ਫ਼ੌਜ ਦੇ 6 ਚੌਪਰ ਤਾਇਨਾਤ, ਜਲੰਧਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਹੈਲੀਕਾਪਟਰਾਂ ਰਾਹੀਂ ਭੋਜਨ ਮੁਹੱਈਆ ਕਰਵਾਉਣਾ ਸ਼ੁਰੂ

ਲੋਹੀਆਂ (ਜਲੰਧਰ) 21 ਅਗਸਤ, 2019:

ਸ਼ਾਹਕੋਟ ਸਬ ਡਵੀਜ਼ਨ ਦੇ ਹੜ੍ਹ ਪ੍ਰਭਾਵਿਤ 18 ਪਿੰਡਾਂ ਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਰਤੀ ਫੌਜ ਦੇ ਸਹਿਯੋਗ ਨਾਲ ਹੈਲੀਕੈਪਟਰਾਂ ਰਾਹੀਂ ਭੋਜਨ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਪਹਿਲੇ ਲੋਹੀਆਂ ਖੇਤਰ ਦੇ ਪਿੰਡਾਂ ਵਿਚ 36000 ਪਰਾਂਠੇ, ਪਾਣੀ ਅਤੇ ਸੁੱਕੇ ਰਾਸ਼ਨ ਦੇ 18000 ਪੈਕਟ ਮੁਹੱਈਆ ਕਰਵਾਏ ਗਏ।

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਬੀਤੀ ਸ਼ਾਮ ਮੁੱਖ ਕਾਰਜਕਾਰੀ ਅਫ਼ਸਰ ਸਮਾਰਟ ਸਿਟੀ ਜਤਿੰਦਰ ਜੋਰਵਾਲ ਦੇ ਨਾਲ ਸਬ ਡਵੀਜ਼ਨਲ ਮੈਜਿਸਟਰ ਪਰਮਵੀਰ ਸਿੰਘ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਦੀ ਟੀਮ ਗਠਿਤ ਕੀਤੀ ਗਈ ਸੀ ਤਾਂ ਭੋਜਨ ਦੇ ਪੈਕਟ ਜਲਦ ਤਿਆਰ ਕਰਵਾਏ ਜਾ ਸਕਣ।

ਇਸ ਉਪਰੰਤ ਪਾਣੀ ਦੀ ਬੋਤਲ ਦੇ ਨਾਲ ਸੁੱਕੇ ਰਾਸ਼ਨ ਦੇ ਪੈਕਟ ਜਿਸ ਵਿੱਚ 500 ਗ੍ਰਾਮ ਬਿਸਕੁਟ ਅਤੇ ਰਸ ਸ਼ਾਮਿਲ ਹੈ ਨੂੰ ਤਿਆਰ ਕਰਨ ਲਈ ਲੋੜੀਂਦੀ ਮਾਤਰਾ ਵਿਚ ਵਿਅਕਤੀ ਲਗਾਏ ਗਏ। ਇਸੇ ਤਰ੍ਹਾਂ ਗੁਰੂਦੁਆਰਾ ਬਾਬਾ ਨਿਹਾਲ ਸਿੰਘ ਜੀ ਤੱਲਣ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ 36000 ਪਰਾਂਠੇ ਤਿਆਰ ਕੀਤੇ ਗਏ।

ਭੋਜਨ ਦੇ ਇਹ ਪੈਕਟ ਸਵੇਰੇ ਜਲਦੀ ਜਲੰਧਰ ਕੈਂਟ ਵਿਖੇ ਪਹੁੰਚਾਏ ਗਏ ਜਿਥੋਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ.ਐਸ.ਪੀ. ਜਲੰਧਰ ਨਵਜੋਤ ਸਿੰਘ ਮਾਹਲ ਦੀ ਨਿਗਰਾਨੀ ਹੇਠ ਭੋਜਨ ਦੇ ਇਨਾਂ ਪੈਕਟਾਂ ਨੂੰ ਭਾਰਤੀ ਫੌਜ ਦੇ 6 ਹੈਲੀਕੈਪਟਰਾਂ ਵਿੱਚ ਲੱਦਿਆ ਗਿਆ।

ਇਸ ਉਪਰੰਤ ਭਾਰਤੀ ਫੌਜ ਦੇ ਇਨਾਂ ਹੈਲੀਕਾਪਟਰਾਂ ਵਲੋਂ ਹੜ੍ਹਾਂ ਕਰਕੇ ਜ਼ਿਆਦਾ ਪ੍ਰਭਾਵਿਤ ਹੋਏ ਸ਼ਾਹਕੋਟ ਸਬ ਡਵੀਜ਼ਨ ਦੇ ਪਿੰਡਾਂ ਚੱਕ ਬਡਾਲਾ, ਜਾਨੀਆਂ, ਜਾਨੀਆਂ ਚਾਹਲ, ਮਹਿਰਾਜ ਵਾਲਾ, ਗੱਟਾ ਮੁੰਡੀ ਕਾਸੂ, ਮੁੰਡੀ ਕਾਸੂ, ਮੁੰਡੀ ਸ਼ਹਿਰੀਆਂ, ਮੁੰਡੀ ਚੌਹਲੀਆਂ, ਕੰਗ ਖੁਰਦ , ਜਲਾਲਪੁਰ, ਥੇਹ ਖੁਸ਼ਹਾਲਗੜ੍ਹ, ਗੱਟੀ ਰਾਏਪੁਰ, ਕੋਠਾ, ਫਤਿਹਪੁਰ ਭਗਵਾਨ, ਇਸਮਾਇਲਪੁਰ, ਪਿੱਪਲੀ ਮਿਆਣੀ, ਗੱਟੀ ਪੀਰ ਬਖ਼ਸ ਅਤੇ ਰਾਏਪੁਰ ਵਿਖੇ ਲੋਕਾਂ ਤੱਕ ਪਹੁੰਚਾਏ ਗਏ।

ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਵਲੋਂ ਭਾਰਤੀ ਫੌਜ ਦਾ ਸਮੇਂ ਸਿਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਦਦ ਪਹੁੰਚਾਉਣ ਵਿਚ ਸਹਿਯੋਗ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ ਕਿਉਂਕਿ ਹੜ੍ਹ ਕਾਰਨ ਜਿੱਥੇ ਭੋਜਨ ਦੀ ਦਿੱਕਤ ਆ ਰਹੀ ਹੈ ਉੱਥੇ ਪੀਣ ਵਾਲੇ ਪਾਣੀ ਦੀ ਕਮੀ ਵੱਡੀ ਪੱਧਰ ’ਤੇ ਸੀ।

ਉਨ੍ਹਾਂ ਕਿਹਾ ਕਿ ਜਿਥੋਂ ਤੱਕ ਹਲਾਤ ਆਮ ਵਰਗੇ ਨਹੀਂ ਹੋ ਜਾਂਦੇ ਉਦੋਂ ਤੱਕ ਭਾਰਤੀ ਫੌਜ ਦੀ ਸਹਾਇਤਾ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਭੋਜਨ ਦੇ ਪੈਕੇਟ ਮੁਹੱਈਆ ਕਰਵਾਏ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਮ ਲੋਕਾਂ, ਗੈਰ ਸਰਕਾਰੀ ਸੰਗਠਨਾਂ, ਸਮਾਜ ਸੇਵੀ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਔਖੀ ਘੜੀ ਵਿਚ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ।

Yes Punjab - Top Stories