ਹੱਕੀ ਮੰਗਾਂ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਵੱਲੋਂ ਸੂਬਾ ਪੱਧਰੀ ਹੜਤਾਲ ਨੂੰ ‘ਆਪ’ ਵੱਲੋਂ ਸਮਰਥਨ ਦਾ ਐਲਾਨ

ਚੰਡੀਗੜ੍ਹ, 6 ਸਤੰਬਰ, 2019 –
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਆਪਣੀਆਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਸਰਕਾਰੀ ਮੁਲਾਜ਼ਮ ਸੰਗਠਨਾਂ ਦੀ ਪੂਰਨ ਹਮਾਇਤ ਕੀਤੀ ਹੈ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਅਨੁਸਾਰ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਲਗਾਈ ਗਈ ਡਿਊਟੀ ਨਿਭਾਉਂਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਮੁਲਾਜ਼ਮ ਸੰਗਠਨਾਂ ਵੱਲੋਂ ਚੰਡੀਗੜ੍ਹ ਦੇ ਸੈਕਟਰ 17 ਸਥਿਤ ਲਗਾਏ ਧਰਨੇ ‘ਚ ਹਿੱਸਾ ਲਿਆ।

ਸੂਬੇ ਭਰ ਦੇ ਮੁਲਾਜ਼ਮ ਸੰਗਠਨ ਨੂੰ ‘ਆਪ’ ਦੇ 100 ਫ਼ੀਸਦੀ ਸਮਰਥਨ ਦਾ ਹਵਾਲਾ ਦਿੰਦੇ ਹੋਏ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪਿਛਲੇ 20-25 ਸਾਲਾਂ ਤੋਂ ਸਮੇਂ ਸਮੇਂ ਦੀਆਂ ਅਕਾਲੀ ਸਰਕਾਰਾਂ ਨੇ ਕਿਸਾਨਾਂ, ਦਲਿਤਾਂ ਅਤੇ ਨੌਜਵਾਨਾਂ ਨਾਲ ਤਾਂ ਧੋਖੇ ਅਤੇ ਵਾਅਦਾ-ਖਿਲਾਫੀਆਂ ਕੀਤੀਆਂ ਹੀ ਹਨ, ਮੁਲਾਜ਼ਮ ਵਰਗ ਨੂੰ ਵੀ ਨਹੀਂ ਬਖ਼ਸ਼ਿਆ।

ਸਰਕਾਰਾਂ ਦੀ ਵਾਅਦੇ ਕਰਕੇ ਮੁੱਕਰਨ ਦੀ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਪ੍ਰਵਿਰਤੀ ਕਾਰਨ ਅੱਜ ਇੱਕ ਪਾਸੇ ਸਰਕਾਰੀ ਸਿਸਟਮ ਦਾ ਅਤਿ ਅਹਿਮ ਹਿੱਸਾ ਮੰਨਿਆ ਜਾਂਦਾ ਮੁਲਾਜ਼ਮ ਵਰਗ ਆਪਣੇ ਹੱਕਾਂ ਲਈ ਹੜਤਾਲਾਂ-ਭੁੱਖ ਹੜਤਾਲਾਂ ਕਰ ਰਿਹਾ ਹੈ, ਦੂਜੇ ਪਾਸੇ ਯੋਗ ਅਤੇ ਪੜ੍ਹੀ-ਲਿਖੀ ਨੌਜਵਾਨ ਪੀੜੀ ਸੜਕਾਂ ਅਤੇ ਪਾਣੀਆਂ ਦੀਆਂ ਟੈਂਕੀਆਂ ‘ਤੇ ਚੜ੍ਹ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਲਈ ਪਹਿਲਾਂ ਬਾਦਲ ਸਰਕਾਰ ਅਤੇ ਹੁਣ ਕੈਪਟਨ ਸਰਕਾਰ ਜ਼ਿੰਮੇਵਾਰ ਹੈ।

ਸੰਧਵਾਂ ਨੇ ਕਿਹਾ ਕਿ ਉਹ ਜਨਵਰੀ 2016 ਤੋਂ ਲੰਬਿਤ ਪਏ ਛੇਵੇਂ ਵਿੱਤ ਕਮਿਸ਼ਨ ਨੂੰ ਲਾਗੂ ਕਰਨ, ਡੀਏ ਦੀਆਂ ਬਕਾਇਆ ਕਿਸ਼ਤਾਂ ਬਹਾਲ ਕਰਨ, ਸੇਵਾ ਮੁਕਤੀ ਲਾਭ ਭੱਤੇ ਤੁਰੰਤ ਜਾਰੀ ਕਰਨ, 2004 ਤੋਂ ਪਹਿਲਾਂ ਵਾਲੀ ਪੈਨਸ਼ਨ ਯੋਜਨਾ ਬਹਾਲ ਕਰਨ, ਪਰਖ (ਪ੍ਰੋਵੇਸ਼ਨਲ ਪੀਰੀਅਡ) ਸਮਾ ਸ਼ਰਤ ਖ਼ਤਮ ਕਰਨ ਅਤੇ ਪੂਰੀ ਤਨਖ਼ਾਹ ਅਤੇ ਇਸ ਨੂੰ ਯੋਗ ਸੇਵਾ (ਕੁਆਲੀਫ਼ਾਈ ਸਰਵਿਸ) ‘ਚ ਸ਼ਾਮਲ ਕਰਨ, ਕੱਚੇ, ਠੇਕਾ ਭਰਤੀ ਅਤੇ ਆਊਟ ਸੋਰਸ ਕਰਮਚਾਰੀਆਂ ਨੂੰ ਪੱਕਾ ਕਰਨ, 200 ਰੁਪਏ ਪ੍ਰਤੀ ਮਹੀਨਾ ‘ਜੰਜੂਆ ਟੈਕਸ’ ਬੰਦ ਕਰਨ ਆਦਿ ਮੰਗਾਂ ਦੀ ਪੁਰਜ਼ੋਰ ਵਕਾਲਤ ਕਰਦੇ ਹਨ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ 2022 ਦੀਆਂ ਚੋਣਾਂ ਮੌਕੇ ਜੇਕਰ ਸੱਤਾ ‘ਚ ਆਉਂਦੀ ਹੈ ਤਾਂ ਮੁਲਾਜ਼ਮ ਵਰਗ ਖ਼ੁਦ ਨੂੰ ਠਗਿਆ ਮਹਿਸੂਸ ਨਹੀਂ ਕਰੇਗਾ।

Share News / Article

Yes Punjab - TOP STORIES