27.8 C
Delhi
Saturday, April 13, 2024
spot_img
spot_img

ਗ਼ਦਰੀ ਬਾਬਾ ਸੋਹਨ ਸਿੰਘ ਭਕਨਾ ਦਾ 150ਵਾਂ ਜਨਮ ਦਿਨ ਸਮਾਗਮ ਦੇਸ਼ ਭਗਤ ਯਾਦਗਾਰ ਹਾਲ ’ਚ ਮਨਾਇਆ ਗਿਆ

ਜਲੰਧਰ, 4 ਜਨਵਰੀ, 2020 –

ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਦੀ 150ਵੀਂ ਜਨਮ ਵਰ੍ਹੇ ਗੰਢ ਦੇਸ਼ ਭਗਤ ਯਾਦਗਾਰ ਹਾਲ ਵਿਖੇ ਜੋਸ਼-ਖਰੋਸ਼ ਮਨਾਏ ਜਾਣ ਦਾ ਆਗਾਜ਼ ਫ਼ੈਜ਼ ਅਹਿਮਦ ਫ਼ੈਜ਼ ਦੀ ਨਜ਼ਮ

‘ਹਮ ਦੇਖੇਂਗੇ,
ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ,
ਵੋਹ ਦਿਨ ਕਿ ਜਿਸਦਾ ਵਾਅਦਾ ਹੈ
ਹਮ ਦੇਖੇਂਗੇ’, ਨਾਲ ਹੋਇਆ।

ਇਸ ਸਮਾਗਮ ਮੌਕੇ ਮੰਚ ’ਤੇ ਮੁੱਖ ਬੁਲਾਰੇ ਪ੍ਰੋ. ਜਗਮੋਹਨ ਸਿੰਘ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਸਸ਼ੋਭਤ ਸਨ।

ਪ੍ਰੋ.ਮਲਵਿੰਦਰਜੀਤ ਸਿੰਘ ਵੜੈਚ (ਸੰਪਾਦਕ) ਅਤੇ ਅਮੋਲਕ ਸਿੰਘ (ਸਹਿ-ਸੰਪਾਦਕ) ਵੱਲੋਂ ਸੰਪਾਦਿਤ ਪੁਸਤਕ ‘ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ’ ਪ੍ਰਧਾਨਗੀ ਮੰਡਲ ਤੋਂ ਇਲਾਵਾ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ.ਪਰਮਿੰਦਰ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਤੇ ਨਾਮਵਰ ਕਹਾਣੀਕਾਰ, ਸਾਹਿਤਕਾਰ ਪ੍ਰੋ.ਵਰਿਆਮ ਸਿੰਘ ਸੰਧੂ, ਸੁਰਿੰਦਰ ਕੁਮਾਰੀ ਕੋਛੜ, ਬਲਬੀਰ ਕੌਰ ਬੁੰਡਾਲਾ, ਸੀਤਲ ਸਿੰਘ ਸੰਘਾ ਤੇ ਦੇਵਰਾਜ ਨਯੀਅਰ ਵੱਲੋਂ ਲੋਕ ਅਰਪਣ ਕੀਤੀ ਗਈ।

ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਇਸ ਮੌਕੇ ਬੋਲਦਿਆਂ ਜਿੱਥੇ ਸੋਹਨ ਸਿੰਘ ਭਕਨਾ ਦੇ ਜੀਵਨ ਸੰਗਰਾਮ ਤੋਂ ਸਬਕ ਲੈ ਕੇ ਆਪਣੇ ਰਾਹ ਬਣਾਉਣ ਦੀ ਅਪੀਲ ਕੀਤੀ, ਉਥੇ ਜਨਵਰੀ ਮਹੀਨੇ ਦੇ ਸਮੂਹ ਅਮਰ ਸ਼ਹੀਦਾਂ ਅਤੇ ਸੰਗਰਾਮੀਆਂ ਨੂੰ ਵੀ ਸਿਜਦਾ ਕੀਤਾ। ਸਮਾਗਮ ਦੇ ਮੁੱਖ ਬੁਲਾਰੇ ਪ੍ਰੋ. ਜਗਮੋਹਨ ਸਿੰਘ ਨੇ 1966-67 ਦੇ ਸਮਿਆਂ ’ਚ ਬਾਬਾ ਸੋਹਨ ਸਿੰਘ ਭਕਨਾ ਦੇ ਪਿੰਡ ਜਾ ਕੇ ਉਹਨਾਂ ਨਾਲ ਕੀਤੀਆਂ ਵਿਚਾਰਾਂ, ਮੁਲਾਕਾਤਾਂ ਅਤੇ ਬਾਬਾ ਭਕਨਾ ਦੀ ਅਦੁੱਤੀ ਦੇਣ ਦੇ ਅਮੁੱਲੇ ਸਬਕਾਂ ਬਾਰੇ ਚਾਨਣਾ ਪਾਇਆ।

ਪ੍ਰੋ. ਜਗਮੋਹਨ ਸਿੰਘ ਨੇ ਬੋਲਦਿਆਂ ਕਿਹਾ ਕਿ ਬਾਬਾ ਸੋਹਨ ਸਿੰਘ ਭਕਨਾ ਅਤੇ ਉਹਨਾਂ ਦੇ ਸਾਥੀਆਂ ਨੇ ਗ਼ਦਰ ਪਾਰਟੀ ਦੀ ਆਧਾਰਸ਼ਿਲਾ ਜਿਸ ਵਿਚਾਰਧਾਰਾ, ਰਾਜਨੀਤੀ ਉਪਰ ਧਰੀ ਉਸਦਾ ਨਿਸ਼ਾਨਾ, ਦੇਸੀ-ਬਦੇਸ਼ੀ ਹਰ ਵੰਨਗੀ ਦੀ ਜਕੜ ਤੋਂ ਮੁਕਤ, ਆਜ਼ਾਦ, ਜਮਹੂਰੀ, ਨਿਆਂ ਅਤੇ ਸਾਂਝੀਵਾਲਤਾ ਭਰਿਆ ਰਾਜ ਅਤੇ ਸਮਾਜ ਸਿਰਜਣਾ ਸੀ।

ਉਹਨਾਂ ਨੇ ਬਾਬਾ ਭਕਨਾ ਦੇ ਹੱਡੀਂ ਹੰਢਾਏ ਸਖ਼ਤ ਘਾਲਣਾ ਅਤੇ ਕੁਰਬਾਨੀਆਂ ਭਰੇ ਤਜ਼ੱਰਬਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਅੱਜ ਦੀ ਜੁਆਨੀ ਮੇਰੇ ਬਾਲ ਜਰਨੈਲ ਕਰਤਾਰ ਸਿੰਘ ਸਰਾਭਾ ਨੂੰ ਭੁੱਲ ਜਾਏਗੀ ਤਾਂ ਅਸੀਂ ਜਿਸ ਸੁਨਹਿਰੀ ਸਵੇਰ ਦਾ ਸੁਪਨਾ ਲੈ ਕੇ ਗ਼ਦਰ ਦਾ ਝੰਡਾ ਚੁੱਕਿਆ ਸੀ, ਉਸਦਾ ਮੁੱਖੜਾ ਵੇਖਣ ਲਈ ਨੌਜਵਾਨ ਪੀੜ੍ਹੀ ਨੂੰ ਭਵਿੱਖ ’ਚ ਵੱਡੀ ਕੀਮਤ ਅਦਾ ਕਰਨੀ ਪਏਗੀ।

