ਹਰਸਿਮਰਤ ਸੌੜੇ ਸਿਆਸੀ ਹਿਤਾਂ ਦੀ ਪੂਰਤੀ ਲਈ ਝੂਠ ਬੋਲਣ ਅਤੇ ਗੁਮਰਾਹ ਕਰਨ ਤੋਂ ਗੁਰੇਜ਼ ਕਰਨ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ, 16 ਸਤੰਬਰ, 2019:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਅਕਾਲੀ ਆਗੂ ਹਰਸਿਮਰਤ ਬਾਦਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਦਿਹਾੜੇ ’ਤੇ ਝੂਠੀ ਬਿਆਨਬਾਜ਼ੀ ਕਰਨ ਉਤੇ ਵਰਜਦਿਆਂ ਕਿਹਾ ਕਿ ਉਨਾਂ ਵੱਲੋਂ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ 550ਵਾਂ ਪ੍ਰਕਾਸ਼ ਪੁਰਬ ਸਮਾਗਮ ਸੂਬਾ ਸਰਕਾਰ ਨਾਲ ਮਿਲ ਕੇ ਮਨਾਉਣ ਲਈ ਮੁੜ ਪੱਤਰ ਲਿਖਿਆ ਗਿਆ ਹੈ ਜਿਸ ਕਾਰਨ ਉਹ ਸੌੜੇ ਸਿਆਸੀ ਹਿੱਤਾਂ ਲਈ ਇਸ ਮਹਾਨ ਦਿਹਾੜੇ ਦਾ ਸਿਆਸੀਕਰਨ ਨਾ ਕਰੇ।

ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਵਾਰ-ਵਾਰ ਝੂਠ ਬੋਲ ਕੇ ਸੂਬਾ ਸਰਕਾਰ ਵਿਰੁੱਧ ਦੋਸ਼ ਲਾ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਨਾ ਕਰੇ ਕਿ ਕੇਂਦਰੀ ਮੰਤਰੀ ਨੂੰ ਕੁਝ ਅਤਾ-ਪਤਾ ਨਹੀਂ ਕਿਉਕਿ ਉਸ ਬਾਰੇ ਪਹਿਲਾਂ ਹੀ ਸਾਰੇ ਇਹ ਜਾਣਦੇ ਹਨ ਕਿ ਉਹ ਪੂਰੀ ਤਰਾਂ ਜਾਣਕਾਰੀ ਰਹਿਤ ਹੈ।

ਉਨਾਂ ਕਿਹਾ ਕਿ ਕੇਂਦਰੀ ਮੰਤਰੀ ਇਸ ਮਹਾਨ ਤੇ ਪਵਿੱਤਰ ਸਮਾਗਮਾਂ ਨੂੰ ਆਪਣੇ ਮਨਘੜਤ ਬਿਆਨਾਂ ਦੀ ਘਿਨਾਉਣੀ ਕਥਾ ਵਿੱਚ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਮਿਸਰਤ ਬਾਦਲ ਸ਼੍ਰੋਮਣੀ ਕਮੇਟੀ ਜਿਹੜੀ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਹੱਥਾਂ ਵਿੱਚ ਖੇਡ ਰਹੀ ਹੈ, ਨੂੰ ਰਾਜ ਪੱਧਰੀ ਸਮਾਗਮ ਲਈ ਸਹਿਯੋਗ ਦੇਣ ਲਈ ਪੁੱਛਣ ਦੀ ਬਜਾਏ ਸਰਕਾਰ ਅਤੇ ਇਸ ਧਾਰਮਿਕ ਸੰਸਥਾ ਵਿਚਾਲੇ ਪਾੜਾ ਵਧਾਉਣ ਲਈ ਆਪਣਾ ਪੂਰਾ ਟਿੱਲ ਲਾ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਨੂੰ ਉਸ ਦੇ ਵਿਵਾਦਪੂਰਨ ਤੇ ਭੜਕਾੳੂ ਬਿਆਨਾਂ ਲਈ ਰਗੜੇ ਲਾਉਦਿਆਂ ਕਿਹਾ ਕਿ ਅਕਾਲੀ ਆਗੂ ਦੀਆਂ ਪਿਛਲੀਆਂ ਕੁੱਝ ਦਿਨ ਦੀਆਂ ਟਿੱਪਣੀਆਂ ਨੇ ਉਸ ਦੀ ਪਾਰਟੀ ਦੀ ਹਲਕੀ ਮਾਨਸਿਕਤਾ ਅਤੇ ਵਿਘਨਕਾਰੀ ਰਾਜਨੀਤਕ ਏਜੰਡੇ ਦਾ ਪਰਦਾਫਾਸ਼ ਕੀਤਾ ਹੈ।

ਉਨਾਂ ਕਿਹਾ ਕਿ ਪਿਛਲੇ 10 ਸਾਲ ਅਕਾਲੀ ਆਗੂਆਂ ਨੇ ਪੰਜਾਬ ਦਾ ਸਮਾਜਿਕ ਤੇ ਆਰਥਿਕ ਢਾਂਚਾ ਬੁਰੀ ਤਰਾਂ ਤਬਾਹ ਕਰ ਦਿੱਤਾ ਹੈ ਅਤੇ ਹੁਣ ਗੈਰਸੰਵੇਦਨਸ਼ੀਲ ਤੇ ਵਿਵਾਦਪੂਰਨ ਬਿਆਨ ਦੇ ਕੇ ਫੇਰ ਸੂਬੇ ਨੂੰ ਕਾਲੇ ਦਿਨਾਂ ਵਿੱਚ ਧੱਕਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਬਾਦਲ ਗੱਲ ਤਾਂ ਏਕਤਾ ਤੇ ਸ਼ਾਂਤੀ ਦੀ ਕਰ ਰਹੀ ਹੈ ਪਰ ਉਸ ਦੀ ਮਨਸ਼ਾ ਉਸ ਦੀਆਂ ਟਿੱਪਣੀਆਂ ਕਾਰਨ ਬਿਲਕੁਲ ਵੱਖਰੀ ਲੱਗ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਥੋੜੇ ਸਮੇਂ ਦੇ ਲਾਭਾਂ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਜਸੀ ਸਾਧਨ ਬਣਾ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਸਾਰੇ ਵਿਰੋਧਾਭਾਸਾ ਤੋਂ ਉਪਰ ਉੱਠ ਕੇ ਸ਼ੋ੍ਰਮਣੀ ਕਮੇਟੀ ਸਮੇਤ ਸਾਰਿਆਂ ਨੂੰ ਅਪੀਲ ਕਰਦੀ ਹੈ ਕਿ ਇਹ ਇਤਿਹਾਸਕ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਭਾਵਨਾਵਾਂ ਨਾਲ ਮਨਾਈਏ ਕਿਉਕਿ ਇਹੋ ਜਿਹਾ ਦਿਹਾੜਾ ਜ਼ਿੰਦਗੀ ਵਿੱਚ ਇਕ ਵਾਰ ਹੀ ਆਉਦਾ ਹੈ।

ਉਨਾਂ ਕਿਹਾ ਕਿ ਇਹ ਅਕਾਲੀਆਂ ਦੇ ਹਿੱਤਾਂ ਨੂੰ ਪੂਰਾ ਨਹੀਂ ਕਰਦਾ ਜਿਹੜੇ ਇਸ ਮੁੱਦੇ ਉਤੇ ਨਿਰਾਸ਼ਾ ਤੇ ਨਿਖੇਧੀ ਫੈਲਾਉਣ ਉਤੇ ਤੁਲੇ ਹੋਏ ਹਨ।

ਗੁਰਦੁਆਰਾ ਸਾਹਿਬ ਅੰਦਰ ਅਤੇ ਕਮੇਟੀ ਅਧੀਨ ਥਾਵਾਂ ਵਿਖੇ ਹੋਣ ਵਾਲੇ ਸਮਾਗਮਾਂ ਲਈ ਸੂਬਾ ਸਰਕਾਰ ਵੱਲੋਂ ਸ਼ੋ੍ਰਮਣੀ ਕਮੇਟੀ ਨੂੰ ਪੂਰਾ ਸਹਿਯੋਗ ਦੇਣ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਾਰਉਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫੇਰ ਸ਼ੋ੍ਰਮਣੀ ਕਮੇਟੀ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਉਹ ਉਨਾਂ ਦੀ ਸਰਕਾਰ ਨਾਲ ਜੁੜ ਕੇ ਇਸ ਇਤਿਹਾਸਕ ਦਿਹਾੜੇ ਨੂੰ ਰਾਜਸੀ, ਸਮਾਜਿਕ ਤੇ ਧਾਰਮਿਕ ਵਿਚਾਰਾਂ ਤੋਂ ਉਪਰ ਉਠ ਕੇ ਸਰਬ ਸਾਂਝੀਵਾਲਤਾ, ਏਕੇ ਤੇ ਆਪਸੀ ਭਾਈਚਾਰੇ ਨਾਲ ਮਨਾਉਣ।

ਸ਼ੋ੍ਰਮਣੀ ਕਮੇਟੀ ਪ੍ਰਧਾਨ ਨੂੰ ਲਿਖੇ ਆਪਣੇ ਪੱਤਰ ਵਿੱਚ ਮੁੱਖ ਮੰਤਰੀ ਨੇ ਪਹਿਲੇ ਸਿੱਖ ਗੁਰੂ ਵੱਲੋਂ ਵਿਸ਼ਵ ਵਿਆਪੀ ਭਾਈਚਾਰਕ ਸਾਂਝ ਦੇ ਫਲਸਫੇ ਦੀ ਲੀਹ ’ਤੇ ਇਸ ਮਹਾਨ ਸਮਾਗਮ ਨੂੰ ਧੂਮ ਧਾਮ ਨਾਲ ਮਨਾਉਣ ਲਈ ਸ਼ੋ੍ਰਮਣੀ ਕਮੇਟੀ ਪ੍ਰਧਾਨ ਦੇ ਖੁੱਲੇ ਦਿਲ ਨਾਲ ਸਹਿਯੋਗ ਦੀ ਬੇਨਤੀ ਕੀਤੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪਹਿਲਾਂ ਲਿਖੇ ਪੱਤਰ ਦੀ ਲਗਾਤਾਰਤਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਭਾਈ ਲੌਂਗੋਵਾਲ ਨੂੰ ਜਾਣੰੂ ਕਰਵਾਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਆਦੇਸ਼ਾਂ ’ਤੇ ਸੂਬਾ ਸਰਕਾਰ ਨੇ ਸਾਂਝੀ ਯਾਦਗਾਰੀ ਕਮੇਟੀ ਲਈ ਸ਼ਾਮਲ ਕਰਨ ਲਈ ਆਪਣੇ ਦੋ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਾਮਜ਼ਦ ਕੀਤਾ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ, ‘‘ਮੈਂ ਪਹਿਲਾਂ ਹੀ ਤਿੰਨ ਮੰਤਰੀਆਂ ਨੂੰ ਗੱਲਬਾਤ ਲਈ ਅਧਿਕਾਰਤ ਕੀਤਾ ਸੀ ਜੋ ਤੁਹਾਨੂੰ ਇਸ ਪਵਿੱਤਰ ਦਿਹਾੜੇ ਲਈ ਇਕੱਠੇ ਹੋਣ ਲਈ ਮੇਰੇ ਵੱਲੋਂ ਨਿੱਜੀ ਤੌਰ ’ਤੇ ਤੁਹਾਡੀ ਰਿਹਾਇਸ਼ ’ਤੇ 29 ਜੂਨ 2019 ਨੂੰ ਮਿਲੇ ਸਨ। ਇਹ ਸਾਡੇ ਲਈ ਸਨਮਾਨ ਵਾਲੀ ਗੱਲ ਹੈ ਕਿ ਅਸੀਂ ਇਸ ਇਤਿਹਾਸਕ ਦਿਹਾੜੇ ਦੇ ਗਵਾਹ ਬਣਨ ਜਾ ਰਹੇ ਹਾਂ’’

ਇਸ ਯਾਦਗਾਰੀ ਦਿਹਾੜੇ ਮੌਕੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਬੁਨਿਆਦੀ ਢਾਂਚਾ ਸਥਾਪਤ ਕਰਨ ਦੇ ਚੁੱਕੇ ਜਾ ਰਹੇ ਕਦਮਾਂ ਬਾਰੇ ਚਾਨਣਾ ਪਾਉਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਿਸਥਾਰਤ ਪ੍ਰੋਗਰਾਮ ਪਹਿਲਾਂ ਹੀ ਤੈਅ ਕੀਤੇ ਜਾ ਚੁੱਕੇ ਹਨ ਜਿਨਾਂ ਵਿੱਚ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ 2019 ਨੂੰ ਹੋਣ ਵਾਲਾ ਮੁੱਖ ਸਮਾਗਮ ਵੀ ਸ਼ਾਮਲ ਹੈ।

Share News / Article

YP Headlines