36.1 C
Delhi
Thursday, March 28, 2024
spot_img
spot_img

ਅਰਬ ਦੇਸ਼ਾਂ ’ਚ ਫ਼ਸੀਆਂ ਧੀਆਂ ਨੂੰ ਬਚਾਓਣ ਲਈ ਮੁੜ ਅੱਗੇ ਆਇਆ ਦੁਬਈ ਦਾ ਸਰਦਾਰ – ਐਸ.ਪੀ. ਸਿੰਘ ਉਬਰਾਏ

ਅੰਮ੍ਰਿਤਸਰ ,12 ਫ਼ਰਵਰੀ, 2020:

ਅਰਬ ਦੇਸ਼ਾਂ ਅੰਦਰ ਸਜ਼ਾ ਜ਼ਾਫਤਾ ਅਨੇਕਾਂ ਨੌਜਵਾਨਾਂ ਨੂੰ ਫ਼ਾਸੀ ਦੇ ਫ਼ੰਦੇ ਤੋਂ ਬਚਾਉਣ ਲਈ ਅਾਪਣੇ ਕੋਲੋਂ ਪਹਿਲਾਂ ਹੀ ਕਰੋਡ਼ਾਂ ਰੁਪਏ ਖਰਚ ਕਰ ਚੁੱਕੇ ‘ਸਰਬੱਤ ਦੇ ਭਲੇ’ ਦੀ ਭਾਵਨਾ ਤੇ ਤਨੋ-ਮਨੋ ਪਹਿਰਾ ਦੇਣ ਵਾਲੇ ਦੁਬਈ ਦੇ ਨਾਂਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਅੈੱਸ.ਪੀ.ਸਿੰਘ ਓਬਰਾਏ ਇੱਕ ਵਾਰ ਮੁੜ ਅਰਬ ਦੇਸ਼ਾਂ ਅੰਦਰ ਫ਼ਸੀਅਾਂ ਕੁੜੀਆਂ ਨੂੰ ਬਚਾਉਣ ਲਈ ਅੱਗੇ ਅਾਏ ਹਨ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮਸਕਟ ਦੇ ਭਾਰਤੀ ਦੂਤਾਵਾਸ ਅੰਦਰ ਭਾਰਤ ਆਉਣ ਲਈ ਤਰਲੇ ਲੈ ਰਹੀਆਂ ਕੁਝ ਪੰਜਾਬੀ ਲੜਕੀਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਅਾਈ ਸੀ,ਜਿਸ ਵਿੱਚ ਉਕਤ ਲੜਕੀਆਂ ਰੋਂਦੀਆਂ ਹੋਈਆਂ ਆਪਣੇ ਹਾਲਾਤ ਬਿਆਨ ਕਰ ਰਹੀਆਂ ਸਨ। ਬੇਸ਼ੱਕ ਇਸ ਮਸਲੇ ਨੂੰ ਅਜੇ ਤੱਕ ਸਰਕਾਰਾਂ ਨੇ ਗੰਭੀਰਤਾ ਨਾਲ ਨਹੀਂ ਲਿਆ ਪਰ ਉੱਘੇ ਸਮਾਜ ਸੇਵੀ ਡਾ. ਐਸ.ਪੀ. ਸਿੰਘ ਓਬਰਾਏ ਨੇ ਇਸ ਮਸਲੇ ਦੇ ਹੱਲ ਲਈ ਮਿਸਾਲੀ ਪਹਿਲਕਦਮੀ ਕੀਤੀ ਹੈ।

ਦੁਬਈ ਤੋਂ ਜਾਰੀ ਇੱਕ ਬਿਅਾਨ ਰਾਹੀਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਭਾਰਤ ਦੇ ਕੁਝ ਗਲਤ ਏਜੰਟ ਭੋਲੀਆਂ-ਭਾਲੀਆਂ ਲੜਕੀਆਂ ਨੂੰ ਚੰਗੀ ਨੌਕਰੀ ਦਾ ਲਾਲਚ ਦੇ ਕੇ ਪਹਿਲਾਂ ਥੋੜ੍ਹੇ ਸਮੇਂ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦੁਬਈ ਭੇਜਦੇ ਹਨ, ਕੁਝ ਦਿਨਾਂ ਬਾਅਦ ਵੀਜ਼ਾ ਖਤਮ ਹੋਣ ਉਪਰੰਤ ਜਦ ਦੁਬਈ ‘ਚ ਗੈਰ ਕਾਨੂੰਨੀ ਤੌਰ ਤੇ ਰਹਿਣਾ ਔਖਾ ਹੋ ਜਾਂਦਾ ਹੈ ਤਾਂ ਫਿਰ ਉਨ੍ਹਾਂ ਲੜਕੀਆਂ ਨੂੰ ਗਲਤ ਤਰੀਕੇ ਨਾਲ ਸੜਕੀ ਰਸਤੇ ਰਾਹੀਂ ਮਸਕਟ ਲੈ ਜਾਂਦੇ ਹਨ,ਜਿੱਥੇ ਉਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਲੜਕੀਆਂ ਨੂੰ ਖਰੀਦਣ ਵਾਲੇ ਜ਼ਿਮੀਂਦਾਰ ਅਾਪਣੇ ਖਰਚ ਤੇ ਇਨ੍ਹਾਂ ਦਾ ਵੀਜ਼ਾ ਲਵਾ ਕੇ ਇਨ੍ਹਾਂ ਨੂੰ ਆਪਣੇ ਕੋਲ ਰੱਖ ਕੇ ਘਰਾਂ ਤੋਂ ਇਲਾਵਾ ਪਸ਼ੂਅਾਂ ਦੀ ਸਾਂਭ ਸੰਭਾਲ ਦਾ ਭਾਰੀ ਕੰਮ ਕਰਾਉਂਦੇ ਹਨ। ਜਿਸ ਤੋਂ ਦੁਖੀ ਹੋ ਕੇ ਇਹ ਲੜਕੀਆਂ ਪਿੱਛੇ ਵਾਪਸ ਆਉਣਾ ਚਾਹੁੰਦੀਆਂ ਹਨ ਪਰ ਮਜਬੂਰੀ ਵੱਸ ਇਹ ਵਾਪਸ ਨਹੀਂ ਆ ਸਕਦੀਆਂ ਕਿਉਂਕਿ ਇਨ੍ਹਾਂ ਦੇ ਪਾਸਪੋਰਟ ਤੇ ਹੋਰ ਜ਼ਰੂਰੀ ਕਾਗਜ਼ਾਤ ਇਨ੍ਹਾਂ ਦੇ ਖਰੀਦਦਾਰਾਂ ਕੋਲ ਹੁੰਦੇ ਹਨ।

ਉਨ੍ਹਾਂ ਦੱਸਿਆ ਕਿ ਇਹ ਮਸਲਾ ਪਿਛਲੇ ਸਾਲ ਵੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਅਤੇ ਉਨ੍ਹਾਂ ਦੁਆਰਾ ਕੀਤੇ ਸਰਵੇ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਸਮੇੰ 104 ਲੜਕੀਆਂ ਨੇ ਆਪਣੇ ਕੰਮਾਂ ਤੋਂ ਭੱਜ ਕੇ ਮਸਕਟ ਅੰਬੈਸੀ ਤੇ ਗੁਰਦੁਆਰਾ ਸਾਹਿਬ ਅੰਦਰ ਸ਼ਰਨ ਲਈ ਸੀ,ਇਨ੍ਹਾਂ ਵਿੱਚੋਂ 65 ਲੜਕੀਆਂ ਭਾਰਤੀ ਸਨ।

