ਜ਼ਿਮਨੀ ਚੋਣਾਂ ‘ਚ ਕਾਂਗਰਸ ਦਾ ਮੁਕੰਮਲ ਸਫਾਇਆ ਹੋਵੇਗਾ: ਮਜੀਠੀਆ

ਚੰਡੀਗੜ੍ਹ, 21 ਸਤੰਬਰ, 2019:

ਪੰਜਾਬ ਅੰਦਰ 21 ਅਕਤੂਬਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਅੰਦਰ ਜ਼ਿਮਨੀ ਚੋਣਾਂ ਕਰਵਾਉਣ ਦੇ ਐਲਾਨ ਦਾ ਸਵਾਗਤ ਕਰਦਿਆਂ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹਨਾਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਦਾ ਮੁਕੰਮਲ ਸਫਾਇਆ ਹੋਵੇਗਾ ਅਤੇ ਅਕਾਲੀ-ਭਾਜਪਾ ਗਠਜੋੜ ਹੂੰਝਾ ਫੇਰ ਜਿੱਤ ਹਾਸਿਲ ਕਰੇਗਾ।

ਇੱਥੇ ਬਿਆਨ ਜਾਰੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਨਹੀਂ, ਸਗੋਂ ਆਮ ਪੰਜਾਬੀ ਨੂੰ ਇਹ ਵਿਖਾਉਣ ਲਈ ਉਤਾਵਲੇ ਹਨ ਕਿ ਕਾਂਗਰਸ ਢਾਈ ਸਾਲ ਪੁਰਾਣਾ ਸਮਰਥਨ ਗੁਆ ਚੁੱਕੀ ਹੈ ਅਤੇ ਇਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।

ਇਹ ਟਿੱਪਣੀ ਕਰਦਿਆਂ ਕਿ ਸੂਬਾ ਸਰਕਾਰ ਦੀ ਭਰੋਸੇਯੋਗਤਾ ਅਤੇ ਕਾਂਗਰਸ ਦੀ ਲੋਕਪ੍ਰਿਅਤਾ ਦੋਵਾਂ ਨੂੰ ਬੁਰੀ ਤਰ੍ਹਾਂ ਖੋਰਾ ਲੱਗ ਚੁੱਕਿਆ ਹੈ ਅਤੇ ਕਾਂਗਰਸ ਪਾਰਟੀ ਲਈ ਇਹਨਾਂ ਚੋਣਾਂ ਦੇ ਨਤੀਜੇ ਅੱਖਾਂ ਖੋਲ੍ਹਣ ਵਾਲੇ ਸਾਬਿਤ ਹੋਣਗੇ,ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੂੰ ਇਹ ਖੋਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਕੈਬਨਿਟ ਸਾਥੀਆਂ ਦੀ ਆਕੜ, ਬੇਵਕੂਫੀਆਂ ਅਤੇ ਲੋਕਾਂ ਤੋਂ ਦੂਰ ਰਹਿਣ ਕਰਕੇ ਲੱਗਿਆ ਹੈ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ, ਪ੍ਰਸਾਸ਼ਨ ਦੀ ਅਮਨ-ਕਾਨੂੰਨ ਪ੍ਰਤੀ ਲਾਪਰਵਾਹੀ ਨੇ ਲੋਕਾਂ ਦਾ ਸਰਕਾਰ ਤੋਂ ਮਨ ਖੱਟਾ ਕੀਤਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਇਸ਼ਾਰਾ ਕਰਦੀਆਂ ਹਨ ਕਿ ਕਾਂਗਰਸ ਪਾਰਟੀ ਜਾਣ ਬੁੱਝ ਕੇ ਜ਼ਿਮਨੀ ਚੋਣਾਂ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੀ ਸੀ, ਕਿਉਂਕਿ ਇਸ ਨੂੰ ਡਰ ਸੀ ਇਹ ਚੋਣਾਂ ਵਿਚ ਇਸ ਪਾਰਟੀ ਦਾ ਭਾਂਡਾ ਫੁੱਟ ਜਾਵੇਗਾ। ਇਹ ਕਹਿੰਦਿਆਂ ਕਿ ਕਾਂਗਰਸ ਨੂੰ ਜ਼ਿਮਨੀ ਚੋਣਾਂ ਤੋਂ ਡਰ ਲੱਗ ਰਿਹਾ ਹੈ|

ਉਹਨਾਂ ਕਿਹਾ ਕਿ ਸੂਬੇ ਅੰਦਰ ਇਸ ਤੋਂ ਜ਼ਿਆਦਾ ਹਲਕਿਆਂ ਅੰਦਰ ਜ਼ਿਮਨੀ ਚੋਣਾਂ ਹੋਣੀਆਂ ਬਕਾਇਆ ਹਨ, ਪਰ ਸਪੀਕਰ ਨੇ ਅਮਰਿੰਦਰ ਸਿੰਘ ਦੇ ਕਹਿਣ ਤੇ ਆਪ ਵਿਧਾਇਕਾਂ ਸੰਬੰਧੀ ਕੋਈ ਫੈਸਲਾ ਨਹੀਂ ਲਿਆ ਅਤੇ ਇਹਨਾਂ ਚੋਣਾਂ ਨੂੰ ਟਾਲ ਦਿੱਤਾ ਹੈ, ਜੋ ਕਿ ਬਿਲਕੁੱਲ ਹੀ ਗੈਰਕਾਨੂੰਨੀ, ਅਸੰਵਿਧਾਨਿਕ ਅਤੇ ਲੋਕਤੰਤਰੀ ਪਰੰਪਰਾਵਾਂ ਦੇ ਖ਼ਿਲਾਫ ਹੈ।

ਮਜੀਠੀਆ ਨੇ ਚਾਰੇ ਹਲਕਿਆਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਸਰਕਾਰ ਦਾ ਚੋਣਾਂ ਵਿਚ ਸਫਾਇਆ ਕਰਕੇ ਇਸ ਨੂੰ ਲੋਕਾਂ ਨਾਲ ਵਿਸਵਾਸ਼ਘਾਤ ਕਰਨ ਦਾ ਸਬਕ ਸਿਖਾ ਦੇਣ। ਇਸ ਦੇ ਨਾਲ ਹੀ ਉਹਨਾਂ ਪਾਰਟੀ ਵਰਕਰਾਂ ਨੂੰ ਡਟ ਕੇ ਚੋਣਾਂ ਲੜਣ ਦਾ ਨਿਰਦੇਸ਼ ਦਿੱਤਾ।

Share News / Article

YP Headlines