ਪ੍ਰੋ.ਜਗਮੋਹਨ ਸਿੰਘ ਨੇ ਐਨ.ਪੀ.ਏ., ਸੀ.ਏ.ਏ., ਐਨ.ਆਰ.ਸੀ. ਦੇ ਨਾਂਅ ਹੇਠ ਮੋਦੀ-ਸ਼ਾਹ ਹਕੂਮਤ ਵੱਲੋਂ ਲੋਕਾਂ ਉਪਰ ਹਿੰਦੂਤਵ ਫਾਸ਼ੀਵਾਦ ਦਾ ਅਜੰਡਾ ਮੜ੍ਹਨ ਲਈ ਵਿੱਢੇ ਹੱਲੇ ਅੰਦਰ ਛੁਪੇ ਮੰਤਵਾਂ ਤੋਂ ਪਰਦਾ ਚੁੱਕਿਆ। ਉਹਨਾਂ ਕਿਹਾ ਕਿ ਲੋਕਾਂ ਦੀ ਨਾਗਰਿਕਤਾ ਦਾ ਪ੍ਰਮਾਣ ਮੰਗਣ ਦੇ ਓਹਲੇ ਅਸਲ ’ਚ ਮੁਸਲਿਮ ਭਾਈਚਾਰੇ, ਆਦਿਵਾਸੀਆਂ, ਦਲਿਤਾਂ ਵਿਚੀਂ ਹੁੰਦੇ ਹੋਏ ਲੋਕਾਂ ਉਪਰ ਹਿਟਲਰ ਮਾਰਕਾ ਫਾਸ਼ੀ ਰਾਜ ਮੜ੍ਹਨਾ ਹੈ।

ਮੁਲਕ ਭਰ ’ਚ ਵਿਦਿਆਰਥੀਆਂ, ਨੌਜਵਾਨਾਂ, ਬੁੱਧੀਜੀਵੀਆਂ, ਰੰਗਕਰਮੀਆਂ, ਕਵੀਆਂ, ਫ਼ਿਲਮਸਾਜ਼ ਹਸਤੀਆਂ, ਆਮ ਲੋਕਾਂ ਵੱਲੋਂ ਕਾਫ਼ਲੇ ਬੰਨ੍ਹਕੇ ਸੜਕਾਂ ਉਪਰ ਹੜ੍ਹ ਬਣ ਕੇ ਨਿੱਤਰਨ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਸਿਰਫ਼ ਜਾਗਦੀ ਜ਼ਮੀਰ ਵਾਲੀ ਲੋਕ ਸ਼ਕਤੀ ਹੀ ਫਾਸ਼ੀ ਹੱਲੇ ਦਾ ਟਾਕਰਾ ਕਰ ਸਕਦੀ ਹੈ ਅਤੇ ਇਸ ਹੱਲੇ ਨੂੰ ਲੱਕ ਤੋੜਵੀਂ ਹਾਰ ਦੇ ਕੇ ਗ਼ਦਰੀ ਬਾਬਾ ਸੋਹਨ ਸਿੰਘ ਭਕਨਾ ਹੋਰਾਂ ਦੇ ਸੁਪਨੇ ਸਾਕਾਰ ਕਰਨ ਲਈ ਆਪਣੇ ਮੁਕਤੀ ਮਾਰਗ ’ਤੇ ਅੱਗੇ ਵੱਧ ਸਕਦੇ ਹਾਂ।

ਪੂਰੇ ਕਸ਼ਮੀਰ ਨੂੰ ਡੀਟੈਂਸ਼ਨ ਸੈਂਟਰ ਬਣਾ ਧਰਨ ਦੀ ਤਿੱਖੀ ਆਲੋਚਨਾ ਕਰਦਿਆਂ ਪ੍ਰੋ. ਜਗਮੋਹਨ ਸਿੰਘ ਹੋਰਾਂ ਕਿਹਾ ਕਿ, ਮੁਕੰਮਲ ਆਜ਼ਾਦੀ ਸੰਗਰਾਮ ਨੂੰ ਅੱਗੇ ਤੋਰਨਾ, ਗਿਆਨਕ ਵਿਚਾਰਧਾਰਾ ਬਣਾਉਣਾ ਅਤੇ ਖ਼ੂਬਸੂਰਤ ਸਮਾਜ ਸਿਰਜਣ ਲਈ ਅੱਗੇ ਆਉਣਾ
ਸਮੇਂ ਦੀ ਤਿੱਖੀ ਮੰਗ ਹੈ। ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇਸ਼ ਭਗਤ ਯਾਦਗਾਰ ਹਾਲ, ਜੀ.ਟੀ.ਰੋਡ, ਜਲੰਧਰ। 

‘‘ਕਭ ਯਾਦ ਮੇਂ ਤੇਰੀ ਯਾਦ ਨਹੀਂ
ਕਭ ਹਾਥ ਮੇਂ ਤੇਰਾ ਹਾਥ ਨਹੀਂ”

