ਨਵੀਂ ਦਿੱਲੀ, 26 ਅਗਸਤ, 2020 –
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਦੀ ਪ੍ਰਧਾਨਗੀ ਵਿਚ ਬੀਬੀਆਂ ਦੀ ਇੱਕ ਵਿਸ਼ਾਲ ਇਕੱਤਰਤਾ ਪਾਰਟੀ ਦੇ ਰਕਾਬ ਗੰਜ ਸਥਿਤ ਦਫ਼ਤਰ ਵਿਖੇ ਹੋਈ ਜਿਸ ਵਿਚ ਸੈਂਕੜੇ ਬੀਬੀਆਂ ਨੇ ਹਾਜਰੀ ਭਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਹਾਸਲ ਕੀਤੀ।
ਬੀਬੀ ਰਣਜੀਤ ਕੌਰ ਵੱਲੋਂ ਦਿੱਲੀ ਇਕਾਈ ਇਸਤਰੀ ਵਿੰਗ ਵਿਚ ਬੀਬੀਆਂ ਨੂੰ ਅਹੁਦੇ ਦੇ ਕੇ ਨਵਾਜ਼ਿਆ ਗਿਆ ਅਤੇ ਬਹੁਤ ਛੇਤੀ ਪੂਰੀ ਦਿੱਲੀ ਵਿਚ ਸਰਕਲ ਬਣਾ ਕੇ ਸਮੁੱਚੀ ਦਿੱਲੀ ਵਿਚ ਬੀਬੀਆਂ ਨੂੰ ਪਾਰਟੀ ਨਾਲ ਜੋੜਨ ਦੀ ਸ਼ੁਰੂਆਤ ਕਰਨ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਮਾਈ ਭਾਗੋ ਬ੍ਰਿਗੇਡ ਵੀ ਬਣਾਈ ਜਾਣ ਦੀ ਗੱਲ ਦੱਸੀ ਗਈ।
ਪਾਰਟੀ ਦੀ ਦਿੱਲੀ ਇਕਾਈ ਦੇ ਸਰਪ੍ਰਸਤ ਜੱਥੇਦਾਰ ਅਵਤਾਰ ਸਿੰਘ ਹਿੱਤ, ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਬੀਬੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਅਤੇ ਪਾਰਟੀ ਵਿਚ ਸ਼ਾਮਲ ਹੋਣ ‘ਤੇ ਬੀਬੀਆਂ ਦਾ ਸੁਆਗਤ ਵੀ ਕੀਤਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਨਵੀਂ ਬਣੀ ਮਾਈ ਭਾਗੋ ਬ੍ਰਿਗੇਡ ਦੀ ਜਿੰਮੇਵਾਰੀ ਲਗਾਈ ਕਿ ਸ਼ਹੀਦ ਸਿੰਘਾਂ ਦੇ ਦਿਨ ਮਨਾਉਣ ਲਈ ਬ੍ਰਿਗੇਡ ਵੱਲੌਂ ਉਪਰਾਲੇ ਕੀਤੇ ਜਾਣ । ਸ. ਸਿਰਸਾ ਤੇ ਸ. ਕਾਲਕਾ ਨੇ ਕਿਹਾ ਕਿ ਕਮੇਟੀ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਦਿਨ ਮਨਾਏ ਜਾਣਗੇ ਅਤੇ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।
ਸਾਰਿਆਂ ਨੇ ਬੀਬੀ ਰਣਜੀਤ ਕੌਰ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਜਿਹੜੇ ਪਾਰਟੀ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਬੀਬੀਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰ ਕੇ ਪਾਰਟੀ ਨਾਲ ਜੋੜ ਰਹੇ ਹਨ। ਬੀਬੀ ਰਣਜੀਤ ਕੌਰ ਨੇ ਦੱਸਿਆ ਕਿ ਬੀਬੀਆਂ ਨੂੰ ਧਰਮ ਦੇ ਨਾਲ-ਨਾਲ ਐਜੁਕੇਸ਼ਨ ਅਤੇ ਖੇਡਾਂ ਵਿਚ ਵੀ ਅੱਗੇ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