ਜ਼ਿਲ੍ਹੇ ਵਿੱਚ ਓਮੀਕਰੋਨ ਦਾ ਕੋਈ ਐਕਟਿਵ ਮਰੀਜ਼ ਨਹੀਂ: ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ

ਯੈੱਸ ਪੰਜਾਬ
ਨਵਾਂਸ਼ਹਿਰ, 30 ਦਸੰਬਰ, 2021 –
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਮੁਕੰਦਪੁਰ ਇਲਾਕੇ ਵਿੱਚ ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਦੇ ਪਹਿਲੇ ਕੇਸ ਦੇ ਸਾਹਮਣੇ ਆਉਣ ਬਾਅਦ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸਿਹਤ ਟੀਮਾਂ ਨੂੰ ਜ਼ਿਲ੍ਹੇ ਵਿੱਚ ਰੋਜ਼ਾਨਾ ਟੈਸਟਿੰਗ ਅਤੇ ਟੀਕਾਕਰਨ ਵਧਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਵਾਇਰਸ ਦੇ ਹੋਰ ਫੈਲਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕੇ।

ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਅੱਜ ਐਸ ਐਮ ਓਜ਼ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੋਵਿਡ ਨਾਲ ਨਜਿੱਠਣ ਦੀਆਂ ਤਿਆਰੀਆਂ ਅਤੇ 3 ਜਨਵਰੀ ਤੋਂ ਸ਼ੁਰੂ ਕੀਤੀ ਜਾਣ ਵਾਲੀ 15 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਦੇ ਟੀਕਾਕਰਨ ਮੁਹਿੰਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ, ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਜ਼ਿਲ੍ਹੇ ਵਿੱਚ ਰੋਜ਼ਾਨਾ 2500 ਨਮੂਨੇ ਇਕੱਤਰ ਕਰਨ ਲਈ ਕਿਹਾ ਤਾਂ ਜੋ ਸਖ਼ਤ ਨਿਗਰਾਨੀ ਨੂੰ ਯਕੀਨੀ ਬਣਾਇਆ ਜਾ ਸਕੇ। ਜ਼ਿਲ੍ਹੇ ਵਿੱਚ ਰੋਜ਼ਾਨਾ 6000 ਟੀਕਾਕਰਣ ਖੁਰਾਕਾਂ ਯਕੀਨੀ ਬਣਾਉਣ ਦੀ ਹਦਾਇਤ ਦਿੰਦੇ ਹੋਏ, ਉਨ੍ਹਾਂ ਨੇ ਦੂਸਰੀ ਖੁਰਾਕ ’ਤੇ ਵੀ ਵਿਸ਼ੇਸ਼ ਧਿਆਨ ਦੇਣ ਲਈ ਆਖਿਆ।

ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੈਂਪਲ ਲੈਣ ਵਾਲੀਆਂ ਵਧੀਕ ਟੀਮਾਂ ਦਾ ਗਠਨ ਕਰਨ। ਉਨ੍ਹਾਂ ਲੋੜ ਪੈਣ ’ਤੇ ਪ੍ਰਾਈਵੇਟ ਨਰਸਿੰਗ ਕਾਲਜਾਂ ਦੀਆਂ ਸੇਵਾਵਾਂ ਲੈਣ ਲਈ ਕਿਹਾ।

ਐਸ.ਐਮ.ਓਜ਼ ਨੂੰ ਇਸ ਔਖੀ ਸਥਿਤੀ ਵਿੱਚ ਹਸਪਤਾਲਾਂ ਚ ਮੌਜੂਦ ਰਹਿਣ ਦੀ ਹਦਾਇਤ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਹੰਗਾਮੀ ਸਥਿਤੀ ਹੁੰਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਿਹਾ ਜਾਵੇ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹਸਪਤਾਲ ਦਾ ਦੌਰਾ ਕਰਕੇ ਆਕਸੀਜਨ ਪਲਾਂਟਾਂ, ਵਾਰਡਾਂ ਅਤੇ ਸਾਫ਼- ਸਫਾਈ ਦਾ ਜਾਇਜ਼ਾ ਵੀ ਲਿਆ।

ਆਮ ਲੋਕਾਂ ਨੂੰ ਖਾਸ ਤੌਰ ’ਤੇ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ, ਜ਼ੋਰਦਾਰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਵਾਇਰਸ ਦੀ ਲਾਗ ਤੋਂ ਬਚਣ ਲਈ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਮਹੀਨਿਆਂ ਵਿੱਚ ਬਹੁਤ ਹੀ ਔਖੀ ਘੜੀ ਵੇਖੀ ਹੈ ਅਤੇ ਜ਼ਿੰਮੇਵਾਰ ਨਾਗਰਿਕ ਬਣਨਾ ਸਾਡਾ ਪਹਿਲਾ ਫਰਜ਼ ਹੈ।

ਇਸ ਤੋਂ ਇਲਾਵਾ ਸ਼੍ਰੀ ਸਾਰੰਗਲ ਨੇ 15 ਤੋਂ 18 ਸਾਲ ਉਮਰ ਵਰਗ ਦੇ ਲਾਭਪਾਤਰੀਆਂ ਨੂੰ 3 ਜਨਵਰੀ ਤੋਂ ਸ਼ੁਰੂ ਕੀਤੀ ਜਾਣ ਵਾਲੀ ਟੀਕਾਕਰਨ ਮੁਹਿੰਮ ਲਈ ਵੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਟੀਮਾਂ 10 ਜਨਵਰੀ ਤੋਂ ਬੂਸਟਰ ਡੋਜ਼ ਦੇਣਾ ਸ਼ੁਰੂ ਕਰ ਦੇਣਗੀਆਂ।

ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਓਮੀਕਰੋਨ ਦੀ ਚੁਣੌਤੀ ਦੇ ਮੱਦੇਨਜ਼ਰ ਦੂਜੀ ਖੁਰਾਕ ਦੇ ਲਾਭਪਾਤਰੀਆਂ ਨੂੰ ਜਲਦੀ ਤੋਂ ਜਲਦੀ ਕਵਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਵਾਇਰਸ ਨੂੰ ਕੰਟਰੋਲ ਅਧੀਨ ਰੱਖਣ ਦਾ ਇੱਕੋ ਇੱਕ ਤਰੀਕਾ, ਵੱਧ ਤੋਂ ਵੱਧ ਟੈਸਟਿੰਗ ਅਤੇ ਤੇਜ਼ੀ ਨਾਲ ਟੀਕਾਕਰਨ ਕਰਨਾ ਹੈ।

ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਪਾਜ਼ੇਟਿਵ ਆਉਂਦੇ ਕੇਸ ਦੇ ਸਾਰੇ ਸੰਪਰਕਾਂ ਦੀ ਤੁਰੰਤ ਟਰੇਸਿੰਗ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਨੂੰ ਬਿਨਾਂ ਸਮਾਂ ਖਰਾਬ ਕੀਤਿਆਂ ਕੁਆਰੰਨਟੀਨ ਵਿੱਚ ਰੱਖਿਆ ਜਾ ਸਕੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਾਰੇ ਆਕਸੀਜਨ ਪਲਾਂਟ ਤਿਆਰ ਅਤੇ ਕਾਰਜਸ਼ੀਲ ਰੱਖਣ ਲਈ ਵੀ ਆਖਿਆ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਮਹਾਂਮਾਰੀ ਦੇ ਨਵੇਂ ਰੂਪ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸ੍ਰੀ ਸਾਰੰਗਲ ਨੇ ਕਿਹਾ, ‘‘ਹਾਲਾਂਕਿ, ਸਾਡੇ ਕੋਲ ਹੁਣ ਕੋਈ ਐਕਟਿਵ ਕੇਸ ਨਹੀਂ ਹੈ ਪਰ ਅਸੀਂ ਪਿਛਲੇ ਕੇਸ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਚੌਕਸ ਹਾਂ।’’

ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ ਜ਼ਿਲ੍ਹਾ ਹਸਪਤਾਲ ਵਿੱਚ ਕੋਵਿਡ ਦੇ ਮਰੀਜ਼ਾਂ ਲਈ 100 ਬੈੱਡ ਹਨ ਪਰ ਅਸੀਂ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਵਧਾ ਕੇ 140 ਕਰ ਦੇਵਾਂਗੇ, ਖਾਸ ਕਰਕੇ ਬੱਚਿਆਂ ਦੀ ਦੇਖਭਾਲ ਲਈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਕਿਸੇ ਵੀ ਪ੍ਰਕਾਰ ਦੀ ਸੇਵਾ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਲੋਕਾਂ ਨੂੰ ਕਿਹਾ ਕਿ ਉਹ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਰੱਖਣ, ਹੱਥ ਧੋਣ ਆਦਿ ਸਮੇਤ ਸੁਰੱਖਿਆ ਸਬੰਧੀ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ।

ਸ਼੍ਰੀ ਸਾਰੰਗਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਹਾਲ ਹੀ ਵਿੱਚ ਯੂ.ਕੇ., ਦੱਖਣੀ ਅਫਰੀਕਾ, ਜਿੰਬਾਬਵੇ, ਬ੍ਰਾਜ਼ੀਲ, ਬੰਗਲਾਦੇਸ਼, ਇਜ਼ਰਾਈਲ ਅਤੇ ਹੋਰਾਂ ਸਮੇਤ ਖ਼ਤਰੇ ਵਾਲੇ ਦੇਸ਼ਾਂ ਤੋਂ ਕੋਈ ਵਿਅਕਤੀ ਆਇਆ ਹੋਵੇ ਤਾਂ ਜਲ੍ਹਿਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ।

ਇਸ ਮੌਕੇ ਏ ਡੀ ਸੀ (ਜ) ਜਸਬੀਰ ਸਿੰਘ, ਐਸ ਡੀ ਐਮ ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਬਲਵਿੰਦਰ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ, ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ. ਜਗਦੀਪ ਸਿੰਘ, ਐਸ ਐਮ ਓ ਨਵਾਂਸ਼ਹਿਰ ਡਾ. ਮਨਦੀਪ ਕਮਲ, ਐਸ ਐਮ ਓ ਮੁਜੱਫ਼ਰਪੁਰ ਡਾ. ਗੀਤਾਂਜਲੀ, ਐਸ ਐਮ ਓ ਸੁੱਜੋਂ ਡਾ. ਹਰਬੰਸ ਸਿੰਘ, ਐਸ ਐਮ ਓ ਮੁਕੰਦਪੁਰ ਡਾ. ਰੁਪਿੰਦਰ ਸਿੰਘ, ਐਸ ਐਮ ਓ ਬਲਾਚੌਰ ਡਾ. ਕੁਲਵਿੰਦਰ ਮਾਨ, ਐਸ ਐਮ ਓ ਸੜੋਆ ਡਾ. ਗੁਰਿੰਦਰਜੀਤ ਸਿੰਘ ਤੇ ਮੈਡੀਕਲ ਸਪੈਸ਼ਲਿਸਟ ਡਾ. ਸਤਵਿੰਦਰ ਸਿੰਘ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