29 C
Delhi
Saturday, April 20, 2024
spot_img
spot_img

ਅਕਾਲ ਤਖਤ ਤੋਂ 17 ਸਾਲ ਪਹਿਲਾਂ ਹਿੱਤ, ਸਰਨਾ ਤੇ ਸਾਥੀਆਂ ਨੁੰ ਤਨਖਾਹੀਆ ਕਰਾਰ ਦਿੱਤਾ ਗਿਆ, ਅੱਜ ਤੱਕ ਭੁੱਲਾਂ ਨਹੀਂ ਬਖਸ਼ਾਈਆਂ: ਕਾਲਕਾ, ਕਾਹਲੋਂ

ਯੈੱਸ ਪੰਜਾਬ
ਨਵੀਂ ਦਿੱਲੀ, 27 ਮਈ, 2022 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਇਕ ਵੱਡਾ ਖੁਲ੍ਹਾਸਾ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ 17 ਸਾਲ ਪਹਿਲਾਂ ਜਥੇਦਾਰ ਅਵਤਾਰ ਸਿੰਘ ਹਿੱਤ, ਪਰਮਜੀਤ ਸਿੰਘ ਸਰਨਾ ਤੇ ਉਹਨਾਂ ਦੇ ਸਾਥੀਆਂ ਨੁੰ ਭਾਨੂੰ ਮੂਰਤੀ ਵੱਲੋਂ ਗੁਰਬਾਣੀ ਦਾ ਗਲਤ ਪ੍ਰਕਾਸ਼ਨ ਕਰਨ ’ਤੇ ਤਨਖਾਹੀਆ ਕਰਾਰ ਦਿੱਤਾ ਸੀ ਤੇ ਇਹਨਾਂ ਆਗੂਆਂ ਨੇ ਅੱਜ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਉਹਨਾਂ ਨੇ ਭਾਨੂੰ ਮੂਰਤੀ ਵੱਲੋਂ ਗੁਰਬਾਣੀ ਦੀ ਗਲਤ ਪ੍ਰਕਾਸ਼ਨਾਂ ਕਰਨ ਦਾ ਮਾਮਲਾ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿਚ ਲਿਆਂਦਾ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ। ਸਾਡੇ ਪੱਤਰ ਦੀ ਜਵਾਬ ਵਿਚ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਵਾਬ ਮਿਲਿਆ ਹੈ।

ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਕੀਤੇ ਹੁਕਮਾਂ ਦੀ ਕਾਪੀ ਵੀ ਨਾਲ ਭੇਜੀ ਗਈ ਹੈ। ਉਹਨਾਂ ਦੱਸਿਆ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਭਾਨੂੰ ਮੂਰਤੀ ਵੱਲੋਂ ਗੁਰਬਾਣੀ ਦੇ ਕੀਤੇ ਗਏ ਲਿਪੀਅੰਤਣ ਨਾਲ ਗੁਰਬਾਣੀ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਜਥੇਦਾਰ ਅਵਤਾਰ ਸਿੰਘ ਹਿੱਤ ਸਾਬਕਾ ਪ੍ਰਧਾਨ, ਪ੍ਰਹਿਲਾਦ ਸਿੰਘ ਚੰਢੋਕ ਸਾਬਕਾ ਪ੍ਰਧਾਨ, ਪਰਮਜੀਤ ਸਿੰਘ ਸਰਨਾ ਉਸ ਵੇਲੇ ਦੇ ਪ੍ਰਧਾਨ ਤੇ ਉਹਨਾਂ ਦੇ ਹੋਰ ਸਾਥੀਆਂ ਨੁੰ ਤਨਖਾਹੀਆ ਕਰਾਰ ਦਿੱਤਾ ਸੀ।

