ਹੜ੍ਹਾਂ ਕਾਰਨ ਸੜਕਾਂ, ਪੁਲਾਂ ਅਤੇ ਇਮਾਰਤਾਂ ਨੂੰ ਹੋਏ ਨੁਕਸਾਨ ਦੀ ਅਨੁਮਾਨਤ ਰਿਪੋਰਟ ਤਿਆਰ, 95.5 ਕਰੋੜ ’ਚ ਹੋਏਗੀ ਮੁਰੰਮਤ

ਚੰਡੀਗੜ੍ਹ, 30 ਅਗਸਤ, 2019:

ਲੋਕ ਨਿਰਮਾਣ ਵਿਭਾਗ (ਭਵਨ ਅਤੇ ਉਸਾਰੀ) ਵਲੋਂ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੀਆਂ ਸੜਕਾਂ, ਪੁਲਾਂ ਅਤੇ ਇਮਾਰਤਾਂ ਨੂੰ ਹੋਏ ਨੁਕਸਾਨ ਦੇ ਅਨੁਮਾਨ ਸਬੰਧੀ ਮੁੱਢਲੀ ਰਿਪੋਰਟ ਤਿਆਰ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਹਾਲ ਵਿੱਚ ਹੋਏ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ, ਲੋਕ ਨਿਰਮਾਣ ਵਿਭਾਗ (ਭਵਨ ਅਤੇ ਉਸਾਰੀ) ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੀਆਂ ਲਗਭਗ 1450 ਕਿਲੋਮੀਟਰ ਲਿੰਕ ਸੜਕਾਂ, 420 ਕਿਲੋਮੀਟਰ ਪਲਾਨ ਸੜਕਾਂ/ ਕੌਮੀ ਮਾਰਗ, 36 ਪੁਲਾਂ ਤੇ 36 ਇਮਾਰਤਾਂ ਦਾ ਨੁਕਸਾਨ ਹੋਇਆ ਹੈ।

ਇਹ ਵੇਖਣ ਵਿੱਚ ਆਇਆ ਹੈ ਕਿ ਰੂਪਨਗਰ ਜ਼ਿਲ੍ਹੇ ਵਿੱਚ ਲਿੰਕ ਸੜਕਾਂ ਅਤੇ ਪਲਾਨ ਸੜਕਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਜੋ ਕਿ ਕ੍ਰਮਵਾਰ 693.96 ਕਿਲੋਮੀਟਰ ਅਤੇ 123.1 ਕਿਲੋਮੀਟਰ ਹੈ।

ਉਨ੍ਹਾਂ ਦੱਸਿਆ ਕਿ ਮੁਰੰਮਤ ਲਈ ਲਗਭਗ 95.50 ਕਰੋੜ ਰੁਪਏ ਦੀ ਲੋੜ ਹੈ ਪਰ ਸੰਪੂਰਨ ਖਰਚੇ ਦਾ ਅਨੁਮਾਨ ਹੜ੍ਹਾਂ ਦਾ ਪਾਣੀ ਪੂਰੀ ਤਰ੍ਹਾਂ ਉਤਰਨ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੇਸਿਕ ਪੈਚਵਰਕ ਅਤੇ ਸੜਕਾਂ ਵਿੱਚ ਪਏ ਪਾੜਾ ਦੀ ਮੁਰੰਮਤ ਦਾ ਕੰਮ ਪ੍ਰਗਤੀ ਹੇਠ ਹੈ।

ਉਨ੍ਹਾਂ ਅੱਗੇ ਕਿਹਾ ਕਿ ਲੋੜੀਂਦੇ ਫੰਡਾਂ ਦੇ ਜਾਰੀ ਹੋਣ ਨਾਲ, ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਬਹਾਲ ਕਰਨ ਦਾ ਕੰਮ ਜਿਵੇਂ ਬਿ੍ਰਜਾਂ ਦੀ ਮੁੜ ਉਸਾਰੀ, ਹੜ੍ਹਾਂ ਵਿੱਚ ਵਹਿ ਚੁੱਕੀਆਂ ਸੜਕਾਂ ਅਤੇ ਪੁਲੀਆਂ ਆਦਿ ਕੰਮ ਜੰਗੀ ਪੱਧਰ ’ਤੇ ਕੀਤੇ ਜਾਣਗੇ।

Share News / Article

Yes Punjab - TOP STORIES