ਜ਼ਿਮਨੀ ਚੋਣਾਂ ’ਚ ਕਾਂਗਰਸ ਨੂੰ ਜਿਤਾ ਕੇ ਲੋਕਾਂ ਨੇ ਅਕਾਲੀ ਦਲ ਦੇ ਨਾਂਹ ਪੱਖੀ ਏਜੰਡੇ ਨੂੰ ਨਕਾਰਿਆ: ਕੈਪਟਨ

ਬਟਾਲਾ, 24 ਅਕਤੂਬਰ, 2019:

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ 4 ਵਿਧਾਨ ਸਭਾ ਹਲਕਿਆਂ ਦੀਆਂ ਹੋਈਆਂ ਜ਼ਿਮਨੀ ਚੋਣਾਂ ਵਿਚੋਂ ਤਿੰਨ ਸੀਟਾਂ ਉੱਪਰ ਕਾਂਗਰਸ ਪਾਰਟੀ ਦੀ ਜਿੱਤ ਉੱਪਰ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਵਿੱਚ ਵੋਟਰਾਂ ਨੇ ਅਕਾਲੀ ਦਲ ਦੇ ਨਾਂਹ ਪੱਖੀ ਏਜੰਡੇ ਨੂੰ ਪੂਰੀ ਤਰਾਂ ਨਕਾਰਦਿਆਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ।

ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਜ਼ਿਮਨੀ ਚੋਣਾਂ ਦੇ ਨਤੀਜੇ ਕਾਂਗਰਸ ਪਾਰਟੀ ਦੀਆਂ ਵਿਕਾਸ ਨੀਤੀਆਂ ’ਤੇ ਮੋਹਰ ਹਨ ਅਤੇ ਇਨਾਂ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਦੀਆਂ ਨਾਂਹ ਪੱਖੀ ਨੀਤੀਆਂ ਕਾਰਨ ਲੋਕਾਂ ਵਿੱਚ ਇਨਾਂ ਦਾ ਕੋਈ ਅਧਾਰ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਨਾਂ ਵਿਚੋਂ ਬਹੁਤ ਸਾਰੇ ਸਰਕਾਰ ਨੇ ਆਪਣੇ ਅੱਧੇ ਕਾਰਜਕਾਲ ਦੌਰਾਨ ਪੂਰੇ ਕਰ ਦਿੱਤੇ ਹਨ ਜਦਕਿ ਬਾਕੀ ਰਹਿੰਦੇ ਵਾਅਦੇ ਵੀ ਜਲਦ ਪੂਰੇ ਕਰ ਦਿੱਤੇ ਜਾਣਗੇ। ਉਨਾਂ ਕਿਹਾ ਕਿ ਇਨਾਂ ਚੋਣ ਨਤੀਜਿਆਂ ਨੇ ਅਕਾਲੀ ਦਲ ਖਾਸ ਕਰਕੇ ਬਾਦਲਾਂ ਦੇ ਖੋਖਲੇ ਦਾਅਵਿਆਂ ਨੂੰ ਬੇਨਾਕ ਕੀਤਾ ਹੈ।

ਉਨਾਂ ਕਿਹਾ ਕਿ ਅਕਾਲੀ ਦਲ ਨੇ ਅਤੀਤ ਵਿੱਚ ਹੋਈ ਚੋਣਾਂ ਦੇ ਨਤੀਜਿਆਂ ਤੋਂ ਸਬਕ ਨਹੀਂ ਸਿੱਖਿਆ ਸੀ ਅਤੇ ਉਨਾਂ ਨੇ ਲਗਾਤਾਰ ਨਾਂਹ ਪੱਖੀ ਨੀਤੀਆਂ ਅਪਣਾਈਆਂ ਅਤੇ ਧਰਮ ਦੇ ਨਾਂ ’ਤੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ। ਪਰ ਲੋਕਾਂ ਨੇ ਅਕਾਲੀ ਦਲ ਦੀ ਇਸ ਰਾਜਨੀਤੀ ਨੂੰ ਬਿਲਕੁਲ ਸਵੀਕਾਰ ਨਹੀਂ ਕੀਤਾ ਅਤੇ ਉਨਾਂ ਨੇ ਕਾਂਗਰਸ ਪਾਰਟੀ ਦੀਆਂ ਵਿਕਾਸ ਨੀਤੀਆਂ ਉੱਪਰ ਮੋਹਰ ਲਗਾਈ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸਾਰੇ ਜੁਝਾਰੂ ਵਰਕਰਾਂ ਨੂੰ ਇਸ ਸ਼ਾਨਦਾਰ ਜਿੱਤ ਦੀ ਮੁਬਾਰਕਬਾਦ ਦਿੰਦੇ ਹਨ ਅਤੇ ਉਨਾਂ ਵਲੋਂ ਲਗਾਤਾਰ ਪੂਰੀ ਮਿਹਨਤ ਅਤੇ ਇੱਕਜੁਟਤਾ ਨਾਲ ਪਾਰਟੀ ਨੂੰ ਜਿਤਾਇਆ ਹੈ।

ਦਾਖਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਹਾਰ ਉੱਪਰ ਟਿਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸੀਟ ਉੱਪਰ ਕਾਂਗਰਸੀ ਉਮੀਦਵਾਰ ਨੇ ਵਿਰੋਧੀਆਂ ਨੂੰ ਆਪਣੀ ਪਹਿਲੀ ਚੋਣ ਵਿੱਚ ਹੀ ਵੱਡੀ ਟੱਕਰ ਦਿੱਤੀ ਹੈ।

ਉਨਾਂ ਕਿਹਾ ਕਿ ਉਹ ਚਾਹੁੰਦੇ ਸਨ ਕਿ ਉਨਾਂ ਦੀ ਪਾਰਟੀ ਚਾਰੇ ਜ਼ਿਮਨੀ ਚੋਣਾਂ ਜਿੱਤਦੀ ਪਰ 100 ਫੀਸਦੀ ਜਿੱਤ ਸੰਭਵ ਨਹੀਂ ਹੁੰਦੀ। ਉਨਾਂ ਕਿਹਾ ਕਿ ਹਾਰਨ ਵਾਲੇ ਉਮੀਦਵਾਰਾਂ ਨੂੰ ਆਪਣੀ ਹਾਰ ਦਿਲ ਨੂੰ ਨਹੀਂ ਲਗਾਉਣੀ ਚਾਹੀਦੀ ਕਿਉਂਕਿ ਉਹ ਵੀ ਆਪਣੀ ਪਹਿਲੀਆਂ ਦੋ ਚੋਣਾਂ ਹਾਰੇ ਸਨ।

ਉਨਾਂ ਅੱਗੇ ਕਿਹਾ ਕਿ ਜਿੱਤ ਅਤੇ ਹਾਰ ਚੋਣ ਪ੍ਰੀਕਿ੍ਰਆ ਦਾ ਹਿੱਸਾ ਹਨ ਅਤੇ ਇਹ ਪਾਰਟੀ ਜਾਂ ਉਮੀਦਵਾਰ ਦੀ ਤਾਕਤ ਜਾਂ ਕਮਜ਼ੋਰੀ ਦਾ ਪ੍ਰਤੀਕ ਨਹੀਂ ਹਨ।

ਉਨਾਂ ਅੱਗੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੇ 10 ਸਾਲਾਂ ਦੇ ਰਾਜ ਤੋਂ ਸਤਾਏ ਸੂਬਾ ਵਾਸੀ ਹੁਣ ਸੂਬੇ ਨੂੰ ਅੱਗੇ ਵਧਿਆ ਅਤੇ ਖੁਸ਼ਹਾਲ ਦੇਖਣਾ ਚਾਹੁੰਦੇ ਹਨ ਅਤੇ ਲੋਕਾਂ ਨੇ ਅਕਾਲੀ ਦੀਆਂ ਲੋਕ-ਮਾਰੂ ਨੀਤੀਆਂ ਨੂੰ ਇੱਕ ਫਿਰ ਨਕਾਰ ਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ।

Yes Punjab - Top Stories