ਹਰਸਿਮਰਤ ਬਾਦਲ 550ਵੇਂ ਪ੍ਰਕਾਸ਼ ਪੁਰਬ, ਧਾਰਮਿਕ ਸਥਾਨਾਂ ਦੇ ਨਾਂਅ ’ਤੇ ਰਾਜਸੀ ਰੋਟੀਆਂ ਸੇਕ ਰਹੀ: ਸੁਖਜਿੰਦਰ ਰੰਧਾਵਾ

ਚੰਡੀਗੜ, 6 ਅਕਤੂਬਰ, 2019:
ਸੀਨੀਅਰ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਤੇ ਧਾਰਮਿਕ ਸਮਾਗਮਾਂ ਦਾ ਸਿਆਸੀਕਰਨ ਅਤੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਉਤੇ ਰਾਜਸੀ ਰੋਟੀਆਂ ਸੇਕਣ ਦਾ ਦੋਸ਼ ਲਾਉਦਿਆਂ ਕਿਹਾ ਕਿ ਉਹ ਧਰਮ ਦੀ ਆੜ ਵਿੱਚ ਰਾਜਨੀਤੀ ਕਰਨ ਦੀ ਬਾਦਲ ਪਰਿਵਾਰ ਦੀ ਪੁਰਾਣੀ ਫਿਤਰਤ ਨੂੰ ਅੱਗੇ ਤੋਰ ਰਹੀ ਹੈ।

ਸ. ਰੰਧਾਵਾ ਨੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਦੇਖਣ ਦੇ ਬਹਾਨੇ ਸਿਆਸਤ ਕਰਨ ਆਈ ਹਰਸਿਮਰਤ ਬਾਦਲ ਦੇ ਉਸ ਬਿਆਨ ਦੀ ਕਰੜੀ ਆਲੋਚਨਾ ਕੀਤੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਸੂਬਾ ਸਰਕਾਰ ਵੱਲੋਂ ਕੋਈ ਵਿਕਾਸ ਕੰਮ ਨਹੀਂ ਕਰਵਾਇਆ ਜਾ ਰਿਹਾ ਹੈ। ਸ. ਰੰਧਾਵਾ ਨੇ ਹਰਸਿਮਰਤ ਬਾਦਲ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਡੇਰਾ ਬਾਬਾ ਨਾਨਕ ਹਲਕੇ ਲਈ 117 ਕਰੋੜ ਰੁਪਏ ਦੇ ਵਿਕਾਸ ਕੰਮ ਕਰ ਰਹੀ ਹੈ।

ਉਨਾਂ ਕਿਹਾ ਕਿ ਕੇਂਦਰੀ ਮੰਤਰੀ ਇਹ ਦੱਸੇ ਕਿ ਜਦੋਂ ਸੂਬੇ ਵਿੱਚ ਉਸ ਦਾ ਸਹੁਰਾ ਮੁੱਖ ਮੰਤਰੀ ਸੀ, ਪਤੀ ਉਪ ਮੁੱਖ ਮੰਤਰੀ ਸੀ ਤੇ ਭਰਾ ਕੈਬਨਿਟ ਮੰਤਰੀ ਸੀ ਤਾਂ ਇਸ ਹਲਕੇ ਲਈ ਖਰਚ ਕੀਤਾ ਇਕ ਵੀ ਪੈਸੇ ਗਿਣਾਵੇ। ਇਥੋਂ ਤੱਕ ਕਿ ਉਹ ਖੁਦ ਛੇ ਸਾਲਾਂ ਤੋਂ ਕੇਂਦਰੀ ਮੰਤਰੀ ਹੈ ਜਿਸ ਨੇ ਕਦੇ ਵੀ ਪੰਜਾਬ ਵਾਂਗ ਇਸ ਹਲਕੇ ਦੀ ਸਾਰ ਨਹੀਂ ਲਈ।

ਉਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਤਾਂ ਕਦੇ ਇਸ ਹਲਕੇ ਦਾ ਗੇੜਾ ਵੀ ਨਹੀਂ ਲਗਾਇਆ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਡੇਰਾ ਬਾਬਾ ਨਾਨਕ ਵਿਖੇ ਕੈਬਨਿਟ ਮੀਟਿੰਗ ਬੁਲਾ ਕੇ ਆਪਣੀ ਪ੍ਰਤੀਬੱਧਤਾ ਦਾ ਪ੍ਰਮਾਣ ਦਿੱਤਾ।

ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਬਾਦਲਾਂ ਨੇ ਤਾਂ ਕਦੇ ਡੇਰਾ ਬਾਬਾ ਨਾਨਕ ਆ ਕੇ ਇਤਿਹਾਸਕ ਸਥਾਨ ਉਤੇ ਮੱਥਾ ਵੀ ਨਹੀਂ ਟੇਕਿਆ ਅਤੇ ਨਾ ਹੀ ਕਰਤਾਰਪੁਰ ਲਾਂਘਾ ਖੋਲਣ ਦੀ ਮੰਗ ਕੀਤੀ।

ਇਥੋਂ ਤੱਕ ਕਿ ਲਾਂਘਾ ਖੁੱਲਵਾਉਣ ਲਈ ਲਗਾਤਾਰ ਯਤਨਸ਼ੀਲ ਰਹੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਬਾਦਲਾਂ ਨੇ ਉਸ ਵੇਲੇ ਕਮਰੇ ਵਿੱਚ ਬੰਦ ਕਰਵਾ ਦਿੱਤਾ ਸੀ ਜਦੋਂ ਉਹ ਤੱਤਕਾਲੀ ਰਾਸ਼ਟਰਪਤੀ ਨੂੰ ਮਿਲਣ ਲਈ ਆਏ ਸਨ। ਹੁਣ ਸੂਬਾ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘੇ ਵੱਲ ਜਾਂਦੀ ਸੜਕ ਦਾ ਨਾਮ ਵੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਨਾਮ ਉਤੇ ਰੱਖਿਆ ਜਾ ਰਿਹਾ ਹੈ।

ਸ. ਰੰਧਾਵਾ ਨੇ ਡੇਰਾ ਬਾਬਾ ਨਾਨਕ ਹਲਕੇ ਦੇ ਸਰਵਪੱਖੀ ਵਿਕਾਸ ਲਈ ਉਲੀਕੇ ਪ੍ਰਾਜੈਕਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਬਣਾ ਕੇ ਸੂਬਾ ਸਰਕਾਰ ਇਸ ਹਲਕੇ ਦੀ ਕਾਇਆ ਕਲਪ ਕਰ ਰਹੀ ਹੈ।

ਉਨਾਂ ਕਿਹਾ ਕਿ ਸ਼ਹਿਰ ਦਾ ਸੰੁਦਰੀਕਰਨ, ਸੀਚੇਵਾਲ ਮਾਡਲ ’ਤੇ ਸੀਵਰੇਜ ਸਿਸਟਮ ਦਾ ਸੁਧਾਰ, ਹਸਪਤਾਲ ਦਾ ਨਵੀਨੀਕਰਨ, ਸੜਕੀ ਢਾਂਚੇ ਨੂੰ ਚੌੜਾ ਤੇ ਮਜ਼ਬੂਤ ਕਰਨਾ, ਸ਼ਹਿਰ ਨੂੰ ਵਿਰਾਸਤੀ ਦਿੱਖ, ਪਾਰਕਾਂ ਵਿੱਚ ਐਲ.ਈ.ਡੀ. ਲਾਈਟਾਂ, ਸੋਲਰ ਸਟਰੀਟ ਲਾਈਟਾਂ, ਹਵੇਲੀ, ਬਿਜਲੀ ਦੇ ਖੰਭਿਆਂ ਦੀਂ ਨਵੀਂ ਦਿੱਖ, ਨੇੜਲੇ ਪਿੰਡਾਂ ਦੇ ਵਿਕਾਸ ਆਦਿ ਨਾਲ ਹਲਕੇ ਦੀ ਨੁਹਾਰ ਬਦਲੀ ਜਾ ਰਹੀ ਹੈ।

ਉਨਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਹਲਕੇ ਦੇ ਇਕ ਹੋਰ ਇਤਿਹਾਸਕ ਕਸਬੇ ਕਲਾਨੌਰ ਨੂੰ ਸੈਰ ਸਪਾਟਾ ਸਰਕਟ ਅਧੀਨ ਲਿਆਂਦਾ ਗਿਆ ਹੈ ਅਤੇ ਉਥੇ ਡਿਗਰੀ ਕਾਲਜ ਤੇ ਗੰਨਾ ਖੋਜ ਕੇਂਦਰ ਵੀ ਸਥਾਪਤ ਕੀਤਾ ਜਾ ਰਿਹਾ ਹੈ।

ਸ. ਰੰਧਾਵਾ ਨੇ ਕਿਹਾ ਕਿ ਅਕਾਲੀ-ਭਾਜਪਾ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਡੇਰਾ ਬਾਬਾ ਨਾਨਕ ਹਲਕਾ ਵਿਕਾਸ ਨੂੰ ਤਰਸਦਾ ਰਿਹਾ, ਉਦੋਂ ਤਾਂ ਹਰਸਿਮਰਤ ਬਾਦਲ ਨੂੰ ਇਹ ਹਲਕਾ ਯਾਦ ਨਹੀਂ ਆਇਆ। ਅੱਜ ਜਦੋਂ ਕਰੋੜਾਂ ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸ ਨਾਲ ਲਾਂਘਾ ਖੁੱਲਣ ਜਾ ਰਿਹਾ ਹੈ ਅਤੇ ਡੇਰਾ ਬਾਬਾ ਨਾਨਕ ਹਲਕੇ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ ਤਾਂ ਹੁਣ ਉਹ ਸਿਆਸੀ ਰੋਟੀਆਂ ਸੇਕਣ ਲਈ ਮੱਗਰਮੱਛ ਦੇ ਹੰਝੂ ਵਹਾ ਰਹੀ ਹੈ।

ਉਨਾਂ ਕੇਂਦਰੀ ਮੰਤਰੀ ਨੂੰ ਸਲਾਹ ਦਿੱਤੀ ਕਿ ਅੱਗੇ ਤੋਂ ਜੇਕਰ ਇੱਥੇ ਆਉਣਾ ਹੋਵੇ ਤਾਂ ਉਹ ਨਿਮਾਣੀ ਸਿੱਖ ਵਜੋਂ ਆਵੇ ਅਤੇ ਗੁਰੂ ਘਰ ਵਿੱਚ ਆਪਣੀ ਅਕੀਦਤ ਭੇਂਟ ਕਰੇ ਨਾ ਕਿ ਸਿਆਸਤ ਕਰਨ ਆਵੇ।

ਸ. ਰੰਧਾਵਾ ਨੇ ਅੱਗੇ ਕਿਹਾ ਕਿ ਬਾਦਲ ਦਲ ਆਪਣੀ ਗੁਆਚੀ ਹੋਈ ਰਾਜਸੀ ਸ਼ਾਨ ਨੂੰ ਬਹਾਲ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਿਹਾ ਹੈ ਜਿਸ ਲਈ ਉਹ ਸ਼ੋ੍ਰਮਣੀ ਕਮੇਟੀ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਖਾਤਰ ਵਰਤ ਰਿਹਾ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸਿਆਸੀਕਰਨ ਕਰਨ ਵਿੱਚ ਲੱਗਿਆ ਹੋਇਆ ਹੈ।

ਉਨਾਂ ਕਿਹਾ ਕਿ ਅਕਾਲੀ ਦਲ ਦੀ ਲਗਾਤਾਰ ਕੋਸ਼ਿਸ਼ ਹੈ ਕਿ ਉਹ ਆਪਣਾ ਰਾਜਸੀ ਉੱਲੂ ਸਿੱਧਾ ਕਰਨ ਲਈ ਪ੍ਰਕਾਸ਼ ਪੁਰਬ ਸਮਾਗਮਾਂ ਉਤੇ ਸਿਆਸਤ ਕਰ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ ਨੂੰ ਨਿਮਰਤਾ ਨਾਲ ਮੰਨਦਿਆਂ ਸੂਬਾ ਸਰਕਾਰ ਪੂਰਾ ਸਹਿਯੋਗ ਦੇ ਰਹੀ ਹੈ ਜਦੋਂ ਕਿ ਬਾਦਲ ਦਲ ਸ਼੍ਰੋਮਣੀ ਕਮੇਟੀ ਦੀ ਆੜ ਵਿੱਚ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ।

Share News / Article

Yes Punjab - TOP STORIES