ਹਰਸਿਮਰਤ ਬਾਦਲ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਲਈ ਕੈਪਟਨ ਮੁਆਫ਼ੀ ਮੰਗਣ: ਡਾ:ਚੀਮਾ

ਚੰਡੀਗੜ੍ਹ,11 ਸਤੰਬਰ, 2019 –

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਬਾਰੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਉੱਤੇ ਸਖ਼ਤ ਇਤਰਾਜ਼ ਜਤਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਅਮਰਿੰਦਰ ਕੋਲ ਸਾਰੇ ਗਿਆਨ ਦਾ ਭੰਡਾਰ ਨਹੀਂ ਹੈ ਕਿ ਉਹ ਕੇਂਦਰੀ ਮੰਤਰੀ ਸਮੇਤ ਸਾਰਿਆਂ ਨੂੰ ਸਿਆਣਪ ਦੇ ਸਰਟੀਫਿਕੇਟ ਵੰਡਣ ਨਿਕਲ ਪਿਆ ਹੈ।

ਇੱਥੇ ਪਾਰਟੀ ਦੇ ਮੁੱਖ ਦਫਤਰ ਤੋਂ ਇੱਕ ਸਖ਼ਤ ਬਿਆਨ ਜਾਰੀ ਕਰਦਿਆਂ ਡਾਕਟਰ ਚੀਮਾ ਨੇ ਇੱਕ ਮਹਿਲਾ ਕੇਂਦਰੀ ਮੰਤਰੀ ਖ਼ਿਲਾਫ ਅਸੰਜਮੀ ਅਤੇ ਗਾਲੀ-ਗਲੋਚ ਵਾਲੀ ਭਾਸ਼ਾ ਵਰਤਣ ਲਈ ਅਮਰਿੰਦਰ ਸਿੰਘ ਨੂੰ ਫਟਕਾਰਿਆ ਅਤੇ ਨਾਲ ਹੀ ਅਪੀਲ ਕੀਤੀ ਕਿ ਉਹ ਆਪਣੀਆਂ ਮਾੜੀਆਂ ਟਿੱਪਣੀਆਂ ਲਈ ਤੁਰੰਤ ਮੁਆਫੀ ਮੰਗੇ।

ਡਾਕਟਰ ਚੀਮਾ ਨੇ ਕਿਹਾ ਕਿ ਅਜਿਹੀ ਅਸੰਜਮੀ ਭਾਸ਼ਾ ਵਰਤ ਕੇ ਅਮਰਿੰਦਰ ਸਿੰਘ ਨੇ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ। ਇਸ ਤੋਂ ਉਸ ਦੀ ਜਗੀਰੂ ਮਾਨਸਿਕਤਾ ਦੀ ਝਲਕ ਪੈਂਦੀ ਹੈ, ਜਿਹੜੀ ਔਰਤਾਂ ਨੂੰ ਮਰਦ ਮੁਕਾਬਲੇ ਹਮੇਸ਼ਾਂ ਦੂਜੇ ਸਥਾਨ ਉੱਤੇ ਰੱਖਦੀ ਹੈ।

ਅਮਰਿੰਦਰ ਸਿੰਘ ਵੱਲੋਂ ਕੀਤੀ ਬਿਆਨਬਾਜ਼ੀ ਕਿ ਉਹ ਸ਼ਤਾਬਦੀ ਸਮਾਗਮਾਂ ਦਾ ਸਿਆਸੀਕਰਨ ਨਹੀਂ ਕਰ ਰਿਹਾ ਹੈ, ਉੱਤੇ ਟਿੱਪਣੀ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇੱਕ ਆਮ ਸ਼ਰਧਾਵਾਨ ਸਿੱਖ ਵੀ ਇਹ ਗੱਲ ਸਮਝ ਸਕਦਾ ਹੈ ਕਿ ਕਾਂਗਰਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਵਿਚੋਂ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਡਾਕਟਰ ਚੀਮਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਸਮਾਗਮ ਲਈ ਸਿਰਫ ਇੱਕ ਸਟੇਜ ਹੋਣੀ ਚਾਹੀਦੀ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ,ਜਥੇਬੰਦੀਆਂ ਅਤੇ ਸਰਕਾਰ ਨੂੰ ਏਕਤਾ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਲਈ ਇਸ ਵਿਚ ਭਾਗ ਲੈਣਾ ਚਾਹੀਦਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਅਜਿਹੇ ਸਮਾਜਿਕ ਅਤੇ ਧਾਰਮਿਕ ਅਹਿਮੀਅਤ ਵਾਲੇ ਸਮਾਗਮ ਵਿਚ ਸਰਕਾਰ ਦੀ ਅਹਿਮ ਭੂਮਿਕਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਨੇ ਇਸ ਪਾਸੇ ਬਹੁਤ ਘੱਟ ਕੰਮ ਕੀਤਾ ਹੈ ਅਤੇ ਸਮਾਗਮਾਂ ਲਈ ਕੇਂਦਰ ਤੋਂ ਆਏ ਫੰਡਾਂ ਨੂੰ ਜਾਰੀ ਕਰਨ ਤੋਂ ਇਲਾਵਾ ਆਪਣੇ ਖਜ਼ਾਨੇ ਵਿਚੋਂ ਇੱਕ ਧੇਲਾ ਵੀ ਨਹੀਂ ਦਿੱਤਾ ਹੈ।

ਉਹਨਾਂ ਅੱਗੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਸ ਤੋਂ ਪਹਿਲਾਂ ਵੀ 1991 ਵਿਚ ਖਾਲਸਾ ਸਿਰਜਣਾ ਦੇ 300 ਸਾਲਾ ਸਮਾਗਮ ਸਮੇਤ ਅਜਿਹੇ ਵੱਡੇ ਸਮਾਗਮ ਪੂਰੀ ਸਫ਼ਲਤਾ ਸਹਿਤ ਕਰਵਾਏ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੁੱਝ ਹੀ ਸਮਾਂ ਪਹਿਲਾਂ ਜਥੇਦਾਰ ਪਟਨਾ ਸਾਹਿਬ ਦੀ ਅਗਵਾਈ ਵਿਚ ਵੱਡਾ ਸ਼ਤਾਬਦੀ ਸਮਾਗਮ ਕਰਵਾਇਆ ਸੀ, ਜਿਸ ਵਿਚ ਸੂਬਾ ਸਰਕਾਰ ਨੇ ਇਤਿਹਾਸਕ ਭੂਮਿਕਾ ਨਿਭਾਈ ਸੀ।

ਡਾਕਟਰ ਚੀਮਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅਮਰਿੰਦਰ ਵੱਲੋਂ ਸਭ ਕੁੱਝ ਉਲਟਾ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਉਹ ਅਜੇ ਵੀ ਇਹ ਢਕਵੰਜ ਕਰ ਰਿਹਾ ਹੈ ਕਿ ਕਾਂਗਰਸ ਸਰਕਾਰ ਇਸ ਧਾਰਮਿਕ ਸਮਾਗਮ ਦਾ ਸਿਆਸੀਕਰਨ ਨਹੀਂ ਕਰ ਰਹੀ ਹੈ।

Share News / Article

Yes Punjab - TOP STORIES