ਹਰਸਿਮਰਤ ਬਾਦਲ ਵੱਲੋਂ ਰੇਲ ਮੰਤਰੀ ਨੂੰ ਬਿਦਰ ਅਤੇ ਨਾਂਦੇੜ ਵਿਚਾਲੇ ਰੇਲ ਲਿੰਕ ਸ਼ੁਰੂ ਕਰਨ ਦੀ ਗੁਜ਼ਾਰਿਸ਼

ਚੰਡੀਗੜ੍ਹ, 04 ਸਤੰਬਰ, 2019:

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਰੇਲ ਮੰਤਰਾਲੇ ਨੂੰ ਬੀਦਰ ਅਤੇ ਨਾਂਦੇੜ ਵਿਚਕਾਰ ਰੇਲ ਲਿੰਕ ਸ਼ੁਰੂ ਕਰਨ ਦੀ ਬੇਨਤੀ ਕਰਦਿਆਂ ਕਿਹਾ ਹੈ ਕਿ ਇਹ ਰੇਲ ਲਿੰਕ ਨਾ ਸਿਰਫ ਸ੍ਰੀ ਗੁਰੁ ਨਾਨਕ ਦੇਵ ਜੀ ਦਾ 550ਵਾਂ ਪਰਕਾਸ਼ ਪੁਰਬ ਮਨਾ ਰਹੇ ਸਿੱਖ ਭਾਈਚਾਰੇ ਲਈ ਇੱਕ ਤੋਹਫਾ ਹੋਵੇਗਾ, ਸਗੋਂ ਗੁਰੂ ਸਾਹਿਬ ਦੇ ਜਨਮ ਸ਼ਤਾਬਦੀ ਸਮਾਗਮਾਂ ਨੂੰ ਰਾਸ਼ਟਰੀ ਪੱਧਰ ਉੱਤੇ ਮਨਾਉਣ ਸੰਬੰਧੀ ਐਨਡੀਏ ਸਰਕਾਰ ਦੀ ਪ੍ਰਤੀਬੱਧਤਾ ਨੂੰ ਵੀ ਉਜਾਗਰ ਕਰੇਗਾ।

ਇਸ ਸੰਬੰਧੀ ਕੇਂਦਰੀ ਰੇਲ ਮੰਤਰੀ ਸ੍ਰੀ ਪਿਯੂਸ਼ ਗੋਇਲ ਨੂੰ ਲਿਖੀ ਇੱਕ ਚਿੱਠੀ ਵਿਚ ਬੀਬਾ ਬਾਦਲ ਨੇ ਕਿਹਾ ਹੈ ਕਿ ਨਾਂਦੇੜ-ਜੰਮੂ ਹਮਸਫ਼ਰ ਐਕਸਪ੍ਰੈਸ ਦੇ ਉਦਘਾਟਨ ਲਈ ਉਹਨਾਂ ਵੱਲੋਂ ਹਾਲ ਹੀ ਵਿਚ ਕੀਤੇ ਨਾਂਦੇੜ ਦੇ ਦੌਰੇ ਦੌਰਾਨ ਲੋਕਾਂ ਨੇ ਦੱਸਿਆ ਕਿ ਨਾਂਦੇੜ ਅਤ ਬਿਦਰ ਨੂੰ ਜੋੜਣ ਵਾਲਾ ਸਿੱਧਾ ਕੋਈ ਰੇਲ ਲਿੰਕ ਨਹੀਂ ਹੈ।

ਉਹਨਾਂ ਕਿਹਾ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਨਾਂਦੇੜ ਵਿਚ ਤਖ਼ਤ ਹਜ਼ੂਰ ਸਾਹਿਬ ਇੱਕ ਇਤਿਹਾਸਕ ਥਾਂ ਹੈ, ਜਿੱਥੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਸੌਂਪੀ ਸੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਬਿਦਰ ਵਿਚ ਸਥਿਤ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਵੀ ਇੱਕ ਇਤਿਹਾਸਕ ਥਾਂ ਹੈ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ।

ਹਰਸਿਮਰਤ ਬਾਦਲ ਨੇ ਅੱਗੇ ਦੱਸਿਆ ਕਿ ਸ੍ਰੀ ਨਾਨਕ ਝੀਰਾ ਸਾਹਿਬ, ਬੀਦਰ ਦੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਬੀਦਰ ਵਿਚ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਇੰਜਨੀਅਰ ਕਾਲਜ ਵੀ ਸਥਾਪਤ ਕੀਤਾ ਹੋਇਆ ਹੈ।

ਰੇਲ ਮੰਤਰੀ ਨੂੰ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਹਨਾਂ ਦੋਵੇਂ ਇਤਿਹਾਸਕ ਥਾਂਵਾਂ ਉੱਤੇ ਸੜਕੀ ਮਾਰਗ ਰਾਹੀਂ ਰੋਜ਼ਾਨਾ ਤਿੰਨ ਹਜ਼ਾਰ ਤੋਂ ਵੱਧ ਸ਼ਰਧਾਲੂ ਨਾਂਦੇੜ ਅਤੇ ਬੀਦਰ ਵਿਚਕਾਰ ਯਾਤਰਾ ਕਰਦੇ ਹਨ।

ਇੱਥੇ ਕੋਈ ਰੇਲ ਲਿੰਕ ਨਾ ਹੋਣਾ ਇਹਨਾਂ ਸ਼ਰਧਾਲੂਆਂ ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਲਈ ਇਹਨਾਂ ਸਥਾਨਾਂ ਦੀ ਯਾਤਰਾ ਕਰਨ ਦੇ ਰਾਹ ਵਿਚ ਅੜਿੱਕਾ ਬਣਦਾ ਹੈ। ਉਹਨਾਂ ਕਿਹਾ ਕਿ ਆਸ ਪਾਸ ਦੇ ਵਿਦਿਆਰਥੀ ਵੀ ਬੀਦਰ ਦੇ ਇੰਜਨੀਅਰ ਕਾਲਜ ਵਿਚ ਪੜ੍ਹਣ ਵਾਸਤੇ ਇਸ ਰੇਲ ਲਿੰਕ ਦਾ ਲਾਭ ਉਠਾ ਸਕਦੇ ਹਨ।

ਹਰਸਿਮਰਤ ਬਾਦਲ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਵੀ ਸਾਬਕਾ ਰੇਲ ਮੰਤਰੀ ਨੂੰ ਨਾਂਦੇੜ ਅਤੇ ਬੀਦਰ ਵਿਚਕਾਰ ਰੇਲ ਲਿੰਕ ਨੂੰ ਸ਼ੁਰੂ ਕਰਨ ਵਾਸਤੇ ਚਿੱਠੀ ਲਿਖੀ ਸੀ। ਉਹਨਾਂ ਕਿਹਾ ਕਿ ਮੈਨੂੰ ਜਾਣਕਾਰੀ ਮਿਲੀ ਹੈ ਕਿ ਰੇਲ ਮੰਤਰਾਲੇ ਨੇ ਇਸ ਬਾਰੇ ਸਰਵੇ ਮੁਕੰਮਲ ਕਰ ਲਿਆ ਹੈ ਅਤੇ ਬੀਦਰ ਦੇ ਸਾਂਸਦ ਵੱਲੋਂ ਇਸ ਦੀਆਂ ਪ੍ਰਾਜੈਕਟ ਰਿਪੋਰਟਾਂ ਰੇਲ ਮੰਤਰਾਲੇ ਕੋਲ ਜਮ੍ਹਾਂ ਕਰਵਾ ਦਿੱਤੀਆਂ ਗਈਆਂ ਹਨ।

ਉੁਹਨਾਂ ਕਿਹਾ ਕਿ ਇਹ ਰੇਲ ਲਿੰਕ ਸ਼ਰਧਾਲੂਆਂ ਨੂੰ ਬੀਦਰ ਤੋਂ ਨਾਂਦੇੜ ਅਤੇ ਫਿਰ ਨਾਂਦੇੜ-ਜੰਮੂ ਹਮਸਫ਼ਰ ਐਕਸਪ੍ਰੈਸ ਰਾਹੀਂ ਅੰਮ੍ਰਿਤਸਰ ਜਾਣ ਵਾਸਤੇ ਫਾਇਦੇਮੰਦ ਹੋਵੇਗਾ, ਜਿਸ ਨਾਲ ਸ਼ਰਧਾਲੂ ਇਹਨਾਂ ਸਾਰੀਆਂ ਥਾਂਵਾਂ ਉੱਤੇ ਮੱਥਾ ਟੇਕ ਸਕਣਗੇ।

ਕੇਂਦਰੀ ਮੰਤਰੀ ਨੇ ਰੇਲ ਮੰਤਰੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸ ਮਸਲੇ ਨੂੰ ਲੋੜੀਂਦੀ ਤਵੱਜੋ ਦਿੱਤੀ ਜਾਵੇ ਅਤੇ ਜਲਦੀ ਤੋਂ ਜਲਦੀ ਬੀਦਰ ਅਤੇ ਨਾਂਦੇੜ ਵਿਚਕਾਰ ਰੇਲ ਲਿੰਕ ਸ਼ੁਰੂ ਕੀਤਾ ਜਾਵੇ।

Share News / Article

YP Headlines