ਹਰਿਦੁਆਰ ਵਿਖੇ ਗੁਰੂ ਰਵਿਦਾਸ ਦੇ ਸਰੂਪ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਰਾਵਾਈ ਹੋਵੇ: ਸੰਤ ਸਮਾਜ

ਚੰਡੀਗੜ੍ਹ, 28 ਮਈ, 2020 –

ਹਰਿਦੁਆਰ ਸਥਿਤ ਹਰਿ ਕੀ ਪਉੜੀ ਵਿਖੇ ਸਤਿਗੁਰੂ ਰਵਿਦਾਸ ਘਾਟ ‘ਤੇ ਸੁਸ਼ੋਭਿਤ ਸਤਿਗੁਰੂ ਰਵਿਦਾਸ ਮਹਾਰਾਜ ਅਤੇ ਮੀਰਾਂ ਬਾਈ ਜੀ ਦੇ ਸਰੂਪਾਂ ਦੀ ਹੋਈ ਬੇਅਦਬੀ ਨੂੰ ਲੈ ਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਨੇ ਸਖ਼ਤ ਨਿਖੇਧੀ ਕਰਦਿਆਂ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਦੇ ਕੌਮੀ ਪ੍ਰਧਾਨ ਸੰਤ ਸਰਵਣ ਦਾਸ, ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਇੰਚਾਰਜ ਸੰਤ ਜਗਵਿੰਦਰ ਲਾਂਬਾ, ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਨਰੰਜਣ ਦਾਸ, ਸੰਤ ਕਰਮ ਚੰਦ ਬੀਣੇਵਾਲ, ਸੰਤ ਰਾਮ ਰਤਨ, ਸੰਤ ਜਗੀਰ ਸਿੰਘ ਸਰਬੱਤ ਭਲਾ ਚੈਰੀਟੇਬਲ ਸੁਸਾਇਟੀ ਰਜਿ. ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪਾਂ ਨਾਲ ਬੇਅਬਦੀ ਲਗਾਤਾਰ ਵੱਧਦੀ ਜਾ ਰਹੀ ਹੈ।

ਜਿਸ ਨਾਲ ਸਮੂਹ ਸੰਤ ਸਮਾਜ, ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ, ਸਮੂਹ ਡਾ. ਬੀ.ਆਰ. ਅੰਬੇਡਕਰ ਸਭਾਵਾਂ ਅਤੇ ਭਗਵਾਨ ਵਾਲਮੀਕਿ ਸਭਾਵਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸੋਚੀ ਸਮਝੀ ਸਾਜਿਸ਼ ਤਹਿਤ ਹੋ ਰਿਹਾ ਹੈ।

ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਮੀਰਾਂ ਬਾਈ ਜੀ ਦੇ ਸਤਿਗੁਰੂ ਰਵਿਦਾਸ ਘਾਟ ਵਿਖੇ ਸੁਸ਼ੋਭਿਤ ਸਰੂਪਾਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਨਹਿਰ ਵਿਚ ਸੁੱਟਾ ਦਿੱਤਾ ਗਿਆ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਨਾਲ ਵਿਸ਼ਵ ਭਰ ਦੀਆਂ ਸੰਗਤਾਂ ਦੇ ਹਿਰਦੇ ਵਲੂੰਦਰੇ ਗਏ ਹਨ।

ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਨੋਇਡਾ ਯੂ.ਪੀ. ਦੀ ਇੱਕ ਕੰਪਨੀ ਵੱਲੋਂ ਤੰਬਾਕੂ ਦੇ ਡੱਬੇ ਉੱਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਛਾਪੀ ਗਈ ਹੈ ਜਿਸ ਨੂੰ ਲੈ ਕੇ ਸੰਤ ਸਮਾਜ ਪਹਿਲਾਂ ਹੀ ਸੜਕਾਂ ‘ਤੇ ਵਿਰੋਧ ਕਰ ਰਿਹਾ ਹੈ ਅਤੇ ਲਿਖਤੀ ਪੱਤਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੇ ਜਾ ਰਹੇ ਹਨ ਅਜੇ ਪਹਿਲਾ ਮਾਮਲਾ ਕਾਫੀ ਭਖਿਆ ਹੋਇਆ ਹੈ ਅਤੇ ਹੁਣ ਦੂਸਰਾ ਮਾਮਲਾ ਫਿਰ ਸਾਡੇ ਲਈ ਸਮਾਜ ਵਿਰੋਧੀ ਅਨਸਰਾਂ ਵੱਲੋਂ ਖੜਾ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਇਹ ਮਾਮਲਾ ਹੋਰ ਭੜਕੇਗਾ ਅਤੇ ਸੰਤ ਸਮਾਜ ਨੂੰ ਇਨ੍ਹਾਂ ਵਿਰੁੱਧ ਵੀ ਸੜਕਾਂ ‘ਤੇ ਆਉਣਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਸਖ਼ਤ ਤੋਂ ਸਖ਼ਤ ਕਦਮ ਚੁੱਕਦੇ ਹੋਏ ਦੋਸ਼ੀਆਂ ਖਿਲਾਫ਼ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ।

ਇਸ ਦੀ ਨਿਖੇਧੀ ਪੰਜਾਬ ਪ੍ਰਧਾਨ ਸ੍ਰੀ ਗਿਆਨ ਚੰਦ ਦੀਵਾਲੀ, ਮੁੱਖ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ, ਸ੍ਰੀ ਬਲਵੀਰ ਮਹੇ, ਸ੍ਰੀ ਬੀਰ ਚੰਦ ਸੁਰੀਲਾ, ਸ੍ਰੀ ਰਾਮ ਸਿੰਘ, ਸ੍ਰੀ ਸੰਜੀਵ ਕੁਮਾਰ ਹੀਰ ਉਪ ਪ੍ਰਧਾਨ, ਸ੍ਰੀ ਕਮਲ ਜਨਾਗਲ, ਸ੍ਰੀ ਜਗਦੀਸ਼ ਦੀਸ਼ਾ ਆਦਿ ਵੱਲੋਂ ਵੀ ਕੀਤੀ ਗਈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Yes Punjab - Top Stories