ਫ਼ਿਲਮ ਦੇ ਪੋਸਟਰ ’ਤੇ ਹਰਿਮੰਦਰ ਸਾਹਿਬ ਦੀ ਤਸਵੀਰ: ‘ਮੁਫ਼ਤ ਮਸ਼ਹੂਰੀ’ ਮਗਰੋਂ ਪ੍ਰੋਡਿਊਸਰ ਨੇ ਮਾਫ਼ੀ ਮੰਗੀ, ਸ਼੍ਰੋਮਣੀ ਕਮੇਟੀ ਨੇ ਦੇ ਦਿੱਤੀ

ਅੰਮ੍ਰਿਤਸਰ, 31 ਅਗਸਤ, 2019:
ਇਕ ਵਾਰ ਫ਼ਿਰ ਉਹੀ ਹੋਇਆ ਹੈ ਜੋ ਅੱਗੇ ਵੀ ਹੁੰਦਾ ਆਇਆ ਹੈ। ਨਵੀਂ ਆ ਰਹੀ ਪੰਜਾਬੀ ਫ਼ਿਲਮ ‘ਇਸ਼ਕ ਮਾਈ ਰਿਲੀਜਨ’ ਦੇ ਪੋਸਟਰ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਗਾ ਕੇ ਵਿਵਾਦ ਖੜ੍ਹਾ ਕਰਦੇ ਹੋਏ ਫ਼ਿਲਮ ਨੂੰ ਲੱਖਾਂ ਕਰੋੜਾਂ ਦੀ ਮੁਫ਼ਤ ਮਸ਼ਹੂਰੀ ਦਿਵਾਉਣ ਮਗਰੋਂ ਇਸ ਫ਼ਿਲਮ ਦੇ ਪ੍ਰੋਡਿਊਸਰ ਗੁਰਦੀਪ ਸਿੰਘ ਢਿੱਲੋਂ ਸ਼੍ਰੋਮਣੀ ਕਮੇਟੀ ਦੇ ਇਤਰਾਜ਼ ਦਾ ਹਵਾਲਾ ਦੇ ਕੇ ਸ਼੍ਰੋਮਣੀ ਕਮੇਟੀ ਦੇ ਦਰ ’ਤੇ ਪੁੱਜੇ, ਸਿੱਖ ਜਗਤ ਤੋਂ ਮੁਆਫ਼ੀ ਮੰਗੀ ਅਤੇ ਪਹਿਲਾਂ ਹੀ ਮੁਆਫ਼ੀ ਦੇਣ ਨੂੰ ਤਿਆਰ ਬੈਠੀ ‘ਵੱਡੇ ਦਿਲ ਵਾਲੀ’ ਸ਼੍ਰੋਮਣੀ ਕਮੇਟੀ ਨੇ ਉਸੇ ਵੇਲੇ ਪ੍ਰੋਡਿਊਸਰ ਨੂੂੰ ਮੁਆਫ਼ ਕਰ ਦਿੱਤਾ।

ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਇਸ਼ਕ ਮਾਈ ਰਿਲੀਜਨ ਦੇ ਪੋਸਟਰ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਤਸਵੀਰ ਛਾਪਣ ਦਾ ਸਖਤ ਨੋਟਿਸ ਲਿਆ ਸੀ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਫਿਲਮ ਦੇ ਪ੍ਰੋਡਿਊਸਰ ਖਿਲਾਫ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਕਾਰਵਾਈ ਲਈ ਪੱਤਰ ਲਿਖਿਆ ਸੀ।

ਅੱਜ ਫਿਲਮ ਦੇ ਪ੍ਰੋਡਿਊਸਰ ਗੁਰਦੀਪ ਸਿੰਘ ਢਿੱਲੋਂ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪਹੁੰਚ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਂ ਮੁਆਫ਼ੀ ਪੱਤਰ ਦਿੱਤਾ, ਜਿਸ ਵਿਚ ਉਨ੍ਹਾਂ ਸਿੱਖ ਸੰਗਤ ਪਾਸੋਂ ਫਿਲਮ ‘ਇਸ਼ਕ ਮਾਈ ਰਿਲੀਜਨ’ ਦੇ ਇੱਕ ਪੋਸਟਰ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਸਬੰਧੀ ਹੋਈ ਗਲਤੀ ਨੂੰ ਸਵੀਕਾਰਦਿਆਂ ਮੁਆਫ਼ੀ ਮੰਗੀ ਹੈ।

ਫਿਲਮ ਪ੍ਰੋਡਿਊਸਰ ਗੁਰਦੀਪ ਸਿੰਘ ਢਿੱਲੋਂ ਨੇ ਇਸ ਮੁਆਫ਼ੀ ਨਾਮੇ ਵਿਚ ਲਿਖਿਆ ਹੈ ਕਿ ਉਨ੍ਹਾਂ ਦੀ ਮਨਸ਼ਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਉਨ੍ਹਾਂ ਕਿਹਾ ਕਿ ਫਿਲਮ ਦੇ ਸਾਰੇ ਪੋਸਟਰ ਹਟਾ ਦਿੱਤੇ ਗਏ ਹਨ ਅਤੇ ਨਵਾਂ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਲਮ ਦੇ ਪਹਿਲੇ ਪੋਸਟਰ ਕਾਰਨ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਸ ਲਈ ਉਹ ਖਿਮਾ ਦੇ ਜਾਚਕ ਹਨ।

ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਕਿਹਾ ਕਿ ਸਬੰਧਤਾਂ ਵੱਲੋਂ ਫਿਲਮ ਦਾ ਇਤਰਾਜ਼ਯੋਗ ਪੋਸਟਰ ਹਟਾ ਦਿੱਤਾ ਗਿਆ ਹੈ ਅਤੇ ਫਿਲਮ ਪ੍ਰੋਡਿਊਸਰ ਨੇ ਖੁਦ ਆ ਕੇ ਆਪਣੀ ਗਲਤੀ ਸਵੀਕਾਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਮ ਪੱਤਰ ਲਿਖ ਕੇ ਸਿੱਖ ਸੰਗਤ ਪਾਸੋਂ ਮੁਆਫ਼ੀ ਮੰਗੀ ਹੈ।

ਉਨ੍ਹਾਂ ਨੇ ਕਿਹਾ ਕਿ ਫਿਲਮਾਂ, ਨਾਟਕ ਅਤੇ ਸੀਰੀਅਲ ਆਦਿ ਬਣਾਉਣ ਵਾਲੇ ਪ੍ਰੋਡਿਊਸਰ, ਡਾਇਰੈਕਟਰ ਅਤੇ ਕਲਾਕਾਰਾਂ ਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕੀਤੇ ਕੰਮ ਨਾਲ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਆਹਤ ਨਾ ਹੋਣ।

Share News / Article

YP Headlines