ਖ਼ਾਲਸਾ ਸਾਜਣਾ ਦਿਹਾੜੇ ਦਾ ਇਤਿਹਾਸ ਦੇਸ਼ਵਾਸੀਆਂ ਨੂੰ ਦੱਸਿਆ ਜਾਵੇ: ‘ਜਾਗੋ’ ਪ੍ਰਧਾਨ ਜੀ.ਕੇ. ਦੀ ਅਕਾਲ ਤਖ਼ਤ ਤੋਂ ਮੰਗ

ਨਵੀਂ ਦਿੱਲੀ, 17 ਅਪ੍ਰੈਲ, 2020  –

‘ਖ਼ਾਲਸਾ ਸਿਰਜਣਾ ਦਿਹਾੜੇ’ ਅਤੇ ‘ਵਿਸਾਖੀ’ ਦੇ ਵਿੱਚ ਅੰਤਰ ਅਤੇ ਸੰਬੰਧ ਬਾਰੇ ਭਾਰਤੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ਵਿੱਚ ਵਿਆਪਕ ਪਰਚਾਰ ਦੀ ਸਮਾਜਿਕ ਜਾਗਰੂਕਤਾ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਇਹ ਮੰਗ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੀਡੀਆ ਨੂੰ ਜਾਰੀ ਬਿਆਨ ਦੇ ਮਾਰਫ਼ਤ ਕੀਤੀ ਹੈ।

ਜੀਕੇ ਨੇ ਕਿਹਾ ਕਿ ਇੱਕ ਤਰਫ਼ ਸੰਸਾਰ ਦੇ ਵੱਡੇ ਆਗੂ ਸਿੱਖਾਂ ਨੂੰ ਖ਼ਾਲਸਾ ਸਿਰਜਣਾ ਦਿਹਾੜੇ ਅਤੇ ਵਿਸਾਖੀ ਦੀ ਵਧਾਈ ਆਪਣੇ ਵੀਡੀਓ ਸੁਨੇਹਾ ਜਾਰੀ ਕਰ ਕੇ ਦੇ ਰਹੇ ਹਨ, ਪਰ ਦੂਜੇ ਪਾਸੇ ਕੁੱਝ ਭਾਰਤੀ ਪੱਤਰਕਾਰ ਸਿੱਖਾਂ ਨੂੰ ਉਕਤ ਆਗੂਆਂ ਵੱਲੋਂ ਵਧਾਈ ਦੇਣ ਉੱਤੇ ਟਵਿਟਰ ਉੱਤੇ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ। ਟਰੋਲ ਕਰ ਰਹੇ ਇਹਨਾਂ ਕਥਿਤ ਬੁੱਧੀਜੀਵੀਆਂ ਦੀ ਦਲੀਲ਼ ਹੈ ਕਿ ਵਿਸਾਖੀ ਸਿਰਫ਼ ਸਿੱਖਾਂ ਦਾ ਤਿਉਹਾਰ ਨਹੀਂ ਹੈ, ਸਗੋਂ ਪੰਜਾਬੀ ਹਿੰਦੂਆਂ ਦਾ ਵੀ ਤਿਉਹਾਰ ਹੈ।

ਜੀਕੇ ਨੇ ਕਿਹਾ ਕਿ ਸੰਸਾਰ ਪੱਧਰੀ ਆਗੂਆਂ ਨੂੰ ਜੋ ਕਿ ਸਿੱਖਾਂ ਨੂੰ ਵਧਾਈ ਦੇ ਰਹੇ ਸਨ ਦੀ ਇਹ ਬੇਇੱਜ਼ਤੀ ਕਰਨ ਦੇ ਨਾਲ ਹੀ ਉਕਤ ਕਥਿਤ ਵਿਦਵਾਨਾਂ ਦੇ ਅਧੂਰੇ ਅਤੇ ਫੋਕੇ ਗਿਆਨ ਦਾ ਨਮੂਨਾ ਵੀ ਹੈ। ਜੋ ਇਹ ਵੀ ਨਹੀਂ ਜਾਣਦੇ ਕਿ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਨ ਹੀ ‘ਖ਼ਾਲਸਾ’ ਪੰਥ ਦੀ ਸਿਰਜਣਾ ਕੀਤੀ ਸੀ। ਜੀਕੇ ਨੇ ਸਾਫ਼ ਕਿਹਾ ਕਿ ‘ਵਿਸਾਖੀ’ ਸਾਰੇ ਪੰਜਾਬੀਆਂ ਦਾ ਤਿਉਹਾਰ ਹੈ, ਚਾਹੇ ਉਹ ਹਿੰਦੂ, ਸਿੱਖ, ਮੁਸਲਮਾਨ ਅਤੇ ਈਸਾਈ ਧਰਮ ਨਾਲ ਹੀ ਸਬੰਧਿਤ ਹੀ ਕਿਉਂ ਨਾ ਹੋਣ।

‘ਜਾਗੋ’ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਜੀਕੇ ਨੇ ਕਿਹਾ ਕਿ ਜਥੇਦਾਰ ਜੀ ਨੂੰ ਸਿੰਘ ਸਾਹਿਬਾਨਾਂ ਦੇ ਨਾਲ ਇਸ ਸਬੰਧੀ ਵਿਚਾਰ ਕਰਨਾ ਚਾਹੀਦਾ ਹੈ ਕਿ ਅਖੀਰ ਅਸੀਂ ‘ਖ਼ਾਲਸਾ’ ਅਤੇ ‘ਵਿਸਾਖੀ’ ਦੇ ਬਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਵਿੱਚ ਕਿਉਂ ਕਾਮਯਾਬ ਨਹੀਂ ਹੋਏ ? ਕੀ ‘ਖ਼ਾਲਸਾ ਸਿਰਜਨਾ ਦਿਹਾੜੇ’ ਉੱਤੇ ਸਰਕਾਰੀ ਛੁੱਟੀ ਦਾ ਨਾ ਹੋਣਾ, ਤਾਂ ਇਸਦਾ ਕਾਰਨ ਨਹੀਂ ਹੈ ?

ਕੀ ਨਾਨਕਸ਼ਾਹੀ ਕੈਲੇਂਡਰ ਦੀ ਦੁਬਿਧਾ ਦੇ ਕਾਰਨ 1 ਵਿਸਾਖ ਦੀ ਤਾਰੀਖ ਦਾ 14 ਅਪ੍ਰੈਲ ਤੋਂ 13 ਅਪ੍ਰੈਲ ਹੋਣ ਦਾ ਇਹ ਨਤੀਜਾ ਤਾਂ ਨਹੀਂ ? ਜੀਕੇ ਨੇ ਕਿਹਾ ਕਿ ‘ਵਿਸਾਖੀ’ ਵੀ ਪੰਜਾਬ ਦਾ ਤਿਉਹਾਰ ਹੈ, ਕਿਉਂਕਿ ਕਿਸਾਨ ਆਪਣੀ ਫ਼ਸਲ ਪੱਕਣ ਅਤੇ ਕੱਟਣ ਉੱਤੇ ਇਸ ਦਿਨ ਖ਼ੁਸ਼ੀ ਦਾ ਇਜ਼ਹਾਰ ਨੱਚਣ ਅਤੇ ਗਾ ਕੇ ਕਰਦਾ ਹੈ। ਜਿਨੂੰ ਸਾਰੇ ਭਾਈਚਾਰੇ ਦੇ ਲੋਕ ਖ਼ੁਸ਼ੀ ਨਾਲ ਮਨਾਉਂਦੇ ਹਨ, ਪਰ ਇਸ ਤੋਂ ਕਿਤੇ ਵੀ ‘ਖ਼ਾਲਸਾ’ ਸਿਰਜਣਾ ਦਾ ਮਹੱਤਵ ਘੱਟ ਨਹੀਂ ਹੋ ਜਾਂਦਾ।

ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਹਰ ਹਿੰਦੂ ਪਰਿਵਾਰ ਆਪਣੇ ਵੱਡੇ ਬੇਟੇ ਨੂੰ ਸਿੱਖ ਅਤੇ ਖ਼ਾਲਸਾ ਬਣਾਉਂਦਾ ਸੀ। ਇਸ ਲਈ ‘ਵਿਸਾਖੀ’ ਦੇ ਨਾਂਅ ਉੱਤੇ ਪੰਜਾਬ ਦੇ ਭਾਈਚਾਰੇ ਨੂੰ ਵੰਡਣ ਦੀ ਟਰੋਲਸ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਅਤੇ ਸਿੱਖ ਇਤਿਹਾਸ ਦੇ ਸੁਨਹਿਰੇ ਅੰਗ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਕ੍ਰਾਂਤੀਵਾਦੀ ਕਦਮ ‘ਖ਼ਾਲਸਾ’ ਸਿਰਜਣਾ ਕਰਨ ਦਾ ਪ੍ਰਚਾਰ ਕਰਨ ਲਈ ਜਥੇਦਾਰ ਜੀ ਨੂੰ ਇਸ ਬਾਰੇ ਦੇਸ਼-ਵਿਆਪੀ ਜਾਗਰੂਕਤਾ ਮੁਹਿੰਮ ਸਾਰੀਆਂ ਗੁਰਦੁਆਰਾ ਕਮੇਟੀਆਂ, ਸੇਵਕ ਜਥਿਆਂ ਅਤੇ ਪੰਥਕ ਸੰਗਠਨਾਂ ਨੂੰ ਨਾਲ ਲੈ ਕੇ ਚਲਾਉਣੀ ਚਾਹੀਦੀ ਹੈ।

ਜੀਕੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਇੰਗਲੈਂਡ ਦੇ ਪ੍ਰਿੰਸ ਚਾਰਲਸ ਅਤੇ ਸੰਯੁਕਤ ਰਾਸ਼ਟਰ ਸੰਘ ਦੀ ਅੰਡਰ ਸੈਕਟਰੀ ਜਨਰਲ ਐਡਮਾ ਡਿਆਂਗ ਵੱਲੋਂ ਸਿੱਖ ਕੌਮ ਦੇ ਬਾਰੇ ਭਾਵਪੂਰਨ ਗੱਲਾਂ ਕਹਿਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਨਾਲ ਹੀ ਆਪਣੇ ਅਧੂਰੇ ਗਿਆਨ ਨਾਲ ਸੰਸਾਰ ਪੱਧਰੀ ਆਗੂਆਂ ਨੂੰ ਟਰੋਲ ਕਰਨ ਵਾਲੇ ਕਥਿਤ ਵਿਦਵਾਨਾਂ ਨੂੰ ਇਤਿਹਾਸ ਪੜ੍ਹਨ ਦੀ ਵੀ ਜੀਕੇ ਨੇ ਨਸੀਹਤ ਦਿੱਤੀ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES