ਖ਼ਹਿਰਾ ਵੱਲੋਂ ਗੁਰੂ ਰਵਿਦਾਸ ਮੰਦਿਰ ਮੁੜ ਉਸਾਰਣ ਦੀ ਮੰਗ, ਕਿਹਾ ਵਿਰੋਧ ਜਤਾਉਣਾ ਹੈ ਤਾਂ ਹਰਸਿਮਰਤ ਅਸਤੀਫ਼ਾ ਦੇਵੇ

ਚੰਡੀਗੜ, 13 ਅਗਸਤ, 2019:

ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਸ਼੍ਰੋਮਣੀ ਅਕਾਲੀ ਦਲ ਉੱਪਰ ਖੂਬ ਵਰੇ ਜੋ ਕਿ ਕੇਂਦਰ ਵਿਚਲੀ ਭਾਜਪਾ ਦੀ ਸਰਕਾਰ ਵਿੱਚ ਗਠਜੋੜ ਭਾਈਵਾਲ ਹੋਣ ਦੇ ਬਾਵਜੂਦ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਅਸਫਲ ਰਹੇ ਹਨ।

ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਦਿੱਲੀ ਵਿਖੇ ਸਥਿਤ ਇਤਿਹਾਸਕ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੂੰ ਢਾਹਿਆ ਜਾਣਾ ਮੋਦੀ ਸਰਕਾਰ ਦੇ ਘੱਟ ਗਿਣਤੀ ਵਿਰੋਧੀ ਅਤੇ ਦਲਿਤ ਵਿਰੋਧੀ ਚਿਹਰੇ ਦਾ ਖੁਲਾਸਾ ਕਰਦਾ ਹੈ। ਉਹਨਾਂ ਕਿਹਾ ਕਿ ਭਾਜਪਾ ਸ਼ਾਸਿਤ ਸਾਰੇ ਸੂਬਿਆਂ ਵਿੱਚ ਘੱਟ ਗਿਣਤੀਆਂ ਨੂੰ ਡਰਾਇਆ ਦਬਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਭਾਜਪਾ ਸ਼ਾਸਿਤ ਸਿੱਕਮ ਸੂਬੇ ਵਿੱਚ ਸਿੱਖ ਗੁਰਦੁਆਰਾ ਢਾਹ ਦਿੱਤਾ ਗਿਆ ਸੀ ਅਤੇ ਅਸਾਮ ਦੇ ਸ਼ਿਲੋਂਗ ਵਿੱਚ ਰਹਿ ਰਹੇ ਦਲਿਤ ਸਿੱਖਾਂ ਨੂੰ ਇਲਾਕਾ ਖਾਲੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਥੇ ਕਿ ਉਹ ਇੱਕ ਸਦੀ ਤੋਂ ਰਹਿ ਰਹੇ ਹਨ।

ਵਿਧਾਇਕਾਂ ਨੇ ਕਿਹਾ ਕਿ ਦਿੱਲੀ ਡਿਵਲੈਪਮੈਂਟ ਅਥਾਰਟੀ ਜੋ ਕਿ ਸਿੱਧੇ ਤੋਰ ਉੱਪਰ ਭਾਜਪਾ ਸਰਕਾਰ ਅਧੀਨ ਹੈ ਨੇ ਗੁਰੂ ਰਵਿਦਾਸ ਜੀ ਦੇ ਲੱਖਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੀ ਪਰਵਾਹ ਕੀਤੇ ਬਿਨਾਂ ਹੀ ਗੁਰੂ ਰਵਿਦਾਸ ਮੰਦਿਰ ਨੂੰ ਢਾਹ ਦਿੱਤਾ।

ਉਹਨਾਂ ਕਿਹਾ ਕਿ ਜੇਕਰ ਹਰਸਿਮਰਤ ਕੋਰ ਬਾਦਲ ਅਤੇ ਉਸ ਦੇ ਪਤੀ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲਿਆਂ ਲਈ ਚਿੰਤਤ ਹਨ ਤਾਂ ਉਸ ਨੂੰ ਯੂਨੀਅਨ ਮੰਤਰੀ ਵਜੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਪਣੇ ਵਪਾਰਿਕ ਹਿੱਤਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਹੈ।

ਵਿਧਾਇਕਾਂ ਨੇ ਕਿਹਾ ਕਿ ਨਾ ਸਿਰਫ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੇ ਬਲਕਿ ਸਾਰੀ ਸਿੱਖ ਕੋਮ ਡੀ.ਡੀ.ਏ ਦੇ ਇਸ ਕਾਰੇ ਉੱਪਰ ਰੋਸ ਵਿੱਚ ਹੈ ਅਤੇ ਉਹਨਾਂ ਦੀ ਮੰਗ ਹੈ ਕਿ ਮੰਦਿਰ ਨੂੰ ਮੁੜ ਉਸੇ ਸਥਾਨ ਉੱਪਰ ਬਣਾਇਆ ਜਾਵੇ। ਡੀ.ਡੀ.ਏ ਦਾ ਮੁੱਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਹੇਤਾ ਦਿੱਲੀ ਦਾ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਹੈ।

ਉਹਨਾਂ ਕਿਹਾ ਕਿ ਇੱਕ ਪਾਸੇ ਰਾਮ ਮੰਦਿਰ ਨੂੰ ਬਣਾਇਆ ਜਾਣਾ ਭਾਜਪਾ ਦੇ ਸਿਆਸੀ ਏਜੰਡੇ ਵਿੱਚ ਹੈ ਅਤੇ ਦੂਸਰੇ ਪਾਸੇ ਉਹ ਹੋਰਨਾਂ ਧਰਮਾਂ ਦੇ ਧਾਰਮਿਕ ਸਥਾਨਾਂ ਨੂੰ ਤਬਾਹ ਕਰ ਰਹੇ ਹਨ।

ਖਹਿਰਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਰਵਿਦਾਸੀਆ ਭਾਈਚਾਰੇ ਦੇ ਨਾਲ ਖੜੀ ਹੈ ਅਤੇ ਜੇਕਰ ਸਮਾਜ ਦੇ ਕਿਸੇ ਵੀ ਵਰਗ ਅਤੇ ਕੋਮ ਨੂੰ ਜਾਤ ਪਾਤ ਅਤੇ ਧਰਮ ਦੇ ਨਾਮ ਉੱਪਰ ਦਬਾਇਆ ਜਾਵੇਗਾ ਤਾਂ ਉਹਨਾਂ ਦਾ ਸਾਥ ਦੇਵੇਗੀ। ਉਹਨਾਂ ਕਿਹਾ ਕਿ ਨਿੱਜੀ ਹਿੱਤਾਂ ਲਈ ਵੱਖ ਵੱਖ ਧਰਮਾਂ ਵਿੱਚ ਨਫਰਤ ਫੈਲਾਉਣ ਲਈ ਚਲਾਏ ਜਾ ਰਹੇ ਆਰ.ਐਸ.ਐਸ ਦੇ ਏਜੰਡੇ ਦਾ ਪੀ.ਈ.ਪੀ ਡੱਟ ਕੇ ਵਿਰੋਧ ਕਰੇਗੀ।

Share News / Article

Yes Punjab - TOP STORIES