ਹੁਸ਼ਿਆਰਪੁਰ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਨਿਵੇਕਲੀ ਪਹਿਲ, ਸੂਬੇ ਦੀ ਪਹਿਲੀ ਰੀਸਾਈਕਲਿੰਗ ਵੈਂਡਿੰਗ ਮਸ਼ੀਨ ਸਥਾਪਿਤ

ਹੁਸ਼ਿਆਰਪੁਰ, 19 ਜਨਵਰੀ, 2020:
‘ਮਿਸ਼ਨ ਤੰਦਰੁਸਤ ਪੰਜਾਬ’ ਅਤੇ ‘ਸਵੱਛ ਭਾਰਤ ਮੁਹਿੰਮ’ ਤਹਿਤ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਰਿਲਾਇੰਸ ਦੇ ਸਹਿਯੋਗ ਨਾਲ ਸੂਬੇ ਦੀ ਪਹਿਲੀ ਰੀਸਾਈਕਲਿੰਗ ਵੈਂਡਿੰਗ ਮਸ਼ੀਨ ਐਮੀਨੈਟ ਮਾਲ, ਸੁਤੈਹਰੀ ਰੋਡ ਹੁਸ਼ਿਆਰਪੁਰ ਵਿਖੇ ਸਥਾਪਿਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਵਲੋਂ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸਨਰ ਸ਼੍ਰੀਮਤੀ ਈਸ਼ਾ ਕਾਲੀਆ ਅਤੇ ਰਿਲਾਇੰਸ ਇੰਡਸਟਰੀ ਚੌਹਾਲ ਦੇ ਸਾਈਟ ਹੈਡ ਸ਼੍ਰੀ ਟੀ.ਕਰੁਣਾਨਿਧੀ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਮਸ਼ੀਨ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸੀ.ਐਸ.ਆਰ ਪ੍ਰੋਜੈਕਟ ਅਧੀਨ ਰਿਲਾਇੰਸ ਇੰਡਸਟਰੀ ਦੇ ਸਹਿਯੋਗ ਨਾਲ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਮਸ਼ੀਨ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਸਾਫ-ਸੁਥਰਾ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇਗਾ, ਉਥੇ ਪਲਾਸਟਿਕ ਦੀ ਬੋਤਲ ਤੋਂ ਨਿਜ਼ਾਤ ਵੀ ਮਿਲੇਗੀ।

ਉਨ੍ਹਾਂ ਕਿਹਾ ਕਿ ਡਿਸਕਾਊਂਟ ਕੂਪਨ ਦੇਣ ਵਰਗਾ ਉਪਰਾਲਾ ਇਸ ਮਸ਼ੀਨ ਦੀ ਵਿਲੱਖਣਤਾ ਹੈ, ਤਾਂ ਜੋ ਆਮ ਜਨਤਾ ਅੰਦਰ ਪਲਾਸਟਿਕ ਦੀ ਖਾਲੀ ਬੋਤਲ ਦੇ ਨਿਬੇੜੇ ਲਈ ਰੁਚੀ ਪੈਦਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜਲਦ ਹੀ ਸ਼ਹਿਰ ਵਿੱਚ ਅਜਿਹੀਆਂ ਤਿੰਨ ਹੋਰ ਮਸ਼ੀਨਾਂ ਲਗਾਈਆਂ ਜਾਣਗੀਆਂ।

ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਨੂੰ ਸਾਫ-ਸੁਥਰਾ ਬਣਾਉਣ ਲਈ ਆਮ ਜਨਤਾ ਨੂੰ ਵੀ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਇਕਜੁੱਟਤਾ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਂਝੇ ਉਦਮ ਨਾਲ ਹੀ ਵਾਤਾਵਰਣ ਨੂੰ ਤੰਦਰੁਸਤ ਅਤੇ ਸਿਹਤਮੰਦ ਬਣਾਇਆ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਸ਼ਹਿਰ ਵਾਸੀ ਇਸ ਡਿਜ਼ੀਟਲ ਮਸ਼ੀਨ ਵਿੱਚ ਖਾਲੀ ਪਲਾਸਟਿਕ ਦੀਆਂ ਬੋਤਲਾਂ ਅਤੇ ਐਲੂਮਿਨੀਅਮ ਦੇ ਕੈਨ ਪਾ ਕੇ ਮੌਕੇ ‘ਤੇ ਹੀ ਸ਼ਹਿਰ ਦੇ ਪ੍ਰਮੁੱਖ ਰੈਸਟੋਰੈਂਟ, ਹੋਟਲ, ਸਿਨੇਮਾ ਹਾਲ ਅਤੇ ਸ਼ਾਪਿੰਗ ਮਾਲ ਦੇ ਡਿਸਕਾਊਂਟ ਕੂਪਨ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਟੱਚ ਸਕਰੀਨ ਮਸ਼ੀਨ ‘ਤੇ 2 ਭਾਸ਼ਾਵਾਂ ਦੀ ਚੋਣ ਉਪਲਬੱਧ ਹੈ ਅਤੇ ਕਿਸੇ ਵੀ ਵਿਅਕਤੀ ਵਲੋਂ ਇਸ ਮਸ਼ੀਨ ਵਿੱਚ ਖਾਲੀ ਪਲਾਸਟਿਕ ਦੀ ਬੋਤਲ ਪਾਉਣ ਦੌਰਾਨ ਆਪਣਾ ਮੋਬਾਇਲ ਨੰਬਰ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੋਤਲ ਕ੍ਰਸ਼ ਹੋਣ ਸਾਰ ਹੀ ਜਿੱਥੇ ਡਿਸਕਾਊਂਟ ਪਰਚੀ ਬਾਹਰ ਨਿਕਲ ਆਵੇਗੀ, ਉਥੇ ਦਰਜ ਕੀਤੇ ਮੋਬਾਇਲ ‘ਤੇ ਵੀ ਮੈਸੇਜ਼ ਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਮਸ਼ੀਨ ਪ੍ਰਤੀ ਘੰਟੇ ਦੇ ਹਿਸਾਬ ਨਾਲ 60 ਬੋਤਲਾਂ ਕ੍ਰਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਦਾ ਮੁੱਖ ਉਦੇਸ਼ ਜ਼ਿਲ੍ਹਾ ਵਾਸੀਆਂ ਨੂੰ ਸਾਫ-ਸੁਥਰਾ ਅਤੇ ਸਿਹਤਮੰਦ ਮਾਹੌਲ ਦੇਣਾ ਹੈ ਅਤੇ ਇਹ ਮਸ਼ੀਨ ਅਜਿਹਾ ਵਾਤਾਵਰਣ ਸਿਰਜਣ ਲਈ ਕਾਫੀ ਕਾਰਗਰ ਸਾਬਤ ਹੋਵੇਗੀ।

ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ, ਸ੍ਰੀ ਯੋਗੇਸ਼ ਜਲੋਟਾ, ਸ਼੍ਰੀ ਜਤਿੰਦਰ, ਸ਼੍ਰੀ ਰਾਜੇਸ਼ ਅਰੋੜਾ,, ਸ਼੍ਰੀ ਜੇ.ਪੀ.ਐਨ ਪਾਂਡੇ, ਸ੍ਰੀ ਰੋਹਿਤ ਤੁਲੀ, ਸ਼੍ਰੀ ਭੁਪਿੰਦਰ ਸਿੰਘ, ਕੌਂਸਲਰ ਸ਼੍ਰੀ ਸੁਰਿੰਦਰ ਪਾਲ ਸਿੱਧੂ, ਸ਼੍ਰੀ ਸ਼ਾਦੀ ਲਾਲ, ਐਡਵੋਕੇਟ ਸੰਦੀਪ ਰਾਜਪੂਤ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

Share News / Article

YP Headlines

Loading...