ਐਸ.ਬੀ.ਐਸ ਨਗਰ, 5 ਮਾਰਚ 2020 –
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ‘ਚ ਆਮ ਆਦਮੀ ਪਾਰਟੀ ਨੇ ਭਗਤ ਸਿੰਘ ਦੇ ਸੁਪਨਿਆਂ ‘ਤੇ ਖਰਾ ਉੱਤਰਨ ਅਤੇ ਪੰਜਾਬ ਦੀ ਗੁਆਚੀ ਸ਼ਾਨ ਮੁੜ ਬਹਾਲ ਕਰਨ ਦਾ ਪ੍ਰਣ ਲਿਆ ਹੈ।
ਵੀਰਵਾਰ ਨੂੰ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਪਾਰਟੀ ਦੇ ਨਵਨਿਯੁਕਤ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਦੇ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰ ਸਮਾਰਕ ‘ਚ ਸਿਜਦਾ ਕਰਨ ਪਹੁੰਚੇ ਸਨ।
ਇਸ ਮੌਕੇ ‘ਆਪ’ ਦੇ ਵਿਧਾਇਕਾਂ ਅਤੇ ਸੂਬਾ ਪੱਧਰੀ ਆਗੂਆਂ ਸਮੇਤ ਵੱਡੀ ਗਿਣਤੀ ‘ਚ ਸਥਾਨਕ ਆਗੂ ਅਤੇ ਵਲੰਟੀਅਰ ਮੌਜੂਦ ਸਨ।
ਇਸ ਮੌਕੇ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜਿਸ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ ਹੋਰਾਂ ਨੇ ਫਾਂਸੀ ਦੇ ਰੱਸੇ ਚੁੰਮੇ ਅਤੇ ਕੁਰਬਾਨੀਆਂ ਦਿੱਤੀਆਂ ਸਨ, ‘ਕਾਲੇ ਅੰਗਰੇਜ਼’ ਉਸ ‘ਤੇ ਖਰਾ ਨਹੀਂ ਉੱਤਰੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ‘ਤੇ ਖਰਾ ਉੱਤਰਨ ਦਾ ਪ੍ਰਣ ਲਿਆ ਹੈ, ਜਿਸ ਦੀ ਝਲਕ ਦਿੱਲੀ ‘ਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿਖਾ ਦਿੱਤੀ ਹੈ। ਮਾਨ ਨੇ ਕਿਹਾ ਕਿ ਉਹ ਪੰਜਾਬ ਦੀ ਗੁਆਚੀ ਸ਼ਾਮ ਬਹਾਲ ਕਰ ਕੇ ਰਹਿਣਗੇ।