ਉਨ੍ਹਾਂ ਦੱਸਿਆ ਕਿ ਉਸ ਵੇਲੇ ਉਨ੍ਹਾਂ ਨੇ ਭਾਰਤ ਸਰਕਾਰ ਤੇ ਮਸਕਟ ‘ਚ ਭਾਰਤੀ ਅੰਬੈਸਡਰ ਨੂੰ ਵੀ ਇਸ ਮਸਲੇ ਸਬੰਧੀ ਪੱਤਰ ਲਿਖ ਕੇ ਕਿਹਾ ਸੀ ਕਿ ਇਨ੍ਹਾਂ ਲੜਕੀਆਂ ਨੂੰ ਵਾਪਸ ਭੇਜਣ ਦੀ ਸੇਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੂੰ ਦਿੱਤੀ ਜਾਵੇ ਅਤੇ ਉਸ ਸਮੇਂ ਆਪਣੇ ਕੋਲੋਂ ਪੈਸੇ ਖ਼ਰਚ ਕੇ ਮਸਕਟ ‘ਚ ਫਸੀਆਂ 6 ਲੜਕੀਆਂ ਨੂੰ ਵਾਪਸ ਭਾਰਤ ਵੀ ਭੇਜਿਆ ਸੀ।

ਉਨ੍ਹਾਂ ਕਿਹਾ ਕਿ ਹੁਣ ਮੁੜ ਵੀਡੀਓ ਕਾਰਨ ਇਹ ਮਸਲਾ ਸਾਹਮਣੇ ਆਉਣ ਤੇ ਪਤਾ ਲੱਗਾ ਹੈ ਕਿ ਇਸ ਵੇਲੇ ਵੀ ਕਰੀਬ 89 ਲੜਕੀਆਂ ਨੇ ਮਸਕਟ ਦੇ ਭਾਰਤੀ ਦੂਤਾਵਾਸ ‘ਚ ਸ਼ਰਨ ਲਈ ਹੋਈ ਹੈ ਜਦ ਕਿ ਕੁਝ ਲੜਕੀਆਂ ਅਜੇ ਵੀ ਆਪਣੇ ਖਰੀਦਦਾਰਾਂ ਦੇ ਪੰਜੇ ‘ਚੋਂ ਨਿਕਲ ਨਹੀਂ ਸਕੀਆਂ। ਉਨ੍ਹਾਂ ਦੱਸਿਆ ਹੈ ਕਿ ਇਨ੍ਹਾਂ 89 ਲੜਕੀਆਂ ਚੋਂ 6 ਲੜਕੀਆਂ ਪੰਜਾਬ ਦੀਆਂ ਹਨ ਜਦ ਕਿ ਜ਼ਿਆਦਾਤਰ ਕਰੀਬ 60 ਫੀਸਦੀ ਲੜਕੀਆਂ ਹੈਦਰਾਬਾਦ ਦੀਆਂ ਹਨ।

ਨ੍ਹਾਂ ਕਿਹਾ ਕਿ ਅਰਬ ਦੇਸ਼ਾਂ ਅੰਦਰ ਗਲਤ ਤਰੀਕੇ ਨਾਲ ਫਸੀਆਂ 100 ਤੋਂ ਵਧੇਰੇ ਲੜਕੀਆਂ ਨੂੰ ਵਾਪਸ ਲਿਆਉਣ ਲਈ ਜਿੱਥੇ ਇਮੀਗ੍ਰੇਸ਼ਨ ਦੇ ਜੁਰਮਾਨੇ, ਓਵਰ ਸਟੇਅ ਦੀਆਂ ਪਲੈਨਟੀਆਂ ਤੇ ਕੋਰਟ ਦੇ ਖਰਚਿਆਂ ਤੋਂ ਇਲਾਵਾ ਉਨ੍ਹਾਂ ਦੇ ਖਰੀਦਦਾਰਾਂ ਨੂੰ ਉਨ੍ਹਾਂ ਦਾ ਖਰੀਦ ਮੁੱਲ ਤੇ ਵੀਜ਼ਾ ਲੈਣ ਤੇ ਹੋਇਆ ਖਰਚ ਵਾਪਸ ਕਰਨਾ ਪਵੇਗਾ। ਜੋ ਇਨ੍ਹਾਂ ਲੜਕੀਆਂ ਦੇ ਪਰਿਵਾਰ ਆਪਣੇ ਕੋਲੋਂ ਖਰਚ ਨਹੀਂ ਕਰ ਸਕਦੇ ।

ਉਨ੍ਹਾਂ ਕਿਹਾ ਕਿ ਇਨ੍ਹਾਂ ਲੜਕੀਆਂ ਨੂੰ ਵਾਪਸ ਭੇਜਣ ਲਈ ਇੱਕ ਤੋਂ ਡੇਢ ਕਰੋੜ ਰੁਪਏ ਦਾ ਖਰਚ ਅਾਉਣ ਦਾ ਅਨੁਮਾਨ ਹੈ,ਇਹ ਸਾਰਾ ਖਰਚ ਉਹ ਆਪਣੇ ਕੋਲੋਂ ਕਰ ਕੇ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਵਾਪਸ ਭੇਜਣ ਲਈ ਬਿਲਕੁਲ ਤਿਆਰ ਹਨ ਪਰ ਇਸ ਗੰਭੀਰ ਮਸਲੇ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਦੀ ਵਿਸ਼ੇਸ਼ ਮਦਦ ਦੀ ਜ਼ਰੂਰਤ ਹੈ ਕਿਉਂਕਿ ਬਹੁਤ ਸਾਰੀਆਂ ਲੜਕੀਆਂ ਕੋਲ ਇਸ ਸਮੇਂ ਪਾਸਪੋਰਟ ਤੇ ਹੋਰ ਜ਼ਰੂਰੀ ਕਾਗਜ਼ਾਤ ਵੀ ਨਹੀਂ ਹਨ, ਜੋ ਭਾਰਤ ਸਰਕਾਰ ਦੀ ਮਦਦ ਤੋਂ ਬਗੈਰ ਕਿਸੇ ਵੀ ਹਾਲ ‘ਚ ਵੀ ਨਹੀਂ ਪੂਰੇ ਹੋ ਸਕਦੇ।

ਇਸ ਦੌਰਾਨ ਉਨ੍ਹਾਂ ਸਰਕਾਰਾਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਉਹ ਭਾਰਤ ਅੰਦਰ ਮੌਜੂਦ ਗਲਤ ਏਜੰਟਾਂ ਨੂੰ ਨੱਥ ਵੀ ਪਾਉਣ ਤਾਂ ਜੋ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ੀ ਧਰਤੀ ਉੱਤੇ ਅਾ ਕੇ ਰੁਲਣਾ ਨਾ ਪਾਵੇ।

ਜ਼ਿਕਰਯੋਗ ਹੈ ਕਿ ਡਾ.ਐੱਸ.ਪੀ. ਸਿੰਘ ਓਬਰਾਏ ਆਪਣੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਾਹੀਂ ਹਰ ਸਾਲ ਆਪਣੇ ਕੋਲੋਂ ਸਿਹਤ,ਸਿੱਖਿਆ, ਵਿਦੇਸ਼ਾਂ ‘ਚ ਫਸੇ ਭਾਰਤੀਆਂ ਤੇ ਵਿਦੇਸ਼ਾਂ ਤੋਂ ਮ੍ਰਿਤਕ ਸਰੀਰ ਮੰਗਵਾਉਣ ਤੋਂ ਇਲਾਵਾ ਵੱਖ-ਵੱਖ ਖੇਤਰਾਂ ਅੰਦਰ ਲੋੜਵੰਦਾਂ ਦੀ ਸੇਵਾ ਲਈ ਕਰੋੜਾਂ ਰੁਪਏ ਖਰਚ ਕਰਦੇ ਹਨ ਅਤੇ ਇਸ ਟਰੱਸਟ ਵੱਲੋਂ ਕਿਸੇ ਨਾਲ ਵੀ ਜਾਤ- ਪਾਤ,ਦੇਸ਼ ਜਾਂ ਸੂਬੇ ਪੱਧਰ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਜਿਸ ਦੀ ਸਭ ਤੋਂ ਵੱਡੀ ਮਿਸਾਲ ਬਲੱਡ ਮਨੀ ਦੇ ਕੇ ਛੁਡਾਏ ਗਏ ਨੌਜਵਾਨਾਂ ‘ਚ ਭਾਰਤ ਤੋਂ ਇਲਾਵਾ ਪਾਕਿਸਤਾਨ,ਬੰਗਲਾਦੇਸ਼,ਸ੍ਰੀਲੰਕਾ ਤੇ ਫਿਲਪਾਈਨਜ਼ ਦੇ ਨੌਜਵਾਨ ਦੀ ਸ਼ਮੂਲੀਅਤ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION