ਹੁਣ ਜ਼ੋਮੈਟੋ ਦੀਆਂ ਸੇਵਾਵਾਂ ਉਪਲਬਧ, ਕਰਫ਼ਿਊ ਦੌਰਾਨ ਡਾਕਘਰ ਅਤੇ ਕੋਰੀਅਰ ਸੇਵਾਵਾਂ ਨੂੰ ਕੰਮ ਕਰਨ ਦੀ ਛੋਟ

ਹੁਸ਼ਿਆਰਪੁਰ, 31 ਮਾਰਚ, 2020 –
ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਜਮੈਟੋ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਘਰ ਬੈਠੇ ਹੀ ਆਨਲਾਈਨ ਮੋਬਾਇਲ ’ਤੇ ਬੁਕਿੰਗ ਰਾਹੀਂ ਜ਼ਰੂਰੀ ਵਸਤਾਂ ਮੰਗਵਾਈਆਂ ਜਾ ਸਕਦੀਆਂ ਹਨ। ਜਮੈਟੋ ਦੀਆਂ ਸੇਵਾਵਾਂ ਲਈ ਮੋਬਾਇਲ ਐਪ ਡਾਊਨਲੋਡ ਕਰਕੇ ਜ਼ਰੂਰੀ ਵਸਤਾਂ ਮੰਗਵਾਈਆਂ ਜਾ ਸਕਦੀਆਂ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੀਤੀ ਗਈ ਇਸ ਪਹਿਲ ਨਾਲ ਸ਼ਹਿਰ ਵਾਸੀਆਂ ਨੂੰ ਕਾਫ਼ੀ ਰਾਹਤ ਮਿਲੇਗੀ।

ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਜਿਥੇ ਹੋਮ ਡਿਲੀਵਰੀ ਰਾਹੀਂ ਕਰਿਆਨੇ ਦੀਆਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਰੇਹੜੀਆਂ ਰਾਹੀਂ ਰੋਜ਼ਾਨਾ ਘਰ-ਘਰ ਸਬਜ਼ੀਆਂ ਅਤੇ ਫ਼ਲ ਵੀ ਮੁਹੱਈਆ ਕਰਵਾਏ ਜਾ ਰਹੇ ਹਨ।

ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਵਲੋਂ ਜ਼ਿਲ੍ਹੇ ਵਿੱਚ ਸੁਚਾਰੂ ਢੰਗ ਨਾਲ ਦੁੱਧ ਦੀ ਸਪਲਾਈ ਵੀ ਯਕੀਨੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਹੋਮ ਡਿਲੀਵਰੀ ਲਈ ਜਮੈਟੋ ਵਲੋਂ ਵੀ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਮੈਟੋ ਦਾ 250 ਸਟਾਫ਼ ਕਰਿਆਨੇ ਦੀਆਂ ਜ਼ਰੂਰੀ ਵਸਤਾਂ ਦੀ ਹੋਮ ਡਿਲੀਵਰੀ ਕਰੇਗਾ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ 14 ਅਪ੍ਰੈਲ ਤੱਕ ਲਗਾਏ ਗਏ ਕਰਫਿਊ ਦੌਰਾਨ ਡਾਕਘਰ ਅਤੇ ਕੋਰੀਅਰ ਸੇਵਾਵਾਂ ਨੂੰ ਕੰਮ ਕਰਨ ਦੀ ਛੋਟ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਡਾਕਘਰ ਦੇ ਕਰਮਚਾਰੀਆਂ ਨੂੰ ਕੋਈ ਵੱਖਰਾ ਕਰਫਿਊ ਪਾਸ ਲੈਣ ਦੀ ਲੋੜ ਨਹੀਂ ਹੈ, ਬਲਕਿ ਕਰਮਚਾਰੀਆਂ ਦਾ ਦਫ਼ਤਰੀ ਆਈ ਕਾਰਡ ਹੀ ਵੈਲਿਡ ਹੋਵੇਗਾ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਅਤੇ ਆਮ ਜਨਤਾ ਦੀ ਸੁਰੱਖਿਆ ਲਈ ਕਰਫਿਊ ਲਗਾਇਆ ਗਿਆ ਹੈ, ਇਸ ਲਈ ਇਸ ਦੀ ਪਾਲਣਾ ਕੀਤੀ ਜਾਵੇ।

ਉਧਰ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੇ ਨਿਰਦੇਸ਼ਾਂ ’ਤੇ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਵਲੋਂ ਲਗਾਤਾਰ ਫਲੈਗ ਮਾਰਚ ਕੀਤਾ ਜਾ ਰਿਹਾ ਹੈ, ਤਾਂ ਜੋ ਜਿਥੇ ਕਰਫਿਊ ਦੇ ਆਦੇਸ਼ਾਂ ਨੂੰ ਇੰਨ-ਬਿੰਨ ਲਾਗੂ ਕਰਵਾਇਆ ਜਾ ਸਕੇ, ਉਥੇ ਜਾਗਰੂਕਤਾ ਵੈਨਾਂ ਰਾਹੀਂ ਇਲਾਕਾ ਵਾਸੀਆਂ ਨੂੰ ਜਾਗਰੂਕ ਵੀ ਕੀਤਾ ਜਾ ਸਕੇ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES