ਹੁਸ਼ਿਆਰਪੁਰ ਦੀ ਡੀ.ਸੀ. ਈਸ਼ਾ ਕਾਲੀਆ ਨੇ ਰਾਸ਼ਟਰੀ ਖ਼ੇਡ ਦਿਵਸ ’ਤੇ ਤੈਰਾਕਾਂ ਨੂੰ ਸਮਰਪਿਤ ਕੀਤਾ ਨਵੀਂ ਦਿੱਖ ਵਾਲਾ ਸਵਿਮਿੰਗ ਪੂਲ

ਹੁਸ਼ਿਆਰਪੁਰ, 29 ਅਗਸਤ, 2019 –
ਉਘੇ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਪੂਰੇ ਦੇਸ਼ ਵਿਚ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਮਹੱਤਵਪੂਰਨ ਦਿਹਾੜੇ ’ਤੇ ਅੱਜ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਸਰਵਿਸ ਕਲੱਬ ਵਿਖੇ ਨਵੀਂ ਦਿੱਖ ਵਾਲਾ ਸਵੀਮਿੰਗ ਪੂਲ ਤੈਰਾਕਾਂ ਨੂੰ ਸਪਰਪਿਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਰਵਿਸ ਕਲੱਬ ਵਿਖੇ ਹੀ ਬਣੇ ਜਿੰਮ ਵਿਚ ‘ਸਟਰੀਮ ਬਾਥ’ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਿ੍ਰਤ ਸਿੰਘ, ਐਸ.ਡੀ.ਐਮ. ਸ਼੍ਰੀ ਅਮਿਤ ਸਰੀਨ, ਸਹਾਇਕ ਕਮਿਸ਼ਨਰ (ਜ) ਸ਼੍ਰੀ ਅਮਿਤ ਮਹਾਜਨ, ਤੈਰਾਕੀ ਕੋਚ ਸ੍ਰੀ ਨਿਤਿਸ਼ ਠਾਕੁਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ। ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵਲੋਂ ਕਰਵਾਈ ਗਈ ਜਾਗਰੂਕਤਾ ਤੇ ਉਤਸ਼ਾਹ ਵਧਾਉਣ ਵਾਲੀ ਖੂਬਸੂਰਤ ਪੇਟਿੰਗਜ਼ ਅਤੇ ਹੋਰ ਸਜਾਵਟ ਨੰਨ੍ਹੇ ਤੈਰਾਕਾਂ ਲਈ ਖਿੱਚ ਦਾ ਕੇਂਦਰ ਬਣ ਗਈ ਹੈ।

ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਦੇਸ਼ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਅੱਜ ਪੂਰਾ ਰਾਸ਼ਟਰ ਰਾਸ਼ਟਰੀ ਖੇਡ ਦਿਵਸ ਦੇ ਤੌਰ ’ਤੇ ਮਨ੍ਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਖਿਡਾਰੀ ਨੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦਾ ਨਾਂਅ ਰੌਸ਼ਨਾਇਆ ਹੈ।

ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੇ ਦੇਸ਼ ਦਾ ਨਾਂਅ ਪੂਰੀ ਦੂਨੀਆਂ ਵਿਚ ਚਮਕਾਇਆ, ਉਸੇ ਤਰ੍ਹਾਂ ਸਵੀਵਿੰਗ ਪੂਲ ਵਿਚ ਤੈਰਾਕੀ ਸਿੱਖਣ ਵਾਲੇ ਤੈਰਾਕ ਵੀ ਪੂਰੀ ਮਿਹਨਤ ਨਾਲ ਅੱਗੇ ਵਧਣ। ਉਨ੍ਹਾਂ ਕਿਹਾ ਕਿ ਇਹ ਸਵੀਮਿੰਗ ਪੂਲ ਜਿਥੇ ਤੈਰਾਕੀ ਦੀ ਨਰਸਰੀ ਸਾਬਤ ਹੋ ਰਿਹਾ ਹੈ, ਉਥੇ ਪੰਜਾਬ ਸਰਕਾਰ ਦੀ ‘ਮਿਸ਼ਨ ਤੰਦਰੁਸਤ ਪੰਜਾਬ’ ਮੁਹਿੰਮ ਨੂੰ ਹੋਰ ਪੱਬਾਂ ਭਾਰ ਕਰਨ ਲਈ ਮੋਹਰੀ ਰੋਲ ਅਦਾ ਕਰ ਰਿਹਾ ਹੈ।

ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਇਸ ਸਵੀਮਿੰਗ ਪੂਲ ਵਿੱਚ ਜੋ ਬੱਚੇ ਤੈਰਾਕੀ ਸਿੱਖਣ ਲਈ ਆਉਂਦੇ ਹਨ, ਉਨ੍ਹਾਂ ਵਿੱਚੋਂ ਵਧੀਆ ਤੈਰਾਕਾਂ ਨੂੰ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵਲੋਂ ਟੀਮ ਵਿੱਚ ਸ਼ਾਮਿਲ ਕਰਕੇ ਵੱਖਰੇ ਤੌਰ ’ਤੇ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਖਿਡਾਰੀਆਂ ਨੂੰ ਮੌਕੇ ਪ੍ਰਦਾਨ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਥਾਪਿਤ ਇਨਡੋਰ ਅਤੇ ਆਊਟਡੋਰ ਸਟੇਡੀਅਮਾਂ ਵਿੱਚ ਵੀ ਜ਼ਿਲ੍ਹੇ ਦੇ ਖੇਡ ਵਿਭਾਗ ਵਲੋਂ ਵੱਖ-ਵੱਖ ਖੇਡਾਂ ਤਹਿਤ ਖਿਡਾਰੀਆਂ ਨੂੰ ਉਚ ਮੁਕਾਮ ਛੂਹਣ ਦੇ ਕਾਬਲ ਬਣਾਇਆ ਜਾ ਰਿਹਾ ਹੈ।

ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਜਿਹੜੇ ਬੱਚਿਆਂ ਨੇ ਤੈਰਾਕੀ ਸਿੱਖ ਕੇ ਇਸ ਖੇਤਰ ਵਿੱਚ ਨਾਮਣਾ ਖੱਟਣ ਦੀ ਠਾਣ ਲਈ ਸੀ, ਉਨ੍ਹਾਂ ਬੱਚਿਆਂ ਨੂੰ ਤੈਰਾਕੀ ਕੋਚ ਨੇ ਹੋਰ ਨਿਖਾਰ ਕੇ ਸਟੇਟ ਲੈਵਲ ਮੁਕਾਬਲਿਆਂ ਵਿੱਚ ਜ਼ਿਲ੍ਹੇ ਲਈ 72 ਗੋਲਡ ਸਮੇਤ 162 ਰਾਜ ਪੱਧਰੀ ਮੈਡਲ ਦਿਵਾਏ ਹਨ ਅਤੇ ਇਹ ਬੱਚੇ ਹੁਣ ਉਚ ਕੋਟੀ ਦੇ ਖਿਡਾਰੀ ਬਣ ਗਏ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੇ 2015 ਵਿੱਚ 19 ਗੋਲਡ, 12 ਸਿਲਵਰ, 6 ਕਾਂਸੇ ਦੇ ਮੈਡਲ ਪ੍ਰਾਪਤ ਕੀਤੇ ਗਏ ਹਨ, 2016 ਵਿੱਚ 18 ਗੋਲਡ, 16 ਸਿਲਵਰ, 5 ਕਾਂਸੇ, 2017 ਵਿੱਚ 21 ਗੋਲਡ, 13 ਸਿਲਵਰ, 8 ਕਾਂਸੇ, 2018 ਵਿਚ 14 ਗੋਲਡ, 15 ਸਿਲਵਰ ਅਤੇ 15 ਕਾਂਸੇ ਦੇ ਮੈਡਲ ਜਿੱਤੇ ਹਨ। ਉਨ੍ਹਾਂ ਕਿਹਾ ਕਿ ਅੰਡਰ-14 ਸਬ-ਜੂਨੀਅਰ, ਅੰਡਰ-17 ਜੂਨੀਅਰ, ਓਪਨ ਸਟੇਟ ਕੈਟਾਗਰੀ ਅਤੇ ਸਕੂਲਜ਼ ਸਟੇਟ ਅੰਡਰ-14, 17 ਅਤੇ ਅੰਡਰ-19 ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਉਕਤ ਬੱਚਿਆਂ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਕੋਈ ਵੀ ਬੱਚਾ ਜੋ ਤੈਰਾਕੀ ਸਿੱਖਣ ਦਾ ਚਾਹਵਾਨ ਹੈ, ਉਹ ਇਹ ਸਹੂਲਤ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

Share News / Article

Yes Punjab - TOP STORIES