ਉਹਨਾਂ ਨੂੰ ਸਪਸ਼ਟ ਹੁਕਮ ਕੀਤਾ ਗਿਆ ਸੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਣ ਅਤੇ ਭੁੱਲਾਂ ਬਖਸ਼ਾਉਣ। ਉਹਨਾਂ ਦੱਸਿਆ ਕਿ ਅੱਜ 17 ਸਾਲਾਂ ਬਾਅਦ ਵੀ ਜਥੇਦਾਰ ਅਵਤਾਰ ਸਿੰਘ ਹਿੱਤ ਤੇ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਤੇ ਭੁੱਲਾਂ ਨਹੀਂ ਬਖਸ਼ਾਈਆਂ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਜਥੇਦਾਰ ਅਵਤਾਰ ਸਿੰਘ ਹਿੱਤ, ਪਰਮਜੀਤ ਸਿੰਘ ਸਰਨਾ ਤੇ ਇਹਨਾਂ ਦੇ ਸਾਥੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਰਵਾਹ ਨਹੀਂ ਕਰ ਰਹੇ ਤੇ ਅੱਜ ਵੀ ਤਨਖਾਹੀਆ ਹੋਣ ਦੇ ਬਾਵਜੂਦ ਆਰਾਮ ਨਾਲ ਘੁੰਮ ਰਹੇ ਹਨ।

ਉਹਨਾਂ ਕਿਹਾ ਕਿ ਇਸ ਤੋਂ ਵੱਡੀ ਸਿਤਮ ਵਾਲੀ ਗੱਲ ਇਹ ਹੈ ਕਿ ਸ੍ਰੋਮਣੀ ਕਮੇਟੀ ਨੇ ਇਹਨਾਂ ਤਨਖਾਹੀਆ ਆਗੂਆਂ ਨੂੰ ਬੰਦੀ ਸਿੰਘਾਂ ਦੇ ਮਾਮਲੇ ਵਿਚ ਬਣਾਈ ਕੌਮ ਦੀ ਕਮੇਟੀ ਵਿਚ ਸ਼ਾਮਲ ਕੀਤਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੁੰ ਇਸ ਤੱਥ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਇਹਨਾਂ ਨੁੰ ਤੁਰੰਤ ਕਮੇਟੀ ਵਿਚੋਂ ਬਾਹਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹਨਾਂ ਨੁੰ ਸ਼ਾਮਲ ਕਰਨ ਦੀ ਜ਼ਿੰਮੇਵਾਰੀ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਬਣਦੀ ਹੈ ਤੇ ਉਹਨਾਂ ਨੁੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਵੱਡੀ ਗੱਲ ਇਹ ਵੀ ਹੈ ਕਿ ਉਸ ਵੇਲੇ ਇਹਨਾਂ ਖਿਲਾਫ ਸ਼ਿਕਾਇਤ ਕਰਨ ਵਾਲੀ ਸੰਸਥਾ ਨੁੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਜਾਣਕਾਰੀ ਨਹੀਂ ਦਿੱਤੀ ਗਈ ਤੇ ਇਹ ਫੈਸਲਾ ਫਾਈਲਾਂ ਵਿਚ ਦਬਾ ਲਿਆ ਗਿਆ ਕਿਉਂਕਿ ਬਾਦਲ ਪਰਿਵਾਰ ਜਥੇਦਾਰ ਹਿੱਤ ਦੀ ਰਾਖੀ ਕਰਨ ਵਿਚ ਲੱਗਾ ਸੀ।

ਦੋਵਾਂ ਆਗੂਆਂ ਨੇ ਮੰਗ ਕੀਤੀ ਕਿ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਰਤਨ ਤੇ ਫਖ਼ਰ ਏ ਕੌਮ ਐਵਾਰਤ ਦਿੱਤੇ ਜਾਂਦੇ ਹਨ, ਉਸਦੇ ਤਰੀਕੇ ਜਥੇਦਾਰ ਅਵਤਾਰ ਸਿੰਘ ਹਿੱਤ ਨੁੰ ਗੱਦਾਰ ਏ ਕੌਮ ਦਾ ਐਵਾਰਡ ਦਿੱਤਾ ਜਾਣਾ ਚਾਹੀਦਾ ਹੈ।
ਜਥੇਦਾਰ ਹਿੱਤ, ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ ਕੇ ਕੀਤੇ ਗਠਜੋੜ ’ਤੇ ਟਿੱਪਣੀ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਇਹਨਾਂ ਸਭ ਦਾ ਮਕਸਦ ਸਿਰਫ ਗੁਰੂਘਰਾਂ ਦੇ ਪ੍ਰਬੰਧਾਂ ’ਤੇ ਕਬਜ਼ਾ ਕਰਨਾ ਹੈ। ਉਹਨਾਂ ਕਿਹਾ ਕਿ ਇਹਨਾਂ ਨੁੰ ਸੰਗਤਾਂ ਨੇ ਨਕਾਰ ਦਿੱਤਾ ਹੈ ਤੇ ਹੁਣ ਇਹ ਇਕੱਠੇ ਹੋਣ ਦੇ ਦਾਅਵੇ ਕਰ ਰਹੇ ਹਨ।

ਸਕੂਲਾਂ ਦੇ ਮਾਮਲੇ ਦੀ ਗੱਲ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਦੋਂ ਤੋਂ ਤਨਖਾਹ ਕਮਿਸ਼ਨ ਦਾ ਮਾਮਲਾ ਸ਼ੁਰੂ ਹੋਇਆ ਤੇ ਸਕੂਲਾਂ ਦੇ ਪ੍ਰਬੰਧ ਉਲਝੇ, ਉਸ ਸਾਰੇ ਮਾਮਲੇ ਦੀ ਜਾਂਚ ਦਿੱਲੀ ਦੇ ਸਿਆਣੇ ਸਿੱਖਾਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਤੇ ਅਸੀਂ ਇਸ ਮਾਮਲੇ ਵਿਚ ਉਹਨਾਂ ਨੂੰ ਹਰ ਤਰੀਕੇ ਦਾ ਸਹਿਯੋਗ ਦਿਆਂਗੇ।

ਉਹਨਾਂ ਨੇ ਬੀਤੇ ਦਿਨ ਪ੍ਰੈਸ ਕਾਨਫਰੰਸ ਵਿਚ ਇਸ ਮਾਮਲੇ ’ਤੇ ਸਰਨਾ ਭਰਾਵਾਂ ਵਿਚਾਲੇ ਮਤਭੇਦਾਂ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਉਹ ਤਾਂ ਵੱਖੋ ਵੱਖ ਮੰਗ ਕਰ ਰਹੇ ਸਨ ਕਿ ਕਿਤੇ ਮਨਜੀਤ ਸਿੰਘ ਜੀ ਕੇ ਜਾਂਚ ਵਿਚ ਨਾ ਫਸ ਜਾਣ। ਉਹਨਾਂ ਕਿਹਾ ਕਿ ਜਿਸ ਵਿਅਕਤੀ ਨੇ ਗੁਰੂ ਦੀ ਗੋਲਕ ਲੁੱਟੀ ਹੋਵੇ, ਉਸਨੁੰ ਸੰਗਤਾਂ ਵਿਚ ਲਿਆ ਕੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਹਨ।

ਹਰੀ ਨਗਰ ਦੇ ਸਕੂਲ ਦੀ ਗੱਲ ਕਰਦਿਆਂ ਦੋਵਾਂ ਆਗੂਆਂ ਨੇ ਦੱਸਿਆ ਕਿ ਜਦੋਂ ਜਥੇਦਾਰ ਹਿੱਤ ਨੁੰ ਸਕੂਲ ਦਿੱਤਾ ਗਿਆ ਸੀ ਤਾਂ ਉਸ ਵਿਚ ਸਿਰਫ 130 ਬੱਚੇ ਸਨ ਤੇ ਜਥੇਦਾਰ ਹਿੱਤ ਨੇ ਸਟਾਫ 50 ਬੱਚਿਆਂ ਦਾ ਲਗਾ ਲਿਆ। ਉਹਨਾਂ ਦੱਸਿਆ ਕਿ ਮਨਜੀਤ ਸਿੰਘ ਜੀ ਕੇ ਪ੍ਰਧਾਨ ਹੁੰਦਿਆਂ 2013 ਤੋਂ 2019 ਤੱਕ 7 ਕਰੋੜ 80 ਲੱਖ 92 ਹਜ਼ਾਰ 165 ਰੁਪਏ ਦੀ ਰਾਸ਼ੀ ਇਸ ਸਕੂਲ ਵਾਸਤੇ ਦਿੱਤੀ ਜਿਸ ਵਿਚੋਂ ਰਕਮ ਕੱਢਵਾ ਕੇ ਜਥੇਦਾਰ ਹਿੱਤ ਮਨਜੀਤ ਸਿੰਘ ਜੀ ਕੇ ਨੁੰ ਹਿੱਸਾ ਦਿੰਦੇ ਰਹੇ।

ਉਹਨਾਂ ਕਿਹਾ ਕਿ ਸਰਨਾ ਭਰਾ ਦਾਅਵਾ ਕਰ ਰਹੇ ਹਨ ਕਿ ਅਸੀਂ 130 ਕਰੋੜ ਰੁਪਏ ਪਿੱਛੇ ਛੱਡ ਕੇ ਗਏ ਹਾਂ। ਉਹਨਾਂ ਕਿਹਾ ਕਿ ਅਸੀਂ ਦੋ ਦਿਨਾਂ ਵਿਚ ਸਾਰੀ ਸੱਚਾਈ ਸੰਗਤਾਂ ਸਾਹਮਣੇ ਰੱਖਾਂਗੇ ਕਿ ਜਦੋਂ ਮਨਜੀਤ ਸਿੰਘ ਜੀ ਕੇ ਪ੍ਰਧਾਨ ਬਣੇ ਸਨ ਤਾਂ ਸਰਨਾ ਭਰਾ ਕੀ ਛੱਡ ਕੇ ਗਏ ਸਨ।

ਮਨਜੀਤ ਸਿੰਘ ਜੀ ਕੇ ਵੱਲੋਂ ਅਧਿਆਪਕਾਂ ਨੁੰ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਦੇਣ ਤੋਂ ਰੋਕਣ ਲਈ ਸਰਦਾਰ ਮਨਜਿੰਦਰ ਸਿੰਘ ਸਿਰਸਾ ਸਿਰ ਦੋਸ਼ ਮੜ੍ਹਨ ਦੇ ਮਾਮਲੇ ਵਿਚ ਉਹਨਾਂ ਕਿਹਾ ਕਿ ਜਦੋਂ ਮਨਜੀਤ ਸਿੰਘ ਜੀ ਕੇ ਨੇ 51 ਲੱਖ ਰੁਪਏ ਵੱਖ ਵੱਖ ਸੰਸਥਾਵਾਂ ਨੁੰ ਦਿੱਤੇ ਤੇ ਕਿਸੇ ਮੈਂਬਰ ਨੂੰ ਵੀ ਭਿਣਕ ਨਹੀਂ ਲੱਗਣ ਦਿੱਤੀ ਤਾਂ ਕੀ ਉਸ ਵੇਲੇ ਉਹਨਾਂ ਨੁੰ ਕਿਸੇ ਨੇ ਨਹੀਂ ਰੋਕਿਆ ? ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਨੇ 17 ਤੇ 19 ਲੱਖ ਰੁਪਏ ਦੇ ਬਲੱਬਾਂ ਦੇ ਬਿੱਲ ਪਾਏ, ਉਦੋਂ ਕਿਸੇ ਨੇ ਨਹੀਂ ਰੋਕਿਆ ?

ਸਰਦਾਰ ਕਾਲਕਾ ਨੇ ਸਰਨਾ ਧੜੇ ਦੇ ਉਹਨਾਂ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਤੱਕ ਪਹੁੰਚ ਬਣਾਈ ਹੈ ਤੇ ਸਰਨਾ ਭਰਾਵਾਂ ਵੱਲੋਂ ਪਾਰਟੀ ਨੁੰ ਬੇਅਦਬੀ ਕਰਨ ਵਾਲਿਆਂ ਨਾਲ ਜੋੜਨ ਦੀ ਕੋਸ਼ਿਸ਼ ਕਰਨ ਦਾ ਵਿਰੋਧ ਕੀਤਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION