜ਼ , ਸੌਫੀ ਸਦੀ।
ਸਿਰੋਂ ਪੈਰਾਂ ਤੀਕ ਪੰਜ ਦਰਿਆਈ ਘੋੜਾ।

ਦੋ ਕਹਾਣੀ ਸੰਗ੍ਰਹਿ ਲਿਖ ਚੁਕਾ ਅਮੀਨ ਮਲਿਕ ਦੱਸ ਰਿਹਾ ਸੀ ਉਸ ਦੀਆਂ ਕਿਤਾਬਾਂ ਸਿੰਘ ਬਰਦਰਜ਼ ਸਿਟੀ ਸੈਂਟਰ ਅੰਮ੍ਰਿਤਸਰ ਤੋਂ ਮਿਲ ਸਕਣਗੀਆਂ। ਸ: ਗੁਰਸਾਗਰ ਸਿੰਘ ਨੇ ਪੂਰਾ ਸਟਾਕ ਲੈ ਲਿਆ ਹੈ।

ਹੁਣ ਤੀਕ ਸਪੋਕਸਮੈਨ ਅਖ਼ਬਾਰ ਚ ਬਹੁਤਾ ਛਪਦਾ ਸੀ ਪਰ ਅੱਜ ਦੱਸ ਰਿਹਾ ਸੀ ਉਹ ਅਜੀਤ ਚ ਲਿਖਿਆ ਕਰੇਗਾ।

ਉਸ ਦਾ ਨਵਾਂ ਨਾਵਲ ਅੱਥਰੀ ਛਪ ਰਿਹੈ ਪੰਜਾਬ ਚ। ਅਮੀਨ ਮਲਿਕ ਨੂੰ ਦਸ ਸਾਲ ਪਹਿਲਾਂ ਹਰੀਸ਼ ਇੰਗਲੈਂਡ ਚ ਮਿਲ ਕੇ ਆਇਆ ਸੀ। ਰਿਸ਼ਤਾ ਕਾਇਮ ਹੈ। ਹਰੀਸ਼ ਜ਼ਹੀਨ ਪੁਰਖ ਹੈ, ਚੰਗਾ ਸਾਹਿੱਤ ਪੜ੍ਹਦਾ ਹੈ, ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਕਿਤਾਬਾਂ ਦਾ ਰਸੀਆ। ਵਿਧਾਇਕ ਬਣ ਗਿਆ ਸੀ ਪਰ ਜਲਦੀ ਉਕਤਾ ਗਿਆ, ਕਹਿਣ ਲੱਗਾ ਏਨਾ ਝੂਠ ਨਹੀਂ ਬੋਲਿਆ ਜਾਂਦਾ ਆਪਣੀ ਰੂਹ ਨਾਲ।

ਘਰ ਪਰਤ ਆਇਆ ਹਾਂ।

ਅਮੀਨ ਮਲਿਕ ਅੱਜ ਦੀ ਰਾਤ ਹੀ ਲੁਧਿਆਣੇ ਸੀ, ਸਵੇਰੇ ਵਾਘੇ ਥਾਣੀਂ ਲਾਹੌਰ ਪਰਤ ਜਾਵੇਗਾ ਤੇ ਓਥੋਂ ਇੰਗਲੈਂਡ।

ਸੁਪਨੇ ਵਰਗੇ ਜੀਅ ਨੂੰ ਮਿਲ ਕੇ ਰੂਹ ਰੱਜੀ ਰੱਜੀ ਲੱਗਦੀ ਹੈ।

ਗੁਰਭਜਨ ਗਿੱਲ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION