ਹੈਰੋਇਨ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਵਪਾਰੀ ਗੁਰਪਿੰਦਰ ਦੀ ਮੌਤ ਵੱਡੀ ਸਾਜ਼ਿਸ਼ ਦਾ ਹਿੱਸਾ:ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 22 ਜੁਲਾਈ 2019:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ 2700 ਕਰੋੜ ਦੇ ਹੈਰੋਇਨ ਤਸਕਰੀ ਕੇਸ ‘ਚ ਗ੍ਰਿਫ਼ਤਾਰ ਲੂਣ ਦੇ ਵਪਾਰੀ ਗੁਰਪਿੰਦਰ ਸਿੰਘ ਦੀ ਸ਼ੱਕੀ ਹਾਲਤਾਂ ‘ਚ ਹੋਈ ਹਿਰਾਸਤੀ ਮੌਤ ਨੂੰ ਵੱਡੀ ਸਾਜ਼ਿਸ਼ ਕਰਾਰ ਦਿੱਤਾ ਹੈ।

ਮੰਗ ਕੀਤੀ ਹੈ ਕਿ ਇਸ ਪੂਰੇ ਘਟਨਾਕ੍ਰਮ ਦੀ ਸਮਾਂਬੱਧ ਜਾਂਚ ਮਾਨਯੋਗ ਹਾਈਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਥੱਲੇ ਨਸ਼ਾ ਤਸਕਰੀ ਲਈ ਗਠਿਤ ਐਸਟੀਐਫ ਦੇ ਮੁੱਖ ਹਰਪ੍ਰੀਤ ਸਿੰਘ ਸਿੱਧੂ ਕੋਲੋਂ ਕਰਵਾਈ ਜਾਵੇ।

ਚੰਡੀਗੜ੍ਹ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 29 ਸਾਲਾ ਗੁਰਪਿੰਦਰ ਦੀ ਮੌਤ ਪਿੱਛੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਜੋ ਕਾਰਨ ਦੱਸੇ ਜਾ ਰਹੇ ਹਨ ਉਹ ਕਿਸੇ ਦੇ ਵੀ ਹਜ਼ਮ ਨਹੀਂ ਹੋ ਰਹੇ। ਇੱਥੋਂ ਤੱਕ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਵਰਗੀਆਂ ਏਜੰਸੀਆਂ ਵੀ ਗੁਰਪਿੰਦਰ ਦੀ ਮੌਤ ਨੂੰ ਸਾਜ਼ਿਸ਼ ਵਜੋਂ ਦੇਖ ਰਹੀਆਂ ਹਨ।

ਚੀਮਾ ਨੇ ਕਿਹਾ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਗੁਰਪਿੰਦਰ ਦੀ ਹੱਤਿਆ ਕਰਾਉਣ ਦੇ ਸ਼ੰਕਿਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਾਕਿਸਤਾਨ ਤੋਂ ਲੰਘੀ 26 ਜੂਨ ਨੂੰ ਭਾਰਤ ਪੁੱਜੀ ਲੂਣ ਦੀ ਖੇਪ ‘ਚੋਂ 532 ਕਿੱਲੋ ਹੈਰੋਇਨ ਅਤੇ 52 ਕਿੱਲੋ ਹੋਰ ਨਸ਼ੇ ਮਿਲਣ ਉਪਰੰਤ ਇਸ ਲੂਣ ਦੇ ਵਪਾਰੀ ਗੁਰਪਿੰਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਚੀਮਾ ਮੁਤਾਬਿਕ ਨਸ਼ੇ ਦੇ ਐਨੇ ਵੱਡੇ ਜ਼ਖੀਰੇ ਪਿੱਛੇ ਇਕੱਲਾ ਗੁਰਪਿੰਦਰ ਜਾਂ ਜੰਮੂ-ਕਸ਼ਮੀਰ ਦੇ ਹੰਦਵਾੜਾ ਜ਼ਿਲ੍ਹੇ ਦਾ ਵਾਸੀ ਵਪਾਰੀ ਤਾਰਿਕ ਅਹਿਮਦ ਲੋਕ ਨਹੀਂ ਹੋ ਸਕਦੇ, ਇਸ ਪਿੱਛੇ ਉੱਚ ਪੱਧਰੀ ਪਹੁੰਚ ਰੱਖਣ ਵਾਲੀਆਂ ਹੋਰ ਵੱਡੀਆਂ ‘ਮੱਛੀਆਂ’ ਹਨ, ਜੋ ਡਰੱਗ ਮਾਫ਼ੀਆ ਚਲਾਉਂਦੀਆਂ ਹਨ।

ਹਰਪਾਲ ਸਿੰਘ ਚੀਮਾ ਅਨੁਸਾਰ ਸਬੂਤ ਮਿਟਾਉਣ ਦੀ ਕੜੀ ਤਹਿਤ ਗੁਰਪਿੰਦਰ ਸਿੰਘ ਦੀ ਸਾਜ਼ਿਸ਼ ਤਹਿਤ ਹੱਤਿਆ ਹੋਈ ਹੈ ਤਾਂ ਕਿ ਬਦਨਾਮ ਤਸਕਰ ਜਗਦੀਸ਼ ਭੋਲੇ ਵਾਂਗ ਗੁਰਪਿੰਦਰ ਵੀ ਡਰੱਗ ਮਾਫ਼ੀਆ ਚਲਾ ਰਹੇ ਸਰਗਨਿਆਂ ਦਾ ਨਾਮ ਹੀ ਨਾ ਨਸ਼ਰ ਕਰ ਦੇਵੇ, ਕਿਉਂਕਿ ਗੁਰਪਿੰਦਰ ਦੀ ਅਜੇ ਪੁੱਛਗਿੱਛ ਜਾਰੀ ਸੀ ਅਤੇ ਐਨਸੀਬੀ ਨੇ ਵੀ ਦੁਬਾਰਾ ਪੁੱਛਗਿੱਛ ਕਰਨੀ ਸੀ।

ਚੀਮਾ ਨੇ ਕਿਹਾ ਕਿ ਜੇਲ੍ਹਾਂ ‘ਚ ਸੁਪਾਰੀ ਗੈਂਗ ਸਰਗਰਮ ਹੈ ਜੋ ਸਬੂਤਾਂ ਨੂੰ ਮਿਟਾਉਣ ਦਾ ਕੰਮ ਕਰਦਾ ਹੈ। ਇਸੇ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਮੁੱਖ ਕੜੀ ਮਹਿੰਦਰ ਪਾਲ ਸਿੰਘ ਬਿੱਟੂ ਦੀ ਨਾਭਾ ਦੀ ਹਾਈ ਸਕਿਉਰਿਟੀ ਜੇਲ੍ਹ ‘ਚ ਸਾਜ਼ਿਸ਼ ਤਹਿਤ ਹੱਤਿਆ ਕਰਵਾਈ ਗਈ ਸੀ।

Share News / Article

Yes Punjab - TOP STORIES