ਦੇ ਕਾਵਿਕ-ਬੋਲਾਂ ਨਾਲ ਆਪਣੀ ਤਕਰੀਰ ਪੂਰੀ ਕਰਦਿਆਂ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਗ਼ਦਰੀ ਬਾਬਿਆਂ ਨੂੰ ਬੁੱਤਾਂ ’ਚ ਤਬਦੀਲ ਕਰਨ ਜਾਂ ਬੁੱਤ ਬਣਕੇ ਉਹਨਾਂ ਦੀਆਂ ਤਸਵੀਰਾਂ ਵੇਖਦੇ ਰਹਿਣ ਦੀ ਬਜਾਏ ਸਾਨੂੰ ਸਮਾਜ ਦੀ ਨਵੀਂ ਤਸਵੀਰ ਖਿੱਚਣ ਲਈ ਮਿਲਕੇ ਸੁਹਿਰਦ ਯਤਨ ਕਰਨ ਦੀ ਲੋੜ ਹੈ।

ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਬਾਬਾ ਜੀ ਅਤੇ ਹੋਰ ਗ਼ਦਰੀ ਦੇਸ਼ ਭਗਤਾਂ ਦੀਆਂ ਕਾਲ਼ੇ ਪਾਣੀ ਤੋਂ ਲਿਖੀਆਂ ਚਿੱਠੀਆਂ ਦਾ ਵੇਰਵਾ ਸੁਣਾਉਂਦਿਆਂ ਔਰਤ ਵਰਗ ਦੀ ਭੂਮਿਕਾ ਨੂੰ ਬਾਖ਼ੂਬੀ ਸਤਿਕਾਰਿਆ।

ਚਰੰਜੀ ਲਾਲ ਕੰਗਣੀਵਾਲ ਨੇ ਕਿਹਾ ਕਿ ਬਹੁਤ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿ ਗ਼ਦਰ ਪਾਰਟੀ ਅਤੇ ਹੋਰ ਇਨਕਲਾਬੀ ਲਹਿਰਾਂ ਦੀ ਉੱਚੀ ਸੋਚ ਅਤੇ ਕੁਰਬਾਨੀਆਂ ਦੇ ਇਤਿਹਾਸ ਨਾਲ ਅਸੀਂ ਲੋਕਾਂ ਦੀ ਲਹਿਰ ਕਿਉਂ ਨਹੀਂ ਬਣਾ ਸਕੇ?
ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਨੇ ਕਿਹਾ ਕਿ 8 ਜਨਵਰੀ ਨੂੰ ਮੁਲਕ ਵਿਆਪੀ ਹੋ ਰਹੀ ਟ੍ਰੇਡ ਜੱਥੇਬੰਦੀਆਂ ਦੀ ਹੜਤਾਲ ਵਾਂਗ ਲੋਕ ਮਸਲਿਆਂ ਉਪਰ ਸੰਘਰਸ਼ ਫ਼ਿਰਕੂ ਹਨੇਰੀ ਦਾ ਜਵਾਬ ਬਣੇਗਾ।

ਸਮਾਗਮ ਦਾ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ। ਮੰਚ ਸੰਚਾਲਕ ਨੇ ਕਿਹਾ ਕਿ ਬਾਬਾ ਸੋਹਨ ਸਿੰਘ ਭਕਨਾ ਦੀ ਮਾਂ ਰਾਮ ਕੌਰ ਵਰਗੀਆਂ ਮਾਵਾਂ ਦੀ ਸਮੇਂ ਨੂੰ ਲੋੜ ਹੈ, ਜਿਸਨੇ ਕਿਹਾ ਸੀ ਕਿ, ‘ਤੂੰ ਮੇਰਾ ਪੁੱਤ ਬਣਕੇ ਸਜ਼ਾ ਤੋਂ ਮਾਫ਼ੀ ਨਹੀਂ ਮੰਗਣੀ ਸਗੋਂ ਆਪਣੇ ਰਾਹ ’ਤੇ ਡਟਕੇ ਅੱਗੇ ਤੁਰਨਾ ਹੈ।’

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION