ਚੰਡੀਗੜ੍ਹ, 30 ਜੂਨ:
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਲਾਟਰੀ ਬੰਪਰਾਂ ਨੇ ਸਿਰਫ ਪੰਜਾਬ ਵਾਸੀਆਂ ਦੀ ਹੀ ਕਿਸਮਤ ਨਹੀਂ ਚਮਕਾਈ ਬਲਕਿ ਇਸ ਰਾਹੀਂ ਇਕ ਹਿਮਾਚਲ ਪ੍ਰਦੇਸ਼ ਦਾ ਵਸਨੀਕ ਵੀ ਕਰੋੜਪਤੀ ਬਣ ਗਿਆ ਹੈ। ਪਿਛਲੇ ਦਸ ਸਾਲ ਤੋਂ ਲਗਾਤਾਰ ਲਾਟਰੀ ਦੀ ਟਿਕਟ ਖਰੀਦ ਰਹੇ ਓਮ ਪ੍ਰਕਾਸ਼ ਠਾਕੁਰ ਦਾ ਆਖਰ ਹੋਲੀ ਬੰਪਰ-2019 ਨਿਕਲ ਆਇਆ ਅਤੇ ਅੱਜ ਉਹ 3 ਕਰੋੜ ਰੁਪਏ ਦਾ ਮਾਲਿਕ ਹੈ। ਓਮ ਪ੍ਰਕਾਸ਼ ਹਿਮਾਚਲ ਪ੍ਰਦੇਸ਼ ਰਾਜ ਕੋਆਪਰੇਟਿਵ ਬੈਂਕ, ਦਲਾਨ (ਜ਼ਿਲ੍ਹਾ ਸ਼ਿਮਲਾ) ਦਾ ਮੈਨੇਜਰ ਹੈ।
ਓਮ ਪ੍ਰਕਾਸ਼ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਉਹ ਡਾਕ ਰਾਹੀਂ ਲਾਟਰੀ ਟਿਕਟ ਮੰਗਵਾ ਰਿਹਾ ਸੀ ਅਤੇ ਆਖਰ ਹੋਲੀ ਬੰਪਰ-2019 ਦਾ ਪਹਿਲਾ 3 ਕਰੋੜ ਰੁਪਏ ਦਾ ਉਸ ਦਾ ਇਨਾਮ ਨਿਕਲ ਆਇਆ। ਉਨ੍ਹਾਂ ਕਿਹਾ ਕਿ ਉਸਨੇ ਸਾਵਨ ਬੰਪਰ-2019 ਦੀ ਟਿਕਟ ਵੀ ਖਰੀਦੀ ਹੈ ਜਿਸ ਦਾ ਡਰਾਅ 8 ਜੁਲਾਈ, 2019 ਨੂੰ ਨਿਕਲਣਾ ਹੈ।
ਮੂਲ ਰੂਪ ਵਿਚ ਓਮ ਪ੍ਰਕਾਸ਼ ਜ਼ਿਲ੍ਹਾ ਹਮੀਰਪੁਰ ਦੇ ਪਿੰਡ ਮਾਲੀਅਨ ਦਾ ਰਹਿਣ ਵਾਲਾ ਹੈ। ਕੁਦਰਤ ਨਾਲ ਪਿਆਰ ਕਰਨ ਵਾਲੇ ਓਮ ਪ੍ਰਕਾਸ਼ ਨੇ ਦੱਸਿਆ ਕਿ ਏਨੀ ਵੱਡੀ ਰਕਮ ਮਿਲਣ ਤੋਂ ਬਾਅਦ ਹਾਲਾਂਕਿ ਉਸ ਨੇ ਭਵਿੱਖ ਦੇ ਕੋਈ ਬਹੁਤ ਵੱਡੇ ਪਲਾਨ ਨਹੀਂ ਬਣਾਏ ਪਰ ਉਹ ਆਪਣੇ ਜੱਦੀ ਪਿੰਡ ਮਾਲੀਅਨ ਵਿਚਲੇ ਸੇਬ ਦੇ ਬਾਗਾਂ ਨੂੰ ਹੋਰ ਫੈਲਾਉਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਸਦੀ ਬਾਗਬਾਨੀ ਵਿਚ ਕਾਫੀ ਜ਼ਿਆਦਾ ਰੁਚੀ ਹੈ ਅਤੇ ਜਿੱਤੀ ਗਈ ਰਕਮ ਨਾਲ ਉਹ ਬਾਗਬਾਨੀ ਦੇ ਖੇਤਰ ਵਿਚ ਨਵੇਂ ਤਜ਼ਰਬੇ ਕਰਨਾ ਚਾਹੇਗਾ।
ਪੰਜਾਬ ਦੇ ਲਾਟਰੀ ਵਿਭਾਗ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਦੋਸਤਾਨਾ ਰਵੱਈਏ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਲਾਟਰੀ ਵਿਭਾਗ ਦੀ ਪਹਿਲਕਦਮੀ ਅਤੇ ਸਕਾਰਾਤਮਕ ਰਵੱਈਏ ਸਦਕਾ ਇਨਾਮ ਦੀ ਰਕਮ ਉਨ੍ਹਾਂ ਨੂੰ ਜਲਦ ਹੀ ਮਿਲ ਗਈ ਸੀ।
ਬੌਕਸ ਨਿਊਜ਼:
ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਹੋਲੀ ਬੰਪਰ-2019 ਦਾ ਦੂਜਾ ਇਨਾਮ 1 ਕਰੋੜ ਰੁਪਏ ਵੀ ਕਿਸੇ ਪੰਜਾਬ ਵਾਸੀ ਨੂੰ ਨਹੀਂ ਬਲਕਿ ਮਹਾਰਾਸ਼ਟਰ ਦੇ ਵੈਸਾਲੀ ਧਨਜੇ ਗੋਸਾਵੀ ਨੂੰ ਨਿਕਲਿਆ ਹੈ। ਵੈਸਾਲੀ ਨਾਸਿਕ ਸ਼ਹਿਰ ਦਾ ਰਹਿਣ ਵਾਲਾ ਹੈ। ਪੂਰੇ ਦੇਸ਼ ਵਿਚ ਪੰਜਾਬ ਸੂਬੇ ਦੀ ਲਾਟਰੀ ਹੀ ਇਕੋ-ਇਕ ਅਜਿਹੀ ਲਾਟਰੀ ਹੈ ਜੋ ਆਪਣੇ ਵੱਡੇ ਇਨਾਮ ਵਿਕੀਆ ਹੋਈਆਂ ਟਿਕਟਾਂ ਵਿਚੋਂ ਹੀ ਕੱਢਣ ਦੀ ਗਾਰੰਟੀ ਦਿੰਦੀ ਹੈ ਅਤੇ ਇਹ ਦੋਵੇਂ ਜੇਤੂ (ਹਿਮਾਚਲ ਪ੍ਰਦੇਸ਼ ਵਾਲੀ ਅਤੇ ਮਹਾਰਾਸ਼ਟਰ ਵਾਸੀ) ਇਸ ਦੀ ਮਿਸਾਲ ਹਨ। ਪੰਜਾਬ ਸਰਕਾਰ ਦੀ ਲਾਟਰੀ ਦੀ ਪੂਰੇ ਦੇਸ਼ ਵਿਚ ਬਣੀ ਚੰਗੀ ਸਾਖ ਦਾ ਹੀ ਨਤੀਜਾ ਹੈ ਕਿ ਸਿਰਫ ਪੰਜਾਬ ਵਾਸੀ ਹੀ ਨਹੀਂ ਬਲਕਿ ਬਾਹਰਲੇ ਰਾਜਾਂ ਦੇ ਲੋਕ ਵੀ ਇਸ ਨੂੰ ਖਰੀਦਣ ਵਿਚ ਦਿਲਚਸਪੀ ਵਿਖਾਉਂਦੇ ਹਨ।