34 C
Delhi
Thursday, April 25, 2024
spot_img
spot_img

ਅਕਾਲੀਆਂ ਦੀਆਂ ਘਟੀਆਂ ਚਾਲਾਂ ਅੱਗੇ ਝੁਕਾਂਗਾ ਨਹੀਂ, ਸਿਆਸਤਦਾਨ-ਗੈਂਗਸਟਰ ਗੱਠਜੋੜ ਦੀ ਤਹਿ ਤੱਕ ਜਾਵਾਂਗਾ: ਕੈਪਟਨ ਅਮਰਿੰਦਰ

ਚੰਡੀਗੜ੍ਹ, 9 ਦਸੰਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤਦਾਨਾਂ ਅਤੇ ਗੈਂਗਸਟਰਾਂ ਦਰਮਿਆਨ ਗੰਢਤੁੱਪ ਦੀਆਂ ਮੀਡੀਆ ਰਿਪੋਰਟਾਂ ਦੇ ਸੰਦਰਭ ਵਿੱਚ ਉਨ੍ਹਾਂ ਵੱਲੋਂ ਜਾਂਚ ਦੇ ਦਿੱਤੇ ਹੁਕਮਾਂ ‘ਤੇ ਅਕਾਲੀਆਂ ਦੀਆਂ ਨੌਟੰਕੀਆਂ ਅੱਗੇ ਝੁਕਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਅਕਾਲੀਆਂ ਦੇ ਅਜਿਹੇ ਸੌੜੇ ਹੱਥਕੰਡਿਆਂ ਅੱਗੇ ਦੱਬਣ ਵਾਲੇ ਨਹੀਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਮਾਮਲੇ ਦੀ ਪੂਰੀ ਛਾਣਬੀਣ ਕੀਤੀ ਜਾਵੇਗੀ ਅਤੇ ਅਜਿਹੇ ਦੋਸ਼ਾਂ ਦੇ ਗੁਨਾਹਗਾਰ ਪਾਏ ਜਾਣ ਵਾਲਿਆਂ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ।

ਇਸ ਮੁੱਦੇ ‘ਤੇ ਜਾਂਚ ਨੂੰ ਰੱਦ ਕਰਨ ਅਤੇ ਗਲੀ ਪੱਧਰ ਦਾ ਪ੍ਰਦਰਸ਼ਨ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਦੇ ਖਤਰਨਾਕ ਅਪਰਾਧੀਆਂ/ਗੈਂਗਸਟਰਾਂ ਨਾਲ ਸਬੰਧਾਂ ਨੂੰ ਸਪੱਸ਼ਟ ਵਿੱਚ ਦਰਸਾਉਂਦੀਆਂ ਤਸਵੀਰਾਂ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਡੀ.ਜੀ.ਪੀ. ਨੂੰ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੜਤਾਲ ਦੇ ਹੁਕਮ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਬਾਰੇ ਰਾਜਪਾਲ ਨੂੰ ਜਾਣੂੰ ਕਰਵਾਇਆ ਸੀ ਅਤੇ ਜੇਕਰ ਇਹ ਸਹੀ ਸਾਬਤ ਹੋ ਗਿਆ ਤਾਂ ਇਸ ਨਾਲ ਸੂਬੇ ਵਿੱਚ ਅਪਰਾਧੀਆਂ ਅਤੇ ਗੈਂਗਸਟਰਾਂ ਦੀ ਸਰਪ੍ਰਸਤੀ ਦੇਣ ਵਿੱਚ ਅਕਾਲੀਆਂ ਦੀ ਸ਼ਮੂਲੀਅਤ ਬੇਨਕਾਬ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਸਬੂਤ ਬਹੁਤ ਗੰਭੀਰ ਹਨ ਅਤੇ ਇਨ੍ਹਾਂ ਦੀ ਪੁਲੀਸ ਪੜਤਾਲ ਕਰਵਾਉਣ ਦੀ ਲੋੜ ਹੈ ਜਿਸ ਕਰਕੇ ਉਨ੍ਹਾਂ ਨੇ ਡੀ.ਜੀ.ਪੀ. ਨੂੰ ਆਦੇਸ਼ ਦਿੱਤੇ ਹਨ ਕਿ ਇਸ ਜਾਂਚ ਨੂੰ ਛੇਤੀ ਤੋਂ ਛੇਤੀ ਮੁਕੰਮਲ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਦਸਤਾਵੇਜ਼ਾਂ ਅਤੇ ਤਸਵੀਰ ਦੇ ਰੂਪ ਵਿੱਚ ਉਨ੍ਹਾਂ ਨੂੰ ਹਾਸਲ ਹੋਏ ਸਬੂਤ ਬਾਦਲਾਂ ਅਤੇ ਹੋਰ ਅਕਾਲੀ ਲੀਡਰਾਂ ਦੀ ਸਪੱਸ਼ਟ ਸਾਂਝ ਦਰਸਾਉਂਦੇ ਹਨ ਜਦਕਿ ਅਕਾਲੀ ਲੀਡਰ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਸ਼ਾਨਾ ਬਣਾ ਕੇ ਆਪਣੀ ਸ਼ਮੂਲੀਅਤ ਹੋਣ ਤੋਂ ਧਿਆਨ ਹਟਾਉਣ ਲਈ ਹੱਥ-ਪੈਰ ਮਾਰ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਕੋਲ ਤਾਂ ਸ੍ਰੀ ਰੰਧਾਵਾ ਜਾਂ ਹੋਰ ਕਾਂਗਰਸੀ ਮੰਤਰੀਆਂ/ਲੀਡਰਾਂ ਦੇ ਗੈਂਗਸਟਰਾਂ ਤੇ ਅਪਰਾਧੀਆਂ ਨਾਲ ਕਿਸੇ ਤਰ੍ਹਾਂ ਦੀ ਸਾਂਝ ਹੋਣ ਦਾ ਕੋਈ ਸਬੂਤ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਉਲਟ ਅਕਾਲੀਆਂ ਖਿਲਾਫ਼ ਸਬੂਤ ਦਸਤਾਵੇਜ਼ੀ ਹਨ ਜਿਸ ਦੀ ਤਹਿ ਤੱਕ ਜਾਂਚ ਕਰਵਾਉਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਜੇਕਰ ਜਾਂਚ ਵਿੱਚ ਅਜਿਹੀ ਗੰਢਤੁੱਪ ਦਾ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕਰਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਗੁਨਾਹ ਵਿੱਚ ਸ਼ਾਮਲ ਲੋਕਾਂ ਨੂੰ ਕਿਸੇ ਵੀ ਕੀਮਤ ‘ਤੇ ਮੁਆਫ਼ ਨਹੀਂ ਕੀਤਾ ਜਾ ਸਕਦਾ।

ਆਪਣੇ ਸੌੜੇ ਸਿਆਸੀ ਹਿੱਤਾਂ ਲਈ ਅਕਾਲੀਆਂ ਵੱਲੋਂ ਗੈਂਗਸਟਰਾਂ ਅਤੇ ਅਪਰਾਧੀਆਂ ਨਾਲ ਘਿਓ-ਖਿਚੜੀ ਹੋਣ ‘ਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਦੇ 10 ਵਰ੍ਹਿਆਂ ਦੇ ਕੁਸ਼ਾਸਨ ਦੌਰਾਨ ਪੰਜਾਬ ਅਤੇ ਪੰਜਾਬੀਆਂ ਨੂੰ ਅਸੁਰੱਖਿਅਤ ਅਤੇ ਖੌਫਜ਼ਦਾ ਮਾਹੌਲ ਹੰਢਾਉਣਾ ਪਿਆ।

ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਪ੍ਰਾਪਤ ਹੋਈਆਂ ਤਸਵੀਰਾਂ ਵਿੱਚ ਹਰਜਿੰਦਰ ਸਿੰਘ ਬਿੱਟੂ ਉਰਫ਼ ਬੂੱਟ ਸਰਪੰਚ ਸੀਨੀਅਰ ਅਕਾਲੀ ਸਿਆਸਤਦਾਨਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਹਰਸਿਮਰਤ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਸਨਮਾਨਿਤ ਕਰਦਾ ਨਜ਼ਰ ਆਉਂਦਾ ਹੈ। ਪੁਲੀਸ ਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬਿੱਟੂ ਦੀ ਤਲਵੰਡੀ ਸਾਬੋ ਹਲਕੇ ਤੋਂ ਸਾਬਕਾ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨਾਲ ਵੀ ਕਥਿਤ ਨੇੜਤਾ ਹੈ।

ਡੀ.ਜੀ.ਪੀ. ਦਿਨਕਰ ਗੁਪਤਾ ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਜਾਂਚ ਕਰਨ ਦਾ ਜ਼ਿੰਮਾ ਸੌਂਪਿਆ ਹੋਇਆ ਹੈ, ਨੇ ਦੱਸਿਆ ਕਿ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ, ਪੰਜਾਬ ਕੋਲ ਹਾਸਲ ਜਾਣਕਾਰੀ ਵਿੱਚ ਖੁਲਾਸਾ ਹੋਇਆ ਹੈ ਕਿ ਬੀਤੇ ਸਮੇਂ ਵਿੱਚ ਬਿੱਟੂ ਬਦਨਾਮ ਗੁਰਪ੍ਰੀਤ ਸੇਖੋਂ ਗੈਂਗ ਦੇ ਮੈਂਬਰਾਂ ਨੂੰ ਸ਼ਰਨ ਦਿਵਾਉਂਦਾ ਰਿਹਾ ਹੈ।

ਸ੍ਰੀ ਗੁਪਤਾ ਅਨੁਸਾਰ ਬਿੱਟੂ ਦਾ ਨਾਂਅ ਨਸ਼ੇ, ਕਤਲ, ਡਕੈਤੀ, ਆਰਮਜ਼ ਐਕਟ ਆਦਿ ਨਾਲ ਸਬੰਧਤ ਕਈ ਅਪਰਾਧਕ ਮਾਮਲਿਆਂ ਵਿੱਚ ਨਾਮਜ਼ਦ ਹੈ।

ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ, ਪੰਜਾਬ ਕੋਲ ਮੌਜੂਦਾ ਜਾਣਕਾਰੀ ਅਨੁਸਾਰ ਹਰਜਿੰਦਰ ਸਿਘ ਉਰਫ਼ ਬਿੱਟੂ ਪੁੱਤਰ ਸਮੰਦਰ ਸਿੰਘ ਵਾਸੀ ਰਾਮ ਤੀਰਥ ਖਿਲਾਫ਼ ਦਰਜ ਐਫ.ਆਈ.ਆਰਜ਼ ਦੇ ਵੇਰਵੇ ਹੇਠ ਅਨੁਸਾਰ ਹਨ :

1. ਪੁਲੀਸ ਥਾਣਾ ਤਲਵੰਡੀ ਸਾਬੋ ਵਿਖੇ ਆਈ.ਪੀ.ਸੀ. ਦੀ ਧਾਰਾ 420, 465, 467, 468 ਅਧੀਨ ਐਫ.ਆਈ.ਆਰ. ਨੰ. 207 ਮਿਤੀ 03-10-2013

2. ਜ਼ਿਲ੍ਹ੍ਹਾ ਸੋਲਨ (ਹਿਮਾਚਲ ਪ੍ਰਦੇਸ਼) ਦੇ ਪੁਲੀਸ ਥਾਣਾ ਅਰਕੀ ਵਿਖੇ ਆਈ.ਪੀ.ਸੀ. ਦੀ ਧਾਰਾ 341, 506, 34 ਅਤੇ ਆਰਮਜ਼ ਐਕਟ ਦੀ ਧਾਰਾ 25 ਅਧੀਨ ਐਫ.ਆਈ.ਆਰ. ਨੰ. 103 ਮਿਤੀ 4-10-2010

3. ਜ਼ਿਲ੍ਹ੍ਹਾ ਭਿਵਾਨੀ (ਹਰਿਆਣਾ) ਦੇ ਪੁਲੀਸ ਥਾਣਾ ਸਿਵਾਨੀ ਵਿਖੇ ਐਨ.ਡੀ.ਪੀ.ਐਸ. ਦੀ ਧਾਰਾ 15 ਅਧੀਨ ਐਫ.ਆਈ.ਆਰ. ਨੰ. 04 ਮਿਤੀ 16-01-2006

4. ਪੁਲੀਸ ਥਾਣਾ ਮੂਨਕ ਵਿਖੇ ਆਈ.ਪੀ.ਸੀ. ਦੀ ਧਾਰਾ 379, 341 ਅਧੀਨ ਐਫ.ਆਈ.ਆਰ ਨੰ. 112 ਮਿਤੀ 8-11-2008

5. ਜ਼ਿਲ੍ਹ੍ਹਾ ਹਨੂੰਮਾਨਗੜ੍ਹ੍ਹ (ਰਾਜਸਥਾਨ) ਦੇ ਪੁਲੀਸ ਥਾਣਾ ਸੰਗਰੀਆ ਵਿਖੇ ਆਈ.ਪੀ.ਸੀ. ਦੀ ਧਾਰਾ 452, 323, 325 ਅਤੇ ਆਰਮਜ਼ ਐਕਟ ਦੀ ਧਾਰਾ 25 ਅਧੀਨ ਐਫ.ਆਈ.ਆਰ. ਨੰ. 649 ਮਿਤੀ 25-11-2014

6. ਜ਼ਿਲ੍ਹ੍ਹਾ ਹਨੂੰਮਾਨਗੜ੍ਹ੍ਹ (ਰਾਜਸਥਾਨ) ਦੇ ਪੁਲੀਸ ਥਾਣਾ ਸੰਗਰੀਆ ਵਿਖੇ ਆਈ.ਪੀ.ਸੀ. ਦੀ ਧਾਰਾ 452,323, 325 ਅਤੇ ਆਰਮਜ਼ ਐਕਟ ਦੀ ਧਾਰਾ 25 ਅਧੀਨ ਐਫ.ਆਈ.ਆਰ. ਨੰ. 647 ਮਿਤੀ 23-11-2014

7. ਪੁਲੀਸ ਥਾਣਾ ਤਲਵੰਡੀ ਸਾਬੋ ਵਿਖੇ ਆਈ.ਪੀ.ਸੀ. ਦੀ ਧਾਰਾ 341, 427, 506, 148, 149 ਅਧੀਨ ਐਫ.ਆਈ.ਆਰ. ਨੰ. 168 ਮਿਤੀ 26-11-2011

ਸ੍ਰੀ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਪੁਲੀਸ ਨੂੰ ਸੂਬੇ ਵਿੱਚ ਸਰਗਰਮ ਅਪਰਾਧੀਆਂ ਅਤੇ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਦੇ ਸਖ਼ਤ ਅਤੇ ਸਪੱਸ਼ਟ ਹੁਕਮ ਦਿੱਤੇ ਗਏ ਹਨ। ਇਸ ਕਾਰਵਾਈ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਵੱਲੋਂ ਕੈਟਾਗਰੀ ਏ ਦੇ 8 ਗੈਂਗਸਟਰਾਂ ਸਮੇਤ ਹੁਣ ਤੱਕ 2127 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 10 ਗੈਂਗਸਟਰਾਂ (ਇਨ੍ਹਾਂ ਵਿੱਚੋਂ ਪੰਜ ਏ-ਕੈਟਾਗਰੀ ਦੇ) ਖਿਲਾਫ਼ ਢੁਕਵੀਂ ਕਾਰਵਾਈ ਕੀਤੀ ਗਈ ਹੈ। ਇਨ੍ਹ੍ਹਾਂ ਗੈਂਗਸਟਰਾਂ ਤੋਂ ਕੁੱਲ 1040 ਹਥਿਆਰ ਅਤੇ 468 ਵਹੀਕਲ ਜ਼ਬਤ ਕੀਤੇ ਗਏ ਹਨ।

ਸ੍ਰੀ ਦਿਨਕਰ ਗੁਪਤਾ ਨੇ ਅੱਗੇ ਦੱਸਿਆ ਕਿ ਮੌਜੂਦਾ ਕਾਰਜਕਾਲ ਦੌਰਾਨ ਸੂਬਾ ਸਰਕਾਰ ਨਾਭਾ ਜੇਲ੍ਹ ਤੋੜਣ ਦੇ ਮਾਮਲੇ ਦੇ ਮਾਸਟਰਮਾਈਂਡ ਅਤੇ ਅੱਤਵਾਦੀਆਂ/ਗੈਂਗਸਟਰਾਂ ਦੇ ਕੇਂਦਰ ਬਿੰਦੂ ਰਮਨਜੀਤ ਸਿੰਘ ਉਰਫ਼ ਰੋਮੀ ਦੀ ਹਾਂਗਕਾਂਗ (ਚੀਨ) ਤੋਂ ਹਵਾਲਗੀ ਲੈਣ ਵਿੱਚ ਸਫ਼ਲ ਰਹੀ ਹੈ। ਰੋਮੀ ਨਸ਼ਾ/ਹਥਿਆਰ ਤਸਕਰੀ ਵਿੱਚ ਵੀ ਸ਼ਾਮਲ ਸੀ।

ਇਸ ਤੋਂ ਇਲਾਵਾ ਸੂਬਾ ਸਰਕਾਰ ਬੰਬੀਹਾ ਗਿਰੋਹ ਦੇ ਮੁਖੀ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ਼ ਬੁੱਢਾ (ਪੁੱਤਰ ਮੇਜਰ ਸਿੰਘ ਵਾਸੀ ਕੁੱਸਾ, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ) ਦੀ ਅਰਮੀਨੀਆ ਤੋਂ ਹਵਾਲਗੀ ਲੈਣ ਵਿੱਚ ਵੀ ਸਫ਼ਲ ਰਹੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION