ਯੈੱਸ ਪੰਜਾਬ
ਚੰਡੀਗੜ੍ਹ, 29 ਦਸੰਬਰ, 2021:
ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਅੱਜ ਸਰਕਾਰ ਦੇ ਰੋਡਵੇਜ਼ ਵਿਭਾਗ ਵੱਲੋਂ ਖ਼ਰੀਦੀਆਂ 58 ਬੱਸਾਂ ਨੂੰ ਮੁੱਖ ਮੰਤਰੀ ਨਿਵਾਸ ਦੇ ਬਾਹਰ ਝੰਡੀ ਦਿਖ਼ਾ ਕੇ ਰਵਾਨਾ ਕਰਨ ਦੀ ਰਸਮ ਅਦਾ ਕਰਦਿਆਂ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਇਕ ਯਾਦਗਾਰੀ ਗ਼ੀਤ ਦੇ ਬੋਲਾਂ ਨੂੰ ਬਦਲ ਦਿੱਤਾ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੇਰੇ ਵਿਰੋਧੀ ਮੇਰਾ ਇਸ ਕਰਕੇ ਮਖੌਲ ਉਡਾਉਂਦੇ ਨੇ ਕਿ ਮੈਂ ਆਹ ਕਰ ਲੈਂਦਾ ਹਾਂ, ਮੈਂ ਉਹ ਕਰ ਲੈਂਦਾ ਹਾਂ, ਅੱਜ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਬੱਸ ਵੀ ਚਲਾ ਲੈਂਦਾ ਹਾਂ।
ਇਸ ਮਗਰੋਂ ਮੁੱਖ ਮੰਤਰੀ ਨੇ ਪਹਿਲਾਂ ਬੱਸਾਂ ਦੇ ਕਾਫ਼ਿਲੇ ਨੂੰ ਝੰਡੀ ਵਿਖ਼ਾਈ ਜਿਸ ਮਗਰੋਂ ਉਹ ਡਰਾਈਵਰ ਸੀਟ ’ਤੇ ਸਵਾਰ ਹੋ ਗਏ ਅਤੇ ਉਨ੍ਹਾਂ ਨੇ ਬੱਸ ਚਲਾਈ। ਮੁੱਖ ਮੰਤਰੀ ਵੱਲੋਂ ਕੀਤੀ ਇਸ ਰਸਮੀ ਸ਼ੁਰੂਆਤ ’ਤੋਂ ਬਾਅਦ ਡਰਾਈਵਰ ਸੀਟ ਟਰਾਂਸਪੋਰਟ ਮੰਤਰੀ ਸ੍ਰੀ ਰਾਜਾ ਵੜਿੰਗ ਨੇ ਸੰਭਾਲ ਲਈ ਅਤੇ ਚੰਡੀਗੜ੍ਹ ਦੀਆਂ ਸੜਕਾਂ ’ਤੇ ਬੱਸ ਚਲਾਈ।
ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸਰਦੂਲ ਸਿਕੰਦਰ ਦੇ ਪੁਰਾਣੇ ਗ਼ੀਤ ‘ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਬੂਹਾ ਨਾ ਕੋਈ ਬਾਰੀ’ ਦੇ ਬੋਲ ਬਦਲਦੇ ਹੋਏ ਕਿਹਾ ਕਿ ‘ਆ ਗਈ ਰੋਡਵੇਜ਼ ਦੀ ਲਾਰੀ, ਸੋਹਣਾ ਬੂਹਾ, ਸੋਹਣੀ ਬਾਰੀ, ਇਹਦੀ ਲੰਮੇ ਰੂਟ ਦੀ ਤਿਆਰੀ, ਸੋਹਣੀ ਸੜਕ ’ਤੇ ਪੈਣੀ ਆ’।
ਜ਼ਿਕਰਯੋਗ ਹੈ ਕਿ ਅੱਜ ਪੰਜਾਬ ਸਰਕਾਰ ਦੇ ਬੇੜੇ ਵਿੱਚ ਸ਼ਾਮਲ ਕੀਤੀਆਂ ਗਈਆਂ 58 ਨਵੀਂਆਂ ਬੱਸਾਂ ਵਿੱਚੋਂ 28 ਪੀ.ਆਰ.ਟੀ.ਸੀ. ਦੀਆਂ ਅਤੇ 30 ਪੰਜਾਬ ਰੋਡਵੇਜ਼ ਦੀਆਂ ਹਨ।
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਟਰਾਂਸਪੋਰਟ ਮੰਤਰੀ ਤੋਂ ਇਲਾਵਾ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਅਤੇ ਸ: ਬਰਿੰਦਰਮੀਤ ਸਿੰਘ ਪਾਹੜਾ